ਭਾਰਤ ਯਾਤਰਾ ਤੇ ਨਿਕਲਿਆ ਯੂਪੀ ਦਾ ਨੌਜਵਾਨ ਪੈਦਲ 22 ਰਾਜ ਘੁੰਮ ਕੇ ਕਰ ਚੁੱਕਿਆ 22 ਹਜਾਰ ਕਿਲੋਮੀਟਰ ਯਾਤਰਾ
ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਅਤੇ ਚੋਰੀਆਂ ਦੀ ਆਦਤ ਨੂੰ ਵੇਖ ਕੇ ਹੋਇਆ ਦੁਖੀ
ਰੋਹਿਤ ਗੁਪਤਾ
ਗੁਰਦਾਸਪੁਰ 7 ਅਗਸਤ 2024- ਕਹਿੰਦੇ ਹਨ ਮਨ ਦੇ ਵਿੱਚ ਹਿੰਮਤ ਹੋਵੇ ਤਾਂ ਪਰਮਾਤਮਾ ਵੀ ਸਾਥ ਦਿੰਦਾ ਹੈ।ਯੂਪੀ ਦਾ ਰਹਿਣ ਵਾਲਾ ਨੌਜਵਾਨ ਜੋ ਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ 22 ਰਾਜਾਂ ਦੇ ਵਿੱਚ ਹੋ ਕੇ 22 ਹਜਾਰ ਕਿਲੋਮੀਟਰ ਦੀ ਯਾਤਰਾ ਤੈ ਕਰਨ ਤੋਂ ਬਾਅਦ ਅੱਜ ਗੁਰਦਾਸਪੁਰ ਪਹੁੰਚਿਆ ਹੈ।
ਗੱਲਬਾਤ ਦੇ ਦੌਰਾਨ ਸਨੋਜ ਨਾਮ ਦੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਭਾਰਤ ਦੀ ਪੈਦਲ ਯਾਤਰਾ ਕਰੇ ਅਤੇ ਉਸਨੇ ਇਸ ਦੀ ਸ਼ੁਰੂਆਤ ਅਰੁਣਾਚਲ ਪ੍ਰਦੇਸ਼ ਤੋਂ ਕੀਤੀ। ਯਾਤਰਾ ਸ਼ੁਰੂ ਕੀਤੀ ਤਾਂ ਨੇਪਾਲ ਤੋਂ ਕੀਤੀ ਸੀ ਪਰ ਰਸਤੇ ਦੇ ਵਿੱਚ ਕਈ ਮੁਸ਼ਕਿਲਾਂ ਆਈਆਂ।ਇਕਦਮ ਮੌਸਮ ਚੇਂਜ ਹੋਣ ਕਾਰਨ ਇੱਕ-ਇੱਕ ਹਫਤੇ ਤੱਕ ਬੁਖਾਰ ਨਹੀਂ ਉਤਰਿਆ ਪਰ ਫਿਰ ਵੀ ਉਸਨੇ ਇਹ ਹਿੰਮਤ ਨਹੀਂ ਹਾਰੀ ਅਤੇ ਹੁਣ ਪੰਜਾਬ ਰਾਹੀਂ ਜੰਮੂ ਕਸ਼ਮੀਰ ਹੋ ਕੇ ਮੁੜ ਯੂਪੀ ਪਹੁੰਚੇਗਾ ਤੇ ਆਪਣੀ ਯਾਤਰਾ ਖਤਮ ਕਰੇਗਾ ।ਉਸਦੀ ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੇ ਹਰ ਰਾਜ ਦੀ ਸੰਸਕ੍ਰਿਤੀ ਅਤੇ ਲੋਕਾਂ ਨੂੰ ਨਜ਼ਦੀਕ ਤੋਂ ਵੇਖਣਾ , ਸਮਝਨਾ ਅਤੇ ਇੰਡੀਅਨ ਕਲਚਰ ਦੇ ਉੱਪਰ ਕਿਤਾਬ ਲਿਖਣਾ ਹੈ ।
ਸਨੋਜ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਜਿਆਦਾ ਦੁੱਖ ਉਸ ਵੇਲੇ ਹੋਇਆ ਜਦੋਂ ਕਸਬਾ ਧਾਰੀਵਾਲ ਤੋਂ ਗੁਰਦਾਸਪੁਰ ਦੇ ਲਈ ਨਿਕਲਿਆ ਤਾਂ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਨੇ ਉਸ ਦੇ ਬੈਗ ਦੇ ਪਿੱਛੇ ਲੱਗੇ ਹੋਏ ਭਾਰਤ ਦੇ ਝੰਡੇ ਨੂੰ ਵੇਖ ਕੇ ਹਿੰਦੁਸਤਾਨ ਵਿਰੋਧੀ ਨਾਰੇ ਲਗਾਣੇ ਸ਼ੁਰੂ ਕਰ ਦਿੱਤੇ। ਉਸਨੇ ਕਿਹਾ ਕਿ ਪੂਰੇ ਬਾਈ ਰਾਜਾਂ ਦੇ ਵਿੱਚੋਂ ਘੁੰਮ ਕੇ ਆ ਚੁੱਕਿਆ ਹੈ ਪਰ ਕਿਤੇ ਵੀ ਕਿਸੇ ਨੌਜਵਾਨ ਨੇ ਅਜਿਹਾ ਨਹੀਂ ਕੀਤਾ।ਉਸਨੂੰ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਮਿਲੇ ਜਿਸ ਨੇ ਉਹਨਾਂ ਦਾ ਬਹੁਤ ਮਾਨ ਸਤਿਕਾਰ ਕੀਤਾ ਉਹ ਗੁਰਦੁਆਰੇ ਮੰਦਿਰ ਮਸਜਿਦ ਹਰ ਜਗ੍ਹਾ ਦੇ ਵਿੱਚ ਰੁਕਿਆ ਪਰ ਕਿਸੇ ਨੇ ਵੀ ਉਸ ਨੂੰ ਬੁਰਾ ਭਲਾ ਨਹੀਂ ਕਿਹਾ ਪਰ ਉਹ ਹੈਰਾਨ ਸੀ ਕਿ ਆਖਿਰ ਹਿੰਦੁਸਤਾਨ ਦੇ ਵਿੱਚ ਹੀ ਰਹਿੰਦੇ ਹੋਏ ਕੋਈ ਆਪਣੇ ਦੇਸ਼ ਬਾਰੇ ਅਜਿਹੀ ਗੱਲ ਕਿਉਂ ਆਖ ਸਕਦਾ ਹੈ।
ਇਸ ਦੇ ਨਾਲ ਹੀ ਸਨੋਜ ਨੇ ਪੰਜਾਬ ਵਿੱਚ ਨੌਜਵਾਨਾਂ ਵਿੱਚ ਨਸ਼ੇ ਦੇ ਪ੍ਰਚਲਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਤੋਂ ਵੀ ਗੁਰੇਜ਼ ਨਾ ਕਰਨ ਬਾਰੇ ਵੀ ਆਪਣੀ ਚਿੰਤਾ ਪ੍ਰਗਟਾਈ। ਉਸਨੇ ਕਿਹਾ ਕਿ ਪੰਜਾਬ ਵਿੱਚ ਉਸਨੇ ਨੌਜਵਾਨੋ ਨੂੰ ਆਪਣੀ ਅੱਖੀ ਨਸ਼ੇ ਦੇ ਇੰਜੈਕਸ਼ਨ ਲਗਾਉਂਦੇ ਵੇਖਿਆ ਹੈ ਅਤੇ ਉਸਦੇ ਸਾਹਮਣੇ ਹੀ ਚੋਰੀ ਦੀਆਂ ਵੀ ਕਈ ਵਾਰਦਾਤਾਂ ਹੋਈਆਂ । ਇਹ ਨੌਜਵਾਨਾਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਬੇਹਦ ਮਾੜਾ ਹੈ।