ਸਰਕਾਰੀ ਬਾਲ ਘਰਾਂ ਵਿੱਚ ਰਹਿ ਰਹੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਭਗਵੰਤ ਮਾਨ ਸਰਕਾਰ ਵੱਲੋਂ ਇਤਿਹਾਸਕ ਪਹਿਲਕਦਮੀ
- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਲਾ ਉਦੇਸ਼ ਰਾਹੀਂ ਬੱਚਿਆਂ ਨੂੰ ਸਮਰੱਥ ਬਣਾਉਣ ਲਈ ਨਾਲੰਦਾਵੇਅ ਫਾਊਂਡੇਸ਼ਨ ਨਾਲ ਸਮਝੌਤਾ (ਐਮਓਯੂ) ਕਰਨ ਦਾ ਕੀਤਾ ਐਲਾਨ
- ਕਿਹਾ, ਪ੍ਰੋਜੈਕਟ ਦੀ ਸ਼ੁਰੂਆਤ ਨਾਲ ਬਾਲ ਘਰ ਅਤੇ ਨਿਗਰਾਨ ਘਰਾਂ/ਵਿਸ਼ੇਸ਼ ਘਰਾਂ ਵਿੱਚ ਰਹਿੰਦੇ ਬੱਚਿਆਂ ਨੂੰ ਮਿਲਣਗੇ ਜ਼ਿੰਦਗੀ ਦੇ ਬਿਹਤਰ ਮੌਕੇ
- ਕਲਾ-ਆਧਾਰਿਤ ਤੰਦਰੁਸਤੀ ਅਤੇ ਪਰਿਵਰਤਨ ਸਹਾਇਤਾ ਵਾਲਾ ਇਹ ਪ੍ਰੋਜੈਕਟ ਬੱਚਿਆਂ ਦੇ ਪੁਨਰਵਾਸ ਲਈ ਲਾਹੇਵੰਦ ਸਾਬਤ ਹੋਵੇਗਾ
ਚੰਡੀਗੜ੍ਹ/ਛੱਤਬੀੜ (ਐਸ.ਏ.ਐਸ. ਨਗਰ), 8 ਅਗਸਤ 2024 - ਸਰਕਾਰੀ ਬਾਲ ਘਰਾਂ ਅਤੇ ਆਬਜ਼ਰਵੇਸ਼ਨ ਹੋਮਜ਼/ਵਿਸ਼ੇਸ਼ ਘਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਬਿਤਹਰ ਬਣਾਉਣ ਲਈ ਇਤਿਹਾਸਕ ਪਹਿਲਕਦਮੀ ਕਰਦੇ ਹੋਏ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਬਾਰੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਛੱਤਬੀੜ ਵਿਖੇ ਚੇਨਈ ਆਧਾਰਿਤ ਐਨਜੀਓ- ਨਾਲੰਦਾਵੇਅ ਫਾਊਂਡੇਸ਼ਨ ਨਾਲ ਸਮਝੌਤਾ (ਐਮਓਯੂ) ਸਹੀਬੱਧ ਕਰਨ ਦਾ ਐਲਾਨ ਕੀਤਾ ਤਾਂ ਜੋ ਇਨ੍ਹਾਂ ਬੱਚਿਆਂ ਦੇ ਬਿਹਤਰ ਪੁਨਰਵਾਸ ਲਈ ਕਲਾ-ਆਧਾਰਿਤ ਤੰਦਰੁਸਤੀ ਅਤੇ ਤਬਦੀਲੀ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਸਕੇ।
ਇਸ ਕਦਮ ਨੂੰ ਪੰਜਾਬ ਰਾਜ ਵਿੱਚ ਆਪਣੀ ਕਿਸਮ ਦਾ ਪਹਿਲਾ ਤੇ ਨਵੇਕਲਾ ਕਦਮ ਕਰਾਰ ਦਿੰਦਿਆਂ ਸਮਾਜਿਕ ਸੁੱਰਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਰਕਾਰੀ ਬਾਲ ਸੰਭਾਲ ਸੰਸਥਾਵਾਂ ਵਿੱਚ ਰਹਿ ਰਹੇ ਬੇਸਹਾਰਾ ਬੱਚਿਆਂ ਸਮੇਤ ਲੋੜਵੰਦ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਅਤੇ ਕਾਨੂੰਨੀ ਪ੍ਰਕਿਰਿਆਵਾਂ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ 21ਵੀਂ ਸਦੀ ਦੇ ਹਾਣੀ ਬਣਾਉਣ ਲਈ ਹੁਨਰ, ਰੁਜ਼ਗਾਰ, ਕਰੀਅਰ ਗਾਈਡੈਂਸ, ਮਾਨਸਿਕ ਅਤੇ ਸਰੀਰਕ ਤੰਦਰੁਸਤੀ ਅਤੇ ਅਕਾਦਮਿਕ ਸਹਾਇਤਾ ਵਿੱਚ ਜਾਣ-ਪਛਾਣ ਅਤੇ ਲੋੜ-ਅਧਾਰਿਤ ਮੁਲਾਂਕਣ ਲਈ ਬਿਹਤਰ ਮੌਕੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਇੱਕ ਸੁਰੱਖਿਅਤ ਪੁਨਰਵਾਸ ਪ੍ਰਦਾਨ ਕੀਤਾ ਜਾ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ, ਪਰ ਸਰਕਾਰੀ ਬਾਲ ਸੰਭਾਲ ਸੰਸਥਾਵਾਂ (ਸੀ.ਸੀ.ਆਈ.) ਵਿੱਚ ਪਰਿਵਾਰਾਂ ਤੋਂ ਬਿਨਾਂ ਰਹਿ ਰਹੇ ਬੱਚਿਆਂ ਦੇ ਮਾਮਲੇ ਵਿੱਚ ਸਥਿਤੀ ਕੁਝ ਤਰਸਯੋਗ ਬਣ ਜਾਂਦੀ ਹੈ। ਬਾਲ ਘਰਾਂ ਵਿੱਚ ਬੱਚੇ ਬਹੁਤ ਕੋਮਲ-ਚਿੱਤ ਹੁੰਦੇ ਹਨ , ਇਸ ਲਈ ਉਹਨਾਂ ਦੇ ਭਵਿੱਖ ਨੂੰ ਸੇਧ ਦੇਣ ਲਈ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਅੰਦਰੂਨੀ ਪ੍ਰਤਿਭਾ ਹੈ ਜਿਸ ਨੂੰ ਹੋਰ ਮਿਹਨਤ ਨਾਲ ਉਜਾਗਰ ਕਰਨ ਦੀ ਲੋੜ ਹੈ। ਇਹਨਾਂ ਮਾਮਲਿਆਂ ਵਿੱਚ, ਇਹ ਐਨਜੀਓ ਜੋ ਪਹਿਲਾਂ ਹੀ ਤਾਮਿਲਨਾਡ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਦਿੱਲੀ ਸੀ.ਸੀ.ਆਈ. ਵਿੱਚ ਕੰਮ ਕਰ ਚੁੱਕੀ ਹੈ, ਇਨ੍ਹਾਂ ਬੱਚਿਆਂ ਦੀ ਬਿਹਤਰੀ ਨੂੰ ਹੋਰ ਵਧਾਉਣ ਲਈ, ਪੜ੍ਹਨ- ਲਿਖਣ ਜਿਹੇ ਬੁਨਿਆਦੀ ਸਾਖਰਤਾ ਹੁਨਰ ਵਿੱਚ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਅਤੇ 6-18 ਸਾਲ ਦੀ ਉਮਰ ਦੇ ਬੱਚਿਆਂ ਲਈ ਵੋਕੇਸ਼ਨਲ ਟਰੇਨਿੰਗ ਅਤੇ ਕਰੀਅਰ ਕਾਉਂਸਲਿੰਗ ਲਈ ਮਦਦਗਾਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪਹਿਲੇ ਪੜਾਅ ਵਿੱਚ 6 ਸਰਕਾਰੀ ਬਾਲ ਘਰਾਂ ਅਤੇ 05 ਨਿਗਰਾਨ/ਵਿਸ਼ੇਸ਼ ਘਰਾਂ ਤੱਕ ਵਿੱਚ ਚਲਾਇਆ ਜਾਵੇਗਾ ਅਤੇ ਅਗਲੇ ਗੇੜ ਵਿੱਚ ਇਸ ਦਾ ਦਾਇਰਾ ਸਰਕਾਰੀ ਸਹਾਇਤਾ ਪ੍ਰਾਪਤ 4 ਬਾਲ ਘਰਾਂ ਤੱਕ ਵਧਾਇਆ ਜਾਵੇਗਾ।
ਮੰਤਰੀ ਨੇ ਕਿਹਾ ਕਿ ਅੱਜ ਜਦੋਂ ਉਨ੍ਹਾਂ ਛੱਤਬੀੜ ਚਿੜੀਆਘਰ ਦੇ ਵਿਸ਼ੇਸ਼ ਦੌਰੇ ’ਤੇ ਸੱਦੇ ਗਏ ਇਨ੍ਹਾਂ ਬੱਚਿਆਂ ਨਾਲ ਦੁਪਹਿਰ ਦੇ ਖਾਣੇ ਤੋਂ ਬਾਅਦ ਗੱਲਬਾਤ ਕੀਤੀ ਤਾਂ ਇਹ ਹਰ ਇੱਕ ਲਈ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸੀ ਕਿਉਂਕਿ ਇਨ੍ਹਾਂ ਵਿੱਚੋਂ ਹਰੇਕ ਬੱਚਾ ਆਪਣੇ ਦਿਲ ਅੰਦਰ ਕੋਈ ਵੱਡਾ ਸੁਪਨਾ ਸੰਜੋਈ ਬੈਠਾ ਹੈ। 8ਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਇਕ ਲੜਕੀ ਫੌਜ ਵਿਚ ਕੈਪਟਨ ਬਣਨਾ ਚਾਹੁੰਦੀ ਹੈ ਜਦਕਿ ਦੂਜੀ ਭਾਰਤੀ ਫੌਜ ਵਿਚ ਜਾਣ ਡੀ ਇਛੁੱਕ ਹੈ। ਇਸੇ ਤਰ੍ਹਾਂ ਮੁੰਡਿਆਂ ਵਿੱਚ, ਇੱਕ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਅਤੇ ਦੂਜਾ ਗਾਇਕ ਬਣਨਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਬਾਲ ਸੰਭਾਲ ਸੰਸਥਾਵਾਂ ਨੂੰ ਚਲਾ ਰਹੇ ਵਿਭਾਗ ਦੀ ਮੰਤਰੀ ਹੋਣ ਦੇ ਨਾਤੇ, ਇਨ੍ਹਾਂ ਬੱਚਿਆਂ ਦੇ ਭਵਿੱਖ ਅਤੇ 18 ਸਾਲ ਤੋਂ ਬਾਅਦ ਦੇ ਪੁਨਰਵਾਸ ਦੀ ਪੂਰੀ ਜ਼ਿੰਮੇਵਾਰੀ ਸਾਡੀ ਹੈ। ਇਸ ਦੌਰਾਨ ਮੰਤਰੀ ਨੇ ਚਿੜੀਆਘਰ ਵਿੱਚ ਪੌਦੇ ਵੀ ਲਗਾਏ ਅਤੇ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
ਪੰਜਾਬ ਸਰਕਾਰ ਦੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ ਨੇ ਆਪਣੇ ਸੰਬੋਧਨ ਵਿੱਚ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਸੂਬਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੇ ਫਰਜ਼ ਨਿਭਾਉਣ ਲਈ ਪਾਬੰਦ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਇਸ ਵਿਕਾਸ ਦੇ ਰਾਹ ਤੇ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਵੱਡੇ ਸੁਪਨੇ ਲੈਣ ਅਤੇ ਟੀਚਾ ਪ੍ਰਾਪਤ ਹੋਣ ਤੱਕ ਆਪਦੇ ਸੁਪਨੇ ਲਈ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿੰਨੀ ਮਿਹਨਤ ਅਸੀਂ ਕਰਦੇ ਹਾਂ ਉਹ ਸਾਡੀ ਕਿਸਮਤ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਂਦੀ ਹੈ।
ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਡਾ: ਸ਼ੇਨਾ ਅਗਰਵਾਲ ਨੇ ਧੰਨਵਾਦ ਮਤਾ ਵਿੱਚ ਕਿਹਾ ਕਿ ਵਿਭਾਗ ਬਾਲ ਘਰਾਂ /ਦੇਖਭਾਲ ਸੰਸਥਾਵਾਂ ਦੇ ਬੱਚਿਆਂ ਵਿੱਚ ਕਦਰਾਂ-ਕੀਮਤਾਂ ਅਤੇ ਹੁਨਰ ਅਧਾਰਤ ਕਿੱਤਾਮੁਖੀ ਸਿੱਖਿਆ ਦਾ ਮਾਹੌਲ ਪੈਦਾ ਕਰਨ ਲਈ ਅੱਜ ਸੀ.ਈ.ਓ. ਸ਼੍ਰੀਰਾਮ ਵੀ. ਨਾਲ ਸਹੀਬੱਧ ਕੀਤੇ ਗਏ ਸਮਝੌਤੇ ਦਾ ਵੱਧ ਤੋਂ ਵੱਧ ਲਾਭ ਉਠਾਏਗਾ।
ਸੀ.ਈ.ਓ. ਸ੍ਰੀਰਾਮ ਵੀ ਨੇ ਮੰਤਰੀ ਨੂੰ ਪੰਜਾਬ ਵਿੱਚ ਸੀ.ਸੀ.ਆਈ. ਵਿੱਚ ਰਹਿ ਰਹੇ ਬੱਚਿਆਂ ਦੇ ਭਵਿੱਖ ਨੂੰ ਸੇਧ ਦੇਣ ਲਈ ਕਲਾ-ਅਧਾਰਤ ਉਦੇਸ਼ ਦੇ ਵਧੀਆ ਸੰਭਾਵੀ ਨਤੀਜਿਆਂ ਦਾ ਭਰੋਸਾ ਦਿਵਾਇਆ।