ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਨਿਊਜ਼ੀਲੈਂਡ ਯਾਤਰਾ! ਗਵਰਨਰ ਜਨਰਲ ਅਤੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਕੱਲ੍ਹ ਭਾਰਤੀ ਭਾਈਚਾਰੇ ਦੇ ਨਾਲ ਹੈ ਸ਼ਾਮ ਦੀ ਮਿਲਣੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 07 ਅਗਸਤ 2024:-ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦਿਨਾਂ ਨਿਊਜ਼ੀਲੈਂਡ ਦੌਰੇ ਉਤੇ ਬੀਤ ਰਾਤ ਫੀਜ਼ੀ ਤੋਂ ਔਕਲੈਂਡ ਪਹੁੰਚੇ ਸਨ। ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਅਤੇ ਦੇਸ਼ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਅੱਜ ਰਾਜਧਾਨੀ ਵਲਿੰਗਟਨ ਵਿਖੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਕ੍ਰਿਸਟੋਫਰ ਲਕਸਨ ਅਤੇ ਗਵਰਨਰ ਜਨਰਲ ਮੈਡਮ ਸਿੰਡੀ ਕਿਰੋ ਮਿਲੇ। ਦੇਸ਼ ਦੀ ਗਵਰਨਰ ਜਨਰਲ ਸਿੰਡ ਕਿਰੋ ਦੇ ਨਾਲ ਉਨ੍ਹਾਂ ਨੱਕ ਦੇ ਨਾਲ ਨੱਕ ਦਬਾ ਕੇ (ਹੌਂਗੀ) ਸਾਹਾਂ ਦੀ ਸਾਂਝ ਪਾਈ। ‘ਹੌਂਗੀ’ ਇੱਕ ਪਰੰਪਰਾਗਤ ਮਾਓਰੀ ਤਰੀਕੇ ਨਾਲ ਸ਼ੁਭਕਾਮਨਾਵਾਂ ਦੇਣ ਵਾਲੀ ਰਸਮ ਹੈ। ਇਸਦਾ ਭਾਵ ਸਾਹਾਂ ਨੂੰ ਸਾਂਝਾ ਕਰਨਾ ਹੈ, ਇਹ ਰਸਮ ਦੋ ਲੋਕਾਂ ਦੁਆਰਾ ਇਕੱਠੇ ਨੱਕ ਦਬਾ ਕੇ ਕੀਤੀ ਜਾਂਦੀ ਹੈ। ਗਵਰਨਰ ਹਾਊਸ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ‘ਰਾਇਲ ਗਾਰਡ ਆਫ ਆਨਰ’ ਨਾਲ ਕੀਤਾ ਗਿਆ। ਮਾਓਰੀ ਹਾਕਾ ਕੀਤਾ ਗਿਆ।
ਵਲਿੰਗਟਨ ਰੇਲਵੇ ਸਟੇਸ਼ਨ ’ਤੇ ਲੱਗੇ ਹੋਏ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੁਰਮੂ ਨੇ ਨਿਊਜ਼ੀਲੈਂਡ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ’ਭਾਰਤੀ ਵਿਦਿਆਰਥੀਆਂ ਦੀ ਸਵੀਕ੍ਰਿਤੀ’ ਵੱਲ ਇਸ਼ਾਰਾ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਵਿਦਿਆਰਥੀਆਂ ਦੇ ਨਿਊਜ਼ੀਲੈਂਡ ਦੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਵਾਧਾ ਕਰਨ ਦੇ ਮੁੱਲ ਨੂੰ ਰੇਖਾਂਕਿ੍ਰਤ ਕੀਤਾ ਕਿਉਂਕਿ ਉਸਨੇ ਦੋਹਾਂ ਦੇਸ਼ਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਮਿਲ ਕੇ ਕੰਮ ਜਾਰੀ ਰੱਖਣ ਲਈ ਕਿਹਾ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਮਾਪੇ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਸਿੱਖਿਆ ਦੀ ਇੱਛਾ ਰੱਖਦੇ ਹਨ… 8,000 ਭਾਰਤੀ ਵਿਦਿਆਰਥੀ ਨਿਊਜ਼ੀਲੈਂਡ ਵਿੱਚ ਵੱਖ-ਵੱਖ ਕੋਰਸ ਕਰ ਰਹੇ ਹਨ, ਜਿਸ ਨਾਲ ਇਹ ਇੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਕੱਲ੍ਹ ਸ਼ਾਮ ਉਹ ਭਾਰਤੀ ਭਾਈਚਾਰੇ ਦੇ ਨਾਲ ਮਿਲਣੀ ਕਰਨਗੇ।
ਨਿਊਜ਼ੀਲੈਂਡ ਦੌਰੇ ਤੋਂ ਬਾਅਦ ਉਹ ਫਿਰ ਤਿਮੋਰ ਲੈਸਟੇ (ਟਾਪੂ ਦੇਸ਼) ਲਈ ਰਵਾਨਾ ਹੋਣਗੇ। ਵਰਨਣਯੋਗ ਹੈ ਕਿ ਹੁਣ ਤੱਕ ਦੇ ਇਤਿਹਾਸ ਵਿਚ ਉਹ ਭਾਰਤ ਦੇ ਦੂਜੇ ਰਾਸ਼ਟਰਪਤੀ ਹਨ, ਜੋ ਇਥੇ ਆਏ ਹਨ। ਇਸ ਤੋਂ ਪਹਿਲਾਂ 2016 ਦੇ ਵਿਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਇਥੇ ਆਏ ਸਨ।