ਸ਼੍ਰੀ ਦਰਬਾਰ ਸਾਹਿਬ ਵਿਖੇ ਕੜਾਹੇ 'ਚ ਡਿੱਗੇ ਸੇਵਾਦਾਰ ਦੀ ਮੌਤ, ਸਿੱਖ ਸ਼ਖਸੀਅਤਾਂ ਅੰਤਿਮ ਸੰਸਕਾਰ ਚ ਪਹੁੰਚੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 11 ਅਗਸਤ 2024- ਬੀਤੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਦਾਲ ਵਾਲੇ ਕੜਾਹੇ ਚ ਡਿੱਗੇ ਸੇਵਾਦਾਰ ਦੀ ਇਲਾਜ ਦੌਰਾਨ ਬੀਤੇ ਦਿਨ ਮੌਤ ਹੋ ਗਈ ਸੀ। ਇਸ ਸੇਵਾਦਾਰ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਫਜੂਪੁਰ ਧਾਰੀਵਾਲ ਜ਼ਿਲਾ ਗੁਰਦਾਸਪੁਰ ਵਜੋਂ ਹੋਈ। ਜਿਸ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਇਲਾਕੇ ਭਰ ਦੇ ਲੋਕਾਂ ਨੇ ਪਹੁੰਚ ਕੇ ਇਸ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ 'ਤੇ ਮੈਨੇਜਰ ਦਰਬਾਰ ਸਾਹਿਬ ਬਲਵਿੰਦਰ ਸਿੰਘ ਦੇ ਇਲਾਵਾ ਪ੍ਰਮੁੱਖ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ ਅਤੇ ਕਈ ਹੋਰ ਧਾਰਮਿਕ ਸ਼ਖਸ਼ੀਅਤਾਂ ਹਾਜ਼ਰ ਸਨ। ਗੱਲਬਾਤ ਦੌਰਾਨ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ।ਉਨਾਂ ਨੂੰ ਸੇਵਾਦਾਰ ਬਲਬੀਰ ਸਿੰਘ ਦੇ ਜਾਣ ਦਾ ਬਹੁਤ ਦੁੱਖ ਹੈ ਅਤੇ ਉਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਨ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਸਥਾਨ ਦੇਣ।
ਉੱਥੇ ਹੀ ਮ੍ਰਿਤਕ ਦੇ ਭਰਾ ਸੁਰਿੰਦਰ ਬੱਗਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹਨਾਂ ਦਾ ਭਰਾ ਬਲਬੀਰ ਸਿੰਘ ਜੋ ਕਿ ਪੇਸ਼ੇ ਵਜੋਂ ਹਲਵਾਈ ਦਾ ਕੰਮ ਕਰਦਾ ਸੀ ਕਈ ਵਾਰ ਕੁਝ ਦਿਨਾਂ ਦੇ ਲਈ ਉਹ ਜਾ ਕੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਵੀ ਸੇਵਾ ਕਰਦਾ ਸੀ। ਉਸ ਦੀ ਬੇਵਕਤ ਹੋਈ ਮੌਤ ਦੇ ਨਾਲ ਜਿੱਥੇ ਪਰਿਵਾਰ ਨੂੰ ਬੇਹਦ ਘਾਟਾ ਪਿਆ ਹੈ, ਉੱਥੇ ਹੀ ਉਹਨਾਂ ਨੇ ਐਸਜੀਪੀਸੀ ਤੋਂ ਉਸਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ।