ਨਹੀਂ ਸੁਣੀਂਦਾ ਭਾਂਡੇ ਕਲੀ ਕਰਾ ਲੋ ਪਰਾਂਤਾਂ ਦੇ ਪੌੜ ਲਵਾ ਲਓ
ਸਟੀਲ ਖਾ ਗਿਆ ਤਾਂਬੇ ਤੇ ਪਿੱਤਲ ਦਾ ਸੁਨਿਹਰੀ ਯੁੱਗ
ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2024: ਮਨੁੱਖੀ ਸਿਹਤ ਲਈ ਵਰਦਾਨ ਮੰਨੇ ਜਾਂਦੇ ਤਾਂਬੇ, ਪਿੱਤਲ ਅਤੇ ਕਾਂਸੀ ਦੇ ਸੁਨਿਹਰੀ ਯੁੱਗ ਨੂੰ ਪਲਾਸਟਿਕ ਅਤੇ ਸਟੀਲ ਨੇ ਨਿਗਲ ਲਿਆ ਹੈ। ਕੋਈ ਸਮਾਂ ਸੀ ਜਦੋਂ ਪਿੱਤਲ ਵਗੈਰਾ ਦੇ ਭਾਡਿਆਂ ਨੂੰ ਤ੍ਰੀਮਤਾਂ ਬੜੇ ਸ਼ੌਕ ਨਾਲ ਵਰਤਦੀਆਂ ਸਨ ਪਰ ਹੁਣ ਇਨ੍ਹਾਂ ਦੀ ਥਾਂ ਪਲਾਸਟਿਕ ਅਤੇ ਸਟੀਲ ਤੋਂ ਬਣੀਆਂ ਵਸਤਾਂ ਨੇ ਲੈ ਲਈ ਹੈ । ਸਿੱਟੇ ਵਜੋਂ ਇਹ ਵਿਰਾਸਤੀ ਭਾਂਡੇ ਪੰਜਾਬੀਆਂ ਦੀਆਂ ਰਸੋਈਆਂ ’ਚੋਂ ਗਾਇਬ ਹੋਕੇ ਨੁਮਾਇਸ਼ਾਂ ਦਾ ਸ਼ਿੰਗਾਰ ਬਣਕੇ ਰਹਿ ਗਏ ਹਨ। ਉੱਪਰੋਂ ਨਵੀਂ ਹਵਾ ’ਚ ਜੰਮੀਆਂ ਜਾਈਆਂ ਕੁੜੀਆਂ ਵੱਲੋਂ ਪਿੱਤਲ ਕਾਂਸੀ ਜਾਂ ਫਿਰ ਤਾਂਬੇ ਆਦਿ ਦੇ ਭਾਂਡੇ ਮਾਂਜੇ ਜਾਣ ਨੂੰ ਲੈਕੇ ਪੂਰੀ ਤਰਾਂ ਪਾਸਾ ਅਤੇ ਨੱਕ ਬੁੱਲ੍ਹ ਵੱਟਣ ਕਾਰਨ ਸਿਹਤ ਲਈ ਹਾਨੀਕਾਰਕ ਮੰਨੇ ਜਾਂਦੇ ਸਟੀਲ ਅਤੇ ਸਿਲਵਰ ਦੇ ਭਾਂਡਿਆਂ ਨੇ ਸਰਦਾਰੀ ਕਾਇਮ ਕਰ ਲਈ ਹੈ।
ਰੌਚਕ ਤੱਥ ਇਹ ਵੀ ਹੈ ਕਿ ਅੱਜੋਕੀ ਪੀੜ੍ਹੀ ਚੋਂ ਜਿਆਦਾਤਰ ਨੂੰ ਪਿੱਤਲ ਦੀਆਂ ਪ੍ਰਾਤਾਂ, ਗਾਗਰਾਂ, ਦੋਾਣੇ, ਡੋਹਰੇ, ਬਾਲਟੀਆਂ, ਕੰਗਣੀ ਵਾਲੇ ਗਿਲਾਸ, ਸੁਰਾਹੀਦਾਰ ਜੱਗ, ਕਾਂਸੀ ਤੋਂ ਬਣੀਆਂ ਵੱਟਦਾਰ ਕੌਲੀਆਂ, ਤਾਂਬੇ ਤੇ ਕਾਂਸੀ ਦੇ ਛੰਨਿਆਂ ਤੇ ਗੜਵੀਆਂ ਬਾਰੇ ਮੁਕੰਮਲ ਜਾਣਕਾਰੀ ਨਹੀਂ ਹੈ। ਇਸ ਵਰਤਾਰੇ ਦਾ ਇੱਕ ਮੰਦਭਾਗਾ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬੀ ਸੱਭਿਆਚਾਰ ’ਚ ‘ ਭੂਆ ’ ਵੱਲੋਂ ਆਪਣੀ ਭਤੀਜੀ ਨੂੰ ‘ ਸਰਵਣਮੱਟ ’ ਦੇ ਰੂਪ ’ਚ ਦਿੱਤੀ ਜਾਣ ਵਾਲੀ ਪਿੱਤਲ ਦੀ ਬਾਲਟੀ ਵੀ ‘ ਸਟੀਲ ’ ਨਾਂ ਦੇ ਦੈਂਤ ਦੀ ਭੇਂਟ ਚੜ੍ਹ ਗਈ ਹੈ। ਪੁੱਛੇ ਜਾਣ ਤੇ ਕਈ ਲੜਕੀਆਂ ‘ਸਰਵਨ ਮੱਟ’ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀਆਂ ਜਾਂ ਜਵਾਬ ਸੀ ਮੰਮੀ ਨੂੰ ਪਤਾ ਹੋਊਗਾ। ਕੁੱਝ ਸ਼ਹਿਰੀ ਨੌਜਵਾਨ ਵੀ ਪਿੱਤਲ ਦੀਆਂ ਵਿਰਾਸਤੀ ਵਸਤਾਂ ਬਾਰੇ ਕੋਈ ਵੀ ਢੁੱਕਵਾਂ ਜਵਾਬ ਨਹੀਂ ਦੇ ਸਕੇ।
ਕਾਲਜ ਦੇ ਇੱਕ ਵਿਦਿਆਰਥੀ ਨੇ ਬੌਨ ਚਾਈਨਾ ਦੇ ਡਿਨਰ ਸੈਟਾਂ ਬਾਰੇ ਤਾ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਪਰ ਉਹ ਪਿੱਤਲ ਦੀਆਂ ਥਾਲੀਆਂ ਕੌਲੀਆਂ ਦੀ ਮਹੱਤਤਾ ਬਾਰੇ ਦੱਸ ਨਹੀਂ ਸਕਿਆ। ਜਤਿੰਦਰ ਕੁਮਾਰ ਨਾਂ ਦੇ ਇੱਕ ਲੜਕੇ ਨੇ ਕਿਹਾ ਕਿ ਪਿੱਤਲ ਦੀਆਂ ਇਹ ਵਸਤਾਂ ਉਸ ਨੇ ਬਠਿੰਡਾ ਦੇ ਵਿਰਸਤੀ ਮੇਲੇ ਦੌਰਾਨ ਦੇਖੀਆਂ ਸਨ। ਵੱਡੀ ਗੱਲ ਇਹ ਵੀ ਹੈ ਕਿ ਪਿੱਤਲ ਦੀ ਵਰਤੋਂ ਘਟਣ ਕਰਕੇ ਇਸ ਨਾਲ ਜੁੜੇ ‘ ਭਾਂਡੇ ਕਲੀ ਕਰਨ ’ ਵਾਲੇ ਸਹਾਇਕ ਧੰਦੇ ਨੂੰ ਵੱਡੀ ਮਾਰ ਪਈ ਹੈ। ਹੁਣ ਪਿੰਡਾਂ-ਸ਼ਹਿਰਾਂ ’ਚ ਭਾਂਡੇ ਕਲੀ ਕਰਾ ਲਓ ਦੀਆਂ ਅਵਾਜਾਂ ਬੀਤੇ ਦਿਨਾਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ। ਇੱਕ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਕਰੀਬ ਦੋ ਦਰਜ਼ਨ ਮਸ਼ਹੂਰ ਕਲੀ ਕਰਨ ਵਾਲੇ ਕਾਰੀਗਰ ਸਨ ਜੋ ਵਕਤ ਦੀ ਗਰਦਿਸ਼ ’ਚ ਗੁੰਮ ਹੋ ਕੇ ਰਹਿ ਗਏ ।
ਕਈ ਕਾਰੀਗਾਰਾਂ ਦੇ ਇਸ ਜਹਾਨੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਇਆ ਨਹੀਂ ਜਦੋਂਕਿ ਕਈਆਂ ਨੇ ਰੋਜ਼ੀ ਰੋਟੀ ਦਾ ਜੁਗਾੜ ਨਾ ਹੁੰਦਾ ਵੇਖ ਇਹ ਧੰਦਾ ਤਿਆਗ ਦਿੱਤਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਧਾਤਾਂ ਕੁਦਰਤੀ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਬਣੇ ਭਾਂਡਿਆਂ ’ਚ ਰਾਤ ਸਮੇਂ ਰੱਖਿਆ ਪਾਣੀ ਸਵੇਰ ਵੇਲੇ ਪੀਣ ਨੂੰ ਗੁਣਕਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਣੀ ਮਿਹਦੇ ਵਿੱਚ ਪੈਦਾ ਹੋਏ ਤੇਜਾਬੀ ਮਾਦੇ ਨੂੰ ਖਤਮ ਕਰਦਾ ਹੈ ਤੇ ਖੂਨ ਦਾ ਸ਼ੁੱਧੀਕਰਨ ਕਰਕੇ ਮਨੁੱਖ ਨੂੰ ਨਿਰੋਗ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਪਲਾਸਟਿਕ ਦੀ ਅੰਨੇਵਾਹ ਵਰਤੋਂ ਕਰਕੇ ਬਿਮਾਰੀਆਂ ਸਹੇੜ ਲਈਆਂ ਹਨ। ਆਯੂਰਵੇਦ ਦੇ ਇੱਕ ਮਾਹਿਰ ਨੇ ਦੱਸਿਆ ਕਿ ਵਿਦੇਸ਼ਾਂ ’ਚ ਤਾਂ ਅੱਜ ਕੱਲ ਤਾਂਬੇ ਦੇ ਔਜਾਰਾਂ ਅਤੇ ਬਰਤਨਾਂ ਦਾ ਨਿਰਮਾਣ ਹੋ ਰਿਹਾ ਹੈ ਜੋ ਕਿ ਰੋਗਾਣੂ ਰੋਧਕ ਅਤੇ ਮਨੁੱਖੀ ਸਿਹਤ ਲਈ ਵਰਦਾਨ ਹਨ।
ਆਧੁਨਿਕਤਾ ਦੀ ਚਕਾਚੌਂਧ ਜਿੰਮੇਵਾਰ
ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਆਧੁਨਿਕਤਾ ਦੀ ਚਕਾਚੌਧ ਵਿੱਚ ਪੰਜਾਬੀਆਂ ਨੇ ਆਪਣੇ ਅਮੀਰ ਵਿਰਸੇ ਦੀ ਥਾਂ ਹਾਨੀਕਾਰਕ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਬਰਤਨਾਂ ਨੂੰ ਆਪਣੀ ਪਹਿਲ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਲੋਕ ਗਾਇਕ ਆਪਣੇ ਗੀਤਾਂ ’ਚ ਇਨ੍ਹਾਂ ਵਸਤਾਂ ਦਾ ਜਿਕਰ ਕਰਦੇ ਹਨ ਜਾਂ ਇਹ ਅਜੈਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਜਮਾਨੇ ’ਚ ਇਨ੍ਹਾਂ ਧਾਤਾਂ ਤੋਂ ਬਣਾਏ ਜਾਂਦੇ ਪਿੱਤਲ ਵਗੈਰਾ ਦੇ ਭਾਂਡਿਆਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਹੁੰਦੀਆਂ ਸਨ ਜਿੱਥੇ ਅਕਸਰ ਖਰੀਦਦਾਰਾਂ ਦੀਆਂ ਲਾਈਨਾਂ ਲੱਗਦੀਆਂ ਸਨ ਪ੍ਰੰਤੂ ਹੁਣ ਇਹੋ ਜਿਹਾ ਸਾਮਾਨ ਵਿਕਦਾ ਹੈ ਜਿਸ ਦੇ ਟੁੱਟਣ ਤੋਂ ਬਾਅਦ ਧੇਲਾ ਵੀ ਕੀਮਤ ਨਹੀਂ ਰਹਿ ਜਾਂਦੀ ਹੈ।
ਸੁਆਹ ਨਾਲ ਭਾਂਡੇ ਮਾਂਜਣੇ ਔਖੇ
ਭਗਤਾ ਭਾਈ ’ਚ ਭਾਂਡਿਆਂ ਦੇ ਪੁਰਾਣੇ ਤੇ ਮਸ਼ਹੂਰ ਸਟੋਰ ‘ਪਾਲਾ ਰਾਮ ਦੀ ਭਾਂਡਿਆਂ ਦੀ ਦੁਕਾਨ’ ਦੇ ਮਾਲਕ ਸੁਰੇਸ਼ ਕੁਮਾਰ ਜਿੰਦਲ ਦਾ ਕਹਿਣਾ ਸੀ ਕਿ ਅਸਲ ’ਚ ਪਿੱਤਲ ਦੇ ਭਾਂਡੇ ਸੁਆਹ ਨਾਲ ਮਾਂਜਣੇ ਪੈਂਦੇ ਹਨ ਜੋ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਔਖਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੱਤਲ ਦਾ ਭਾਂਡਾ ਨਾਂ ਮਾਂਜਿਆ ਜਾਏ ਤਾਂ ਕਾਲਾ ਹੋ ਜਾਂਦਾ ਹੈ ਅਤੇ ਵਰਤੋਂ ਯੋਗ ਨਹੀਂ ਰਹਿੰਦਾ ਹੈ। ਇਸ ਦੇ ਉਲਟ ਸਟੀਲ ਦੇ ਬਰਤਨ ਅਸਾਨੀ ਨਾਲ ਧੋਤੇ ਜਾ ਸਕਦੇ ਹਨ ਜਿਸ ਕਰਕੇ ਵੀ ਨਵੀਂ ਪੀੜ੍ਹੀ ਨੇ ਤਰੱਦਦ ਕਰਨ ਦੀ ਥਾਂ ਸਟੀਲ ਦੇ ਭਾਂਡਿਆਂ ਨੂੰ ਰਸੋਈਆਂ ਦਾ ਸ਼ਿੰਗਾਰ ਬਣਾ ਲਿਆ ਹੈ।