ਹਰ ਪੈਰ ਸਲੀਬਾਂ ਤੇ ਹਰ ਮੋੜ ਹਨੇਰਾ ਫਿਰ ਵੀ ਰੁਕੇ ਨਾ ਦੇਖ ਸਾਡਾ ਜੇਰਾ
ਅਸ਼ੋਕ ਵਰਮਾ
ਬਠਿੰਡਾ, 7 ਅਗਸਤ 2024: ਅੰਗਹੀਣਤਾ ਅਤੇ ਪਿਛਾਂਹ ਖਿੱਚੂ ਸੋਚ ਨੂੰ ਤਿਆਗ ਕੇ ਬੁਲੰਦ ਹੌਂਸਲੇ ਦੀ ਮਿਸਾਲ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਇੱਕ ਨੌਜਵਾਨ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ। ਨੌਜਵਾਨ ਸਤਬੀਰ ਸਿੰਘ ਨੇ ਹੱਥ ਨਾਂ ਹੋਣ ਦੇ ਬਾਵਜੂਦ ਆਮ ਨੌਜਵਾਨਾਂ ਦੀ ਤਰਾਂ ਸਰੀਰਕ ਕਸਰਤ ਕਰਦਾ ਅਤੇ ਹੱਥ ਨਾਲ ਬੰਨ੍ਹੀ ਲੋਹੇ ਦੀ ਸੰਗਲੀ ਵਰਗੀ ਵਸਤੂ ਦੇ ਸਹਾਰੇ ਵੇਟ ਲਿਫਟਰਾਂ ਵਾਂਗ ਭਾਰ ਚੁੱਕਦਾ ਹੈ ਤਾਂ ਉਸ ਨੂੰ ਦੇਖਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਹੁਣ ਤਾਂ ਇਹ ਨੌਜਵਾਨ ਉਨ੍ਹਾਂ ਗੱਭਰੂਆਂ ਲਈ ਰਾਹ ਦਸੇਰਾ ਬਣਦਾ ਜਾ ਰਿਹਾ ਹੈ ਜੋ ਸਭ ਕੁੱਝ ਸਹੀ ਹੋਣ ਦੇ ਬਾਵਜੂਦ ਢੇਰੀ ਢਾਹਕੇ ਬੈਠ ਜਾਂਦੇ ਹਨ। ਉੱਤਰ ਪ੍ਰਦੇਸ਼ ਦੇ ਚਰਚਿਤ ਇਲਾਕੇ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਸਤਵੀਰ ਸਿੰਘ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਬੀ ਕਾਮ ਫਾਈਨਲ ਦੀ ਪੜ੍ਹਾਈ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਸਤਵੀਰ ਦੀ ਉਮਰ ਸਿਰਫ 10 ਸਾਲ ਸੀ ਜਦੋਂ ਉਸ ਦਾ ਇੱਕ ਹੱਥ ਚਲਾ ਗਿਆ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੱਕ ਹੱਥ ਨਾਂ ਹੋਣ ਨੂੰ ਸਤਬੀਰ ਸਿੰਘ ਨੇ ਕਦੇ ਕੰਮਜੋਰੀ ਨਹੀਂ ਬਣਨ ਦਿੱਤਾ ਸਗੋਂ ਆਪਣਾ ਹੌਂਸਲਾ ਬਣਾਇਆ ਅਤੇ ਇੱਕ ਮੁਕਾਮ ਵੱਲ ਵਧਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਤਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਸਿਰਫ 10 ਸਾਲ ਸੀ ਜਦੋਂ ਘਰ ’ਚ ਕੋਈ ਸਮਾਗਮ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਵਕਤ ਉਹ ਆਪਣੇ ਦੋਸਤ ਨਾਲ ਖੇਡ੍ਹ ਰਿਹਾ ਸੀ ਤਾਂ ਇਸ ਮੌਕੇ ਦੋਸਤਾਂ ਦੀ ਆਪਸੀ ਜੋਰ ਅਜਮਾਇਸ਼ ਅਤੇ ਸ਼ਰਾਰਤਾਂ ਦੌਰਾਨ ਉਹ ਚਲਦੀ ਮੋਟਰ ਤੇ ਡਿੱਗ ਪਿਆ ਜਿਸ ਕਾਰਨ ਉਸ ਦਾ ਖੱਬਾ ਹੱਥ ਕੱਟਿਆ ਗਿਆ। ਸਤਵੀਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਆਪਣੇ ਹੱਥ ਦਾ ਲਗਾਤਾਰ ਦੋ ਸਾਲ ਇਲਾਜ ਕਰਵਾਉਣਾ ਪਿਆ।
ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਜਾਪਦਾ ਸੀ ਕਿ ਇੱਕ ਹੱਥ ਹੈ ਤਾਂ ਆਪਣੀ ਸਿੱਖਿਆ ਕਿਸ ਤਰਾਂ ਮੁਕੰਮਲ ਕਰਾਂਗਾ। ਮਾਪਿਆਂ ਅਤੇ ਦੋਸਤਾਂ ਮਿੱਤਰਾਂ ਨੇ ਵੀ ਉਸ ਦਾ ਕਦਮ ਕਦਮ ’ਤੇ ਸਾਥ ਦਿੱਤਾ ਅਤੇ ਇੱਕ ਤਰਾਂ ਨਾਲ ਅਜਿਹਾ ਮਾਹੌਲ ਸਿਰਜਿਆ ਜਿਸ ਨੇ ਅੰਗਹੀਣਤਾ ਕਦੇ ਸਤਬੀਰ ਦੇ ਨੇੜੇ ਵੀ ਢੁੱਕਣ ਨਾ ਦਿੱਤੀ ਉਸਨੇ ਦੱਸਿਆ ਕਿ ਪ੍ਰੀਵਾਰ ਅਤੇ ਸਾਥੀਆਂ ਵੱਲੋਂ ਦਿੱਤੇ ਹੌਂਸਲੇ ਨੇ ਜਦੋਂ ਜਜਬੇ ਦੀ ਬਾਂਹ ਫੜ੍ਹੀ ਤਾਂ ਉਸ ਦੀ ਹਿੰਮਤ ਦਿਨ ਬਦਿਨ ਵਧਦੀ ਚਲੀ ਗਈ ਜਿਸ ਤੋਂ ਬਾਅਦ ਇੱਕ ਹੱਥ ਨਾ ਹੋਣ ਨੂੰ ਉਸ ਨੇ ਕਦੇ ਵੀ ਆਪਣੇ ਰਾਹ ਦਾ ਰੋੜਾ ਨਹੀਂ ਬਨਣ ਦਿੱਤਾ । ਉਹ ਦੱਸਦਾ ਹੈ ਕਿ ਹੁਣ ਤਾਂ ਉਸ ਨੇ ਖੁਦ ਨੂੰ ਕਦੇ ਅਧੂਰਾ ਹੀ ਨਹੀਂ ਸਮਝਿਆ ਹੈ ਬਲਕਿ ਇਹ ਅਧੂਰਾਪਣ ਉਸ ਦੀ ਤਾਕਤ ਹੈ ਜੋ ਸ਼ਾਇਦ ਦੋਵੇਂ ਹੱਥ ਹੁੰਦਿਆਂ ਨਜ਼ਰ ਨਹੀਂ ਆਉਣੀ ਸੀ।
ਉਸ ਨੇ ਦੱਸਿਆ ਕਿ ਪ੍ਰੀਵਾਰ ਦੇ ਥਾਪੜੇ ਅਤੇ ਹੌਂਸਲਾ ਅਫਜ਼ਾਈ ਦੇ ਚਲਦਿਆਂ ਹੀ ਆਪਣੀ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਅਗਲੀ ਸਿੱਖਿਆ ਹਾਸਲ ਕਰਨ ਦੇ ਮੰਤਵ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ’ਚ ਦਾਖਲਾ ਲੈ ਲਿਆ। ਉਸ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਨੇ ਜਿੰਮ ’ਚ ਜਾਕੇ ਕਸਰਤ ਕਰਨ ਦੀ ਯੋਜਨਾ ਬਣਾਈ ਸੀ। ਪਹਿਲੇ ਕੁੱਝ ਦਿਨ ਜਿੰਮ ’ਚ ਦੇਖਕੇ ਲੋਕਾਂ ਨੇ ਇਸ ਤਰਾਂ ਕਸਰਤ ਨਾਂ ਕਰਨ ਦੀ ਸਲਾਹ ਦਿੱਤੀ ਸੀ । ਸ਼ਾਇਦ ਉਨ੍ਹਾਂ ਨੂੰ ਡਰ ਸਤਾ ਰਿਹਾ ਸੀ ਕਿ ਇਸ ਤਰਾਂ ਕਰਨ ਨਾਲ ਉਸ ਦੀ ਸ਼ਰੀਰਕ ਸਮਰੱਥਾ ਤੇ ਕੋਈ ਮਾੜਾ ਅਸਰ ਨਾਂ ਪਵੇ। ਉਸ ਨੇ ਦੱਸਿਆ ਕਿ ਫਿਰ ਵੀ ਉਸ ਨੇ ਹਿੰਮਤ ਨਾਂ ਹਾਰੀ ਅਤੇ ਖੁਦ ਨੂੰ ਇਸ ਅਜਮਾਇਸ਼ ਲਈ ਮਾਨਸਿਕ ਤੌਰ ਤੇ ਤਿਆਰ ਬਰ ਤਿਆਰ ਕਰ ਲਿਆ।
ਸਤਵੀਰ ਸਿੰਘ ਨੇ ਦੱਸਿਆ ਕਿ ਹੁਣ ਉਹ ਬਾਕੀ ਨੌਜਵਾਨਾਂ ਦੇ ਮੁਕਾਬਲੇ ਡੰਬਲ ਅਤੇ ਬੈਂਚ ਪ੍ਰੈਸ ਵਰਗਾ ਵਜ਼ਨ ਅਸਾਨੀ ਨਾਲ ਹੀ ਚੁੱਕਾ ਲੈਂਦਾ ਹੈ। ਸਤਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਵਾਂਗ ਹੱਥ ਜਾਂ ਕਿਸੇ ਅੰਗ ਤੋਂ ਅਸਮਰੱਥ ਬੱਚਿਆਂ ਨੂੰ ਅਲਹਿਦਾ ਸਮਾਜ ਵਿੱਚ ਭੇਜਣ ਜਾਂ ਦੇਖਣ ਦੀ ਸੋਚ ਨੂੰ ਮੋੜਾ ਦੇਣ ਦੀ ਲੋੜ ਹੈ ਕਿ ਏਦਾਂ ਦੇ ਨੌਜਵਾਨਾਂ ਨੂੰ ਤਰਸ ਦੀ ਨਹੀਂ, ਮੁੱਖ ਧਾਰਾ ਦੇ ਸਮਾਜ ਵਿੱਚ ਭਰਪੂਰ ਹੌਂਸਲਾ ਅਤੇ ਢੁੱਕਵੀਂ ਹਿੱਸੇਦਾਰੀ ਦੀ ਜਰੂਰਤ ਹੈ। ਸਤਵੀਰ ਸਿੰਘ ਆਖਦਾ ਹੈ ਕਿ ਅੰਗਹੀਣ ਹੋਣ ਨੂੰ ਸੰਤਾਪ ਅਤੇ ਰੱਬੀ ਮਾਰ ਸਮਝਕੇ ਚੁੱਪ ਬੈਠਣਾ ਹੋਵੇ ਤਾਂ ਅਲਹਿਦਾ ਗੱਲ ਹੈ ਨਹੀਂ ਤਾਂ ਸਮਾਜਿਕ ਢਾਂਚੇ ’ਚ ਖੁਦ ਨੂੰ ਸਾਬਤ ਕਰਨ ਅਤੇ ਧੌਣ ਉੱਚੀ ਕਰਕੇ ਜਿਉਣਾ ਹੈ ਤਾਂ ਇਕੱਲੀ ਅਪੰਗਤਾ ਨਾਲ ਹੀ ਨਹੀਂ ਬਲਕਿ ਹਰ ਕਿਸਮ ਦੀਆਂ ਪ੍ਰਸਥਿਤੀਆਂ ਨਾਲ ਲੜਨਾ ਹੀ ਪੈਂਦਾ ਹੈ।
ਪ੍ਰੇਰਣਾ ਲੈਣ ਨੌਜਵਾਨ: ਕੁਸਲਾ
ਸਿਦਕ ਫੋਰਮ ਬਠਿੰਡਾ ਦੇ ਪ੍ਰਧਾਨ ਤੇ ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹਿੰਮਤ ਤੇ ਹੌਂਸਲੇ ਨਾਲ ਲੜੀ ਜਾ ਰਹੀ ਜਿੰਦਗੀ ਦੀ ਜੰਗ ਹੁਣ ਸਤਵੀਰ ਸਿੰਘ ਦਾ ਸਿਰਨਾਵਾਂ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਅੰਗ ਦੇ ਚਲੇ ਜਾਣ ਤੋਂ ਬਾਅਦ ਜਿਸ ਤਰਾਂ ਦੇ ਹਾਲਾਤ ਬਣਦੇ ਉਨ੍ਹਾਂ ਨਾਲ ਸਤਵੀਰ ਸਿੰਘ ਲੜਿਆ ਉਹ ਹੋਰਨਾਂ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਤੋਂ ਅੱਜ ਦੇ ਗੱਭਰੂਆਂ ਨੂੰ ਪ੍ਰੇਰਣਾ ਲੈਣੀ ਚਾਹਦੀ ਹੈ। ਉਨ੍ਹਾਂ ਸਰਕਾਰਾਂ ਨੂੰ ਵੀ ਅਜਿਹੇ ਨੌਜਵਾਨਾਂ ਦੀ ਸਾਰ ਲੈਣ ਦੀ ਅਪੀਲ ਵੀ ਕੀਤੀ।