ਚੰਡੀਗੜ੍ਹ ਤੋਂ ਲੁਧਿਆਣਾ ਰੋਡ 'ਤੇ ਡਰਾਈਵਰ ਨੂੰ ਗੋਲੀ ਮਾਰ ਕੇ ਲੁੱਟੀ ਕਾਰ
ਰਵਿੰਦਰ ਸਿੰਘ
ਖੰਨਾ: ਚੰਡੀਗੜ੍ਹ ਤੋਂ ਲੁਧਿਆਣਾ ਆਪਣੀ ਅਲਟੋ ਟੈਕਸੀ ਵਿੱਚ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਸਮਰਾਲਾ ਬਾਈਪਾਸ ਤੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਓਂ ਦੇ ਕੋਲ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ। ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਇੱਕ ਅਲਟੋ ਟੈਕਸੀ ਡਰਾਈਵਰ ਹੈ। ਮ੍ਰਿਤਕ ਟੈਕਸੀ ਚਾਲਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਦੀ ਆਲਟੋ ਗੱਡੀ ਨੂੰ ਖੋਹ ਕਿ ਨਾਲ ਲੈ ਗਏ। ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਨੇ ਮੌਕੇ ਤੇ ਦੱਸਿਆ ਕਿ ਮ੍ਰਿਤਕ ਰਵੀ ਕੁਮਾਰ ਤਿੰਨ ਤੋਂ ਚਾਰ ਮਹੀਨੇ ਤੋਂ ਟੈਕਸੀ ਚਲਾਉਂਦਾ ਸੀ। ਰਾਤ ਮੇਰੇ ਬੇਟੇ ਨੇ ਦੱਸਿਆ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣੇ ਦੀਆਂ ਸਵਾਰੀਆਂ ਮਿਲੀਆਂ ਹਨ। ਅਸੀਂ ਉਹ ਲੁਧਿਆਣੇ ਜਾ ਰਿਹਾ ਹੈ। ਉਸ ਤੋਂ ਬਾਅਦ ਦੁਬਾਰਾ ਵਜੇ ਤੜਕੇ ਫੋਨ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਪਾਪਾ ਮੇਰੇ ਗੋਲੀ ਲੱਗੀ ਹੈ। ਅਸੀਂ ਉਸ ਤੋਂ ਬਾਅਦ ਘਬਰਾ ਗਏ। ਮ੍ਰਿਤਕ ਰਵੀ ਦਾ ਡੇਢ ਸਾਲ ਪਹਿਲਾ ਵਿਆਹ ਹੋਇਆ ਸੀ।
ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਸਦੇ ਗੋਲੀ ਲੱਗੀ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਆਪਣੀ ਟੈਕਸੀ ਚ ਜਾ ਰਿਹਾ ਸੀ। ਜਲਦ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।