ਭਗਵੰਤ ਮਾਨ ਨੇ ਦਿੱਲੀ ਏਅਰਪੋਰਟ 'ਤੇ ਪੰਜਾਬੀਆਂ ਲਈ ਖੋਲ੍ਹਿਆ ਸਪੈਸ਼ਲ ਕਾਊਂਟਰ, ਹੈਲਪ ਲਾਈਨ ਨੰਬਰ ਵੀ ਕੀਤਾ ਜਾਰੀ (ਵੇਖੋ ਵੀਡੀਓ)
ਨਵੀਂ ਦਿੱਲੀ, 8 ਅਗਸਤ 2024- ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਦਿੱਲੀ ਏਅਰਪੋਰਟ ਤੇ ਪੰਜਾਬੀਆਂ ਲਈ ਸਪੈਸ਼ਲ ਕਾਊਂਟਰ ਖੋਲ੍ਹਿਆ ਗਿਆ ਹੈ। ਇਸ ਨਾਲ ਪੰਜਾਬੀ ਯਾਤਰੀਆਂ ਨੂੰ ਬਹੁਤ ਜਿਆਦਾ ਫਾਇਦਾ ਮਿਲੇਗਾ। ਸੀਐੱਮ ਮਾਨ ਨੇ ਕਾਊਂਟਰ ਦਾ ਉਦਘਾਟਨ ਕਰਦਿਆਂ ਕਿਹਾ ਕਿ, ਸਪੈਸ਼ਲ ਕਾਊਂਟਰ ਨਾਲ ਪੰਜਾਬੀਆਂ ਨੂੰ ਕਈ ਲਾਭ ਮਿਲਣਗੇ ਅਤੇ ਇਥੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਵਿਚ ਸੁਵਿਧਾਵਾਂ ਪ੍ਰਦਾਨ ਹੋਣਗੀਆਂ। ਇਸ ਤੋਂ ਇਲਾਵਾ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਦਾ ਨੰਬਰ 011 61232182 ਹੈ।
ਭਗਵੰਤ ਮਾਨ ਸਰਕਾਰ ਨੇ ਦਿੱਲੀ ਏਅਰਪੋਰਟ ਦਾ ਸੰਚਾਲਨ ਕਰਨ ਵਾਲੀ ਜੀਐਮਆਰ ਕੰਪਨੀ ਨਾਲ ਇੱਕ ਕਰਾਰ ਕੀਤਾ ਹੈ। ਦੱਸਿਆ ਗਿਆ ਕਿ ਪਿਛਲੇ ਮਹੀਨੇ 12 ਜੂਨ ਨੂੰ ਦੋ ਸਾਲਾਂ ਲਈ ਇੱਕ ਸਮਝੌਤਾ ‘ਤੇ ਕੰਪਨੀ ਅਤੇ ਪੰਜਾਬ ਸਰਕਾਰ ਵਿਚਾਲੇ ਸਾਈਨ ਕੀਤੇ ਗਏ। ਦਿੱਲੀ ਹਵਾਈ ਅੱਡੇ ‘ਤੇ ਇਹ ਸਪੈਸ਼ਲ ਕਾਊਂਟਰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਸ ਸੁਵਿਧਾ ਕੇਂਦਰ ਦਾ ਉਦੇਸ਼, NRI ਅਤੇ ਹੋਰ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਕੇਂਦਰ ਕੋਲ 2 ਇਨੋਵਾ ਕਾਰਾਂ ਹੋਣਗੀਆਂ ਜੋ ਕਿ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਮਦਦ ਕਰਨ ਲਈ ਉਪਲਬਧ ਰਹਿਣਗੀਆਂ। ਦੱਸਿਆ ਗਿਆ ਹੈ ਕਿ ਕੋਈ ਵੀ ਯਾਤਰੀ ਜਾਂ ਉਸਦਾ ਰਿਸ਼ਤੇਦਾਰ ਦੀ ਫਲਾਈਟ ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਦੀਆਂ ਸਹੂਲਤਾਂ ਅਤੇ ਹਵਾਈ ਅੱਡੇ ‘ਤੇ ਹੋਰ ਲੋੜੀਂਦੀ ਸਹਾਇਤਾ ਲਈ ਮਦਦ ਲੈ ਸਕਦੇ ਹਨ।