ਜਾਣੋ ਕੌਣ ਹੈ ਲਹਿੰਦੇ ਪੰਜਾਬ ਦਾ ਵਸਨੀਕ ਅਰਸ਼ਦ ਨਦੀਮ ਜਿਸਨੇ ਨੀਰਜ ਚੋਪੜਾ ਦੀ ਥਾਂ ਜਿੱਤਿਆ ਗੋਲਡ ਮੈਡਲ
ਚੰਡੀਗੜ੍ਹ, 9 ਅਗਸਤ, 2024: ਅਰਸ਼ਦ ਨਦੀਮ ਦਾ ਜਨਮ 2 ਜਨਵਰੀ 1997 ਨੂੰ ਹੋਇਆ। ਉਹ ਲਹਿੰਦੇ ਪੰਜਾਬ ਦੇ ਖਾਨੇਵਾਲ ਜ਼ਿਲ੍ਹੇ ਦੇ ਪਿੰਡ ਮੀਆਂ ਚਾਨੂ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਮੁਹੰਮਦ ਅਸ਼ਰਫ ਰਾਜ ਮਿਸਤਰੀ ਦਾ ਕੰਮ ਕਰਦੇ ਹਨ।
ਬੇਹੱਦ ਗਰੀਬੀ ਦੇ ਵਿਚੋਂ ਲੰਘੇ ਅਰਸ਼ਦ ਨਦੀਮ ਪਾਕਿਸਤਾਨ ਦੇ ਇਕਲੌਤੇ ਅਥਲੀਟ ਹਨ ਜਿਹਨਾਂ ਦੇ ਹਵਾਈ ਸਫਰ ਵਾਸਤੇ ਪਾਕਿਸਤਾਨ ਖੇਡ ਬੋਰਡ (ਪੀ ਐਸ ਬੀ) ਨੇ ਖਰਚਾ ਕੀਤਾ।
ਉਹ ਆਪਣੀ ਸਿੱਖਲਾਈ ਲੈਣ ਵਾਸਤੇ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜਰਿਆ। ਉਸਦੇ ਰਿਸ਼ਤੇਦਾਰ ਪੈਸੇ ਇਕੱਲੇ ਕਰ ਕੇ ਉਸਦੀ ਸਿੱਖਲਾਈ ’ਤੇ ਖਰਚ ਕਰਦੇ ਸਨ। ਉਸਦੇ ਭਰਾ ਮੁਤਾਬਕ ਗਰੀਬੀ ਕਾਰਣ ਉਹਨਾਂ ਦੇ ਘਰ ਸਾਲ ਵਿਚ ਸਿਰਫ ਇਕ ਵਾਰ ਮੀਟ ਬਣਦਾ ਸੀ, ਉਹ ਵੀ ਈਦ ਮੌਕੇ ਬਣਦਾ ਸੀ।
ਅਸ਼ਰਫ ਨਦੀ ਨੇ 92.97 ਮੀਟਰ ਦੇ ਜੈਵਲਿਨ ਥਰੋਅ ਨਾਲ ਓਲੰਪਿਕਸ ਵਿਚ ਨਵਾਂ ਰਿਕਾਰਡ ਸਿਰਜਿਆ ਹੈ। ਉਹ ਓਲੰਪਿਕ ਅਤੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਕਿਸੇ ਵੀ ਟਰੈਕ ਤੇ ਫੀਲਡ ਮੁਕਾਬਲੇ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਪਾਕਿਸਤਾਨੀ ਹੈ।
2022 ਦੀਆਂ ਕਾਮਨਵੈਲਥ ਖੇਡਾਂ ਵਿਚ ਉਸਨੇ 90.18 ਮੀਟਰ ਜਵੈਲਿਨ ਥਰੋਅ ਨਾਲ ਨਵਾਂ ਕੌਮੀ ਤੇ ਕਾਮਨਵੈਲਥ ਰਿਕਾਰਡ ਬਣਾਇਆ। 90 ਮੀਟਰ ਤੋਂ ਵੱਧ ਦੂਰੀ ’ਤੇ ਜੈਵਲਿਨ ਥਰੋਅ ਕਰਨ ਵਾਲਾ ਉਹ ਪਹਿਲਾ ਦੱਖਣੀ ਏਸ਼ੀਆਈ ਹੈ। 2023 ਵਿਚ ਉਹ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸਿਵਲਰ ਮੈਡਲ ਜਿੱਤ ਕੇ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। 2024 ਦੀਆਂ ਪੈਰਿਸ ਓਲੰਪਿਕਸ ਵਿਚ ਉਸਨੇ 92.97 ਮੀਟਰ ਜੈਵਲਿਨ ਥਰੋਅ ਨਾਲ ਨਵਾਂ ਓਲੰਪਿਕ ਰਿਕਾਰਡ ਬਣਾਇਆ ਅਤੇ ਨਾਰਵੇ ਦੇ ਐਂਡ੍ਰੀਆਜ਼ ਥੋਰਕਿਲਡਸਨ ਦਾ 90.57 ਮੀਟਰ ਦਾ ਰਿਕਾਰਡ ਤੋੜਿਆ। ਉਹ 8 ਭੈਣ ਭਰਾਵਾਂ ਵਿਚੋਂ ਤੀਜਾ ਸਭ ਤੋਂ ਵੱਡਾ ਹੈ।
ਸਕੂਲ ਵੇਲੇ ਨਦੀਮ ਕ੍ਰਿਕਟ, ਬੈਡਮਿੰਟਨ, ਫੁੱਟਬਾਲ ਤੇ ਅਥਲੈਕਟਿਸ ਖੇਡਦਾ ਸੀ। ਉਸਨੇ 2015 ਵਿਚ ਜੈਵਲਿਨ ਥਰੋਅ ਵਿਚ ਭਾਗ ਲੈਣਾ ਸ਼ੁਰੂ ਕੀਤਾ। ਅਰਸ਼ਦ ਨੂੰ ਰਸ਼ੀਦ ਅਹਿਮਦ ਸਾਕੀ ਨੇ ਇਸ ਖੇਡ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਜੈਵਲਿਨ ਤੋਂ ਪਹਿਲਾਂ ਉਹ ਸ਼ਾਟਪੁਟ ਤੇ ਡਿਸਕਸ ਥਰੋਅ ਵਿਚ ਵੀ ਸ਼ਮੂਲੀਅਤ ਕਰਦਾ ਰਿਹਾ ਹੈ। ਉਸਦੇ ਪਿਤਾ ਮੁਹੰਮਦ ਅਸ਼ਰਫ ਨੇ ਉਸਨੂੰ ਜੈਵਲਿਨ ਥਰੋਅ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।