ਸ਼੍ਰੋਮਣੀ ਅਕਾਲੀ ਦਲ (ਗਲੋਬਲ) ਵੱਲੋਂ ਐਸ ਜੀ ਪੀ ਸੀ ਚੋਣਾਂ ਵਿੱਚ ਸਾਰੀਆਂ ਸੀਟਾਂ 'ਤੇ ਲੜਨ ਦਾ ਐਲਾਨ
ਚੰਡੀਗੜ੍ਹ, 8 ਅਗਸਤ 2024 - ਸ਼੍ਰੋਮਣੀ ਅਕਾਲੀ ਦਲ (ਗਲੋਬਲ) (ਐਸ ਏ ਡੀ ਜੀ) ਨੇ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਰੀਆਂ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਪ੍ਰਧਾਨ ਇੰਦਰ ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਮੰਤਵ 2024 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਲੜ ਕੇ ਗੁਰਦੁਆਰਾ ਪ੍ਰਬੰਧ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਲਿਆਉਣਾ ਅਤੇ ਸਿੱਖ ਕੌਮ ਦੇ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਗਲੋਬਲ (ਐਸ ਏ ਡੀ ਜੀ) ਦੀ ਸੰਸਥਾਪਕ ਟੀਮ ਵਿੱਚ ਹਰਮੀਤ ਸਿੰਘ, ਹਰਲੀਨ ਕੌਰ ਚੱਢਾ, ਸੁਖਵਿੰਦਰ ਸਿੰਘ ਸੋਖੀ, ਬੀਬੀ ਤਰਵਿੰਦਰ ਕੌਰ ਖਾਲਸਾ, ਇੰਦਰ ਪ੍ਰੀਤ ਸਿੰਘ, ਅਮਨ ਬੰਦਵੀ, ਗੁਨਿੰਦਰ ਕੌਰ, ਕਮਲਜੀਤ ਸਿੰਘ ਬਿੱਟੂ ਅਤੇ ਗੁਣਜੀਤ ਸਿੰਘ ਸ਼ਾਮਲ ਹਨ।
ਇੱਕ ਚੰਗੀ ਅਤੇ ਪ੍ਰਭਾਵਸ਼ਾਲੀ ਮੁਹਿੰਮ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਗਲੋਬਲ ਵੱਲੋਂ ਸੰਸਥਾਪਕ ਟੀਮ ਦੀ ਅਗਵਾਈ ਵਿੱਚ ਮੁੱਖ ਅਹੁਦੇਦਾਰਾਂ ਦੀ ਇੱਕ ਮੈਨੀਫੈਸਟੋ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨਾਂ ਹਰਮੀਤ ਸਿੰਘ ਤੇ ਹਰਲੀਨ ਕੌਰ ਚੱਢਾ ਸਮੇਤ ਜਨਰਲ ਸਕੱਤਰ ਅਮਨ ਬੰਦਵੀ ਵੀ ਸ਼ਾਮਲ ਹਨ।
ਇਹ ਕਮੇਟੀ ਪਾਰਟੀ ਦੇ ਦ੍ਰਿਸ਼ਟੀਕੋਣ ਤੇ ਉਦੇਸ਼ਾਂ ਦੀ ਰੂਪਰੇਖਾ ਤਿਆਰ ਕਰਨ ਦੇ ਨਾਲ ਨਾਲ ਚੋਣ ਮਨੋਰਥ ਪੱਤਰ ਬਾਰੇ ਵੀ ਇਹ ਯਕੀਨੀ ਬਣਾਵੇਗੀ ਕਿ ਇਹ ਚੋਣ ਮਨੋਰਥ ਪੱਤਰ ਸਿੱਖ ਕੌਮ ਦੀਆਂ ਪ੍ਰਮੁੱਖ ਲੋੜਾਂ, ਗੁਰਮਤਿ ਦੇ ਸਿਧਾਂਤਾਂ ਅਤੇ ਸਰਬੱਤ ਦਾ ਭਲਾ ਨਾਲ ਮੇਲ ਖਾਂਦਾ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਆਪਣੇ ਵਿਸਤ੍ਰਿਤ ਚੋਣ ਮਨੋਰਥ ਪੱਤਰ ਨੂੰ ਜਾਰੀ ਕਰੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗਲੋਬਲ ਨੇ ਪੰਜਾਬ ਦੇ ਰਾਜਨੀਤਕ ਕਾਰਕੁਨਾਂ ਤੇ ਆਗੂਆਂ ਨਾਲ ਐਸ ਜੀ ਪੀ ਸੀ ਸਮਰਪਿਤ ਨਾਗਰਿਕਾਂ ਤੋਂ ਵਿਆਪਕ ਸਮਰਥਨ ਪ੍ਰਾਪਤ ਕਰਨ ਲਈ ਗਠਜੋੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਫੋਕਸ ਟਿਕਾਊ ਵਿਕਾਸ, ਪਵਿੱਤਰ ਗੁਰਦੁਆਰਿਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਤੇ ਕਰਮਚਾਰੀਆਂ ਦੀ ਭਲਾਈ ਅਤੇ ਵਲੰਟੀਅਰਸ, ਪ੍ਰਭਾਵਸ਼ਾਲੀ ਪਹਿਲਕਦਮੀਆਂ ਅਤੇ ਸਮਾਜ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਆਪਣੀ ਸ਼ੁਰੂਆਤ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਗਲੋਬਲ ਚੁਣੌਤੀਆਂ, ਮੁੱਦੇ ਅਤੇ ਹੱਲ ਸਮਝਣ ਲਈ ਨਿਰੰਤਰ ਜ਼ਮੀਨ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਬਪੱਖੀ ਵਚਨਬੱਧਤਾ ਸਿੱਖ ਕੌਮ ਦਾ ਵਿਕਾਸ, ਭਲਾਈ, ਕਾਰਜ਼ਸ਼ੀਲ ਪਹੁੰਚ ਅਤੇ ਰਣਨੀਤਕ ਯੋਜਨਾਬੰਦੀ ਤੋਂ ਸਪੱਸ਼ਟ ਹੈ।