ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਹਰਜਿੰਦਰ ਸਿੰਘ ਭੱਟੀ
- ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਨਵ-ਨਿਯੁਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਦੇ ਮੁੱਦਿਆਂ `ਤੇ ਕੀਤੀ ਚਰਚਾ
- ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਨਵ-ਨਿਯੁਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਦੇ ਦੂਸਿ਼ਤ ਹੋ ਰਹੇ ਪਾਣੀਆਂ ਦੇ ਮੁੱਦੇ `ਤੇ ਕੀਤਾ ਵਿਚਾਰ ਵਟਾਂਦਰਾ
- ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸੰਧੂ ਨੂੰ ਪੰਜਾਬ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ, 11 ਅਗਸਤ 2024 - ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸ਼ਨੀਵਾਰ ਨੂੰ ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।ਮੀਟਿੰਗ ਦੌਰਾਨ ਸੰਸਦ ਮੈਂਬਰ ਸਤਨਾਮ ਸੰਧੂ ਨੇ ਵੱਖ-ਵੱਖ ਮੁੱਖ ਮੁੱਦਿਆਂ `ਤੇ ਚਰਚਾ ਕੀਤੀ। ਰਾਜਪਾਲ ਨਾਲ ਪੰਜਾਬ ਨੇ ਰਾਜ ਦੇ ਜਲ ਸਰੋਤਾਂ ਅਤੇ ਦਰਿਆਵਾਂ ਬੁੱਢੇ ਨਾਲੇ `ਚ ਸੁੱਟੀ ਜਾ ਰਹੀ ਗੰਦਗੀ, ਸਿੱਖਿਆ ਖੇਤਰ, ਪ੍ਰਵਾਸੀ ਪੰਛੀਆਂ ਦੀ ਘਟਦੀ ਗਿਣਤੀ ਤੇ ਪੰਜਾਬ ਤੇ ਰਾਜਸਥਾਨ ਦੀਆਂ ਜੰਗਲੀ ਜੀਵ ਰੱਖਾਂ ਦੀ ਸਾਂਭ ਸੰਭਾਲ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ।
ਸੰਧੂ, ਜੋ ਚੰਡੀਗੜ੍ਹ ਤੋਂ ਸੰਸਦ ਲਈ ਨਾਮਜ਼ਦ ਕੀਤੇ ਜਾਣ ਵਾਲੇ ਪਹਿਲੇ ਰਾਜ ਸਭਾ ਮੈਂਬਰ ਹਨ, ਨੇ ਪੰਜਾਬ ਦੇ ਰਾਜਪਾਲ ਨੂੰ ਦੱਸਿਆ ਕਿ ਇਨ੍ਹਾਂ ਮੁੱਦਿਆਂ ਦਾ ਹੱਲ ਪੰਜਾਬ ਅਤੇ ਰਾਜਸਥਾਨ ਸੂਬੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਦੂਸਿ਼ਤ ਪਾਣੀ ਦਾ ਮੁੱਦਾ ਹਰ ਲੰਘਦੇ ਸਾਲ ਨਾਲ ਚਿੰਤਾਜਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਇਸ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਲਈ ਸਾਡੇ ਸਾਰਿਆਂ ਦੀ ਫੌਰੀ ਦਖਲ ਦੀ ਲੋੜ ਹੈ ਇਸ ਤੋਂ ਪਹਿਲਾਂ ਕਿ ਇਹ ਸਾਡੇ ਸਾਰਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾਵੇ। ਰਾਜਪਾਲ ਨੇ ਇਨ੍ਹਾਂ ਮੁੱਦਿਆਂ ਦਾ ਉਚਿੱਤ ਨੋਟਿਸ ਲਿਆ ਤੇ ਸੰਸਦ ਮੈਂਬਰ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨ ਲਈ ਸਾਰੇ ਲੋੜੀਂਦੇ ਉਪਾਅ ਕੀਤੇ ਜਾਣਗੇ।
ਸੰਸਦ ਮੈਂਬਰ (ਰਾਜ ਸਭਾ) ਨੇ ਵਿਸ਼ੇਸ਼ ਤੌਰ `ਤੇ ਬੁੱਢੇ ਨਾਲੇ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਦੇ ਮੁੱਦੇ ਨੂੰ ਰਾਜਪਾਲ ਸਾਹਮਣੇ ਰੱਖਿਆ ਤੇ ਇਸਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ। ਪੰਜਾਬ ਦੇ ਜਲ ਸਰੋਤਾਂ ਵਿੱਚ ਤੇਜ਼ੀ ਨਾਲ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਕਾਰਨ ਨਾ ਸਿਰਫ ਸਿਹਤ ਲਈ ਕਈ ਖਤਰੇ ਪੈਦਾ ਹੋ ਰਹੇ ਹਨ ਜਿਵੇਂ ਕਿ ਕੈਂਸਰ, ਚਮੜੀ ਰੋਗ, ਗੈਸਟਰੋਐਂਟਰਾਇਟਿਸ, ਪੇਟ ਦੀਆਂ ਸਮੱਸਿਆਂ ਤੇ ਅੱਖਾਂ ਦੀ ਰੋਸ਼ਨੀ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਪਾਣੀ ਨੂੰ ਜ਼ਹਿਰੀਲਾ ਵੀ ਬਣਾ ਰਿਹਾ ਹੈ। ਸਿੰਚਾਈ ਅਤੇ ਜਲ-ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਸਤਲੁਜ ਦਰਿਆ ਜੋ ਕਿ ਪੰਜਾਬ ਅਤੇ ਰਾਜਸਥਾਨ ਦੇ 65 ਕਿਲੋਮੀਟਰ ਲੰਬੇ ਹਿੱਸੇ ਵਿੱਚੋਂ ਲੰਘਦਾ ਹੈ, ਇੰਦਰਾ ਗਾਂਧੀ ਨਹਿਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਰਿਹਾ ਹੈ। ਇੰਦਰਾ ਗਾਂਧੀ ਨਹਿਰ ਦੇਸ਼ ਦੀਆਂ ਸਭ ਤੋਂ ਲੰਬੀਆਂ ਨਹਿਰਾਂ ਵਿੱਚੋਂ ਇੱਕ ਹੈ ਅਤੇ ਸਾਫ਼ ਪਾਣੀ ਦਾ ਮੁੱਖ ਸਰੋਤ ਹੈ। ਸੂਬੇ ਦੇ ਅੱਠ ਜਿ਼ਲ੍ਹਿਆਂ ਦੇ 7,500 ਪਿੰਡਾਂ `ਚ ਰਹਿੰਦੇ 1.75 ਕਰੋੜ ਲੋਕਾਂ ਲਈ, ਨਹਿਰ ਦਾ ਪਾਣੀ ਜ਼ਹਿਰੀਲੇ ਕੂੜੇ ਤੇ ਗੰਦਗੀ ਦੀ ਭਰਮਾਰ ਕਾਰਨ ਕਾਲਾ ਹੋ ਗਿਆ ਹੈ।
ਬੁੱਢੇ ਨਾਲਾ ਸਤਲੁਜ ਦੀ ਇੱਕ ਸਹਾਇਕ ਨਦੀ ਹੈ, ਜਿਸ ਦੇ `ਚ ਪ੍ਰਦੂਸ਼ਣ ਦਾ ਮੁੱਖ ਕਾਰਨ ਪਾਣੀ ਦੇ ਸਰੋਤ ਵਿੱਚ ਗੈਰ-ਸੋਧਿਆ ਹੋਇਆ ਜ਼ਹਿਰੀਲਾ ਉਦਯੋਗਿਕ ਗੰਦਾ ਪਾਣੀ (ਉੱਚ ਮਾਤਰਾ) ਛੱਡਣਾ ਹੈ। ਪੰਜਾਬ ਸਰਕਾਰ ਦੀ ਇੱਕ ਰਿਪੋਰਟ ਦੇ ਅਨੁਸਾਰ, ਸਤਲੁਜ ਬੁੱਢੇ ਨਾਲੇ ਦੇ ਸੰਗਮ ਤੋਂ ਪਹਿਲਾਂ ਸ਼੍ਰੇਣੀ ਬੀ ਦਾ ਪਾਣੀ (ਦਰਮਿਆਨੀ ਜਲ ਪ੍ਰਦੂਸ਼ਣ) ਲੈ ਕੇ ਜਾਂਦਾ ਹੈ, ਪਰ ਲੁਧਿਆਣਾ ਦੇ ਨਾਲੇ ਦੇ ਸੰਗਮ ਤੋਂ ਬਾਅਦ ਸ਼੍ਰੇਣੀ ਈ ਦਾ ਪਾਣੀ (ਉੱਚ ਪੱਧਰ ਦਾ ਪ੍ਰਦੂਸ਼ਣ ਇਸ ਨੂੰ ਕਿਸੇ ਵੀ ਮਨੁੱਖੀ ਜਾਂ ਸਿੰਚਾਈ ਦੀ ਵਰਤੋਂ ਲਈ ਅਯੋਗ ਬਣਾਉਂਦਾ ਹੈ) ਬਣ ਜਾਂਦਾ ਹੈ। ਬੁੱਢੇ ਨਾਲੇ ਦੇ ਸੰਗਮ ਤੋਂ ਬਾਅਦ ਸਤਲੁਜ ਵਿੱਚ ਕ੍ਰੋਮੀਅਮ ਅਤੇ ਆਰਸੈਨਿਕ ਦੀ ਰਹਿੰਦ ਖੂੰਹਦ ਦੇਖੀ ਜਾ ਸਕਦੀ ਹੈ। ਸੀਵਰੇਜ ਦੇ ਪਾਣੀ ਤੋਂ ਇਲਾਵਾ, ਉਦਯੋਗਿਕ ਇਕਾਈਆਂ ਜਿਵੇਂ ਕਿ ਰੰਗਾਈ ਯੂਨਿਟ, ਇਲੈਕਟ੍ਰੋਪਲੇਟਿੰਗ, ਹੌਜ਼ਰੀ, ਸਟੀਲ ਰੋਲਿੰਗ ਮਿੱਲ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਵਾਲੇ ਪ੍ਰਮੁੱਖ ਸਰੋਤ ਹਨ। 228 ਰੰਗਾਈ ਯੂਨਿਟਾਂ ਅਤੇ 16 ਆਉਟਲੈਟਾਂ ਤੋਂ ਜ਼ਹਿਰੀਲਾ ਅਣਸੋਧਿਆ ਉਦਯੋਗਿਕ ਗੰਦਾ ਪਾਣੀ ਜੋ ਸਿੱਧੇ ਤੌਰ `ਤੇ ਸੀਵਰੇਜ ਅਤੇ ਉਦਯੋਗਿਕ ਰਹਿੰਦ-ਖੂੰਹਦ ਨੂੰ ਨਾਲੇ ਵਿੱਚ ਛੱਡਦਾ ਹੈ।
ਬੁੱਢਾ ਨਾਲਾ ਅਤੇ ਪੂਰਬੀ ਬੇਨ (ਪੰਜਾਬ ਦੇ ਦੁਆਬੇ ਦੀ ਇੱਕ ਨਦੀ) ਪਾਣੀ ਦੇ ਦੋ ਪ੍ਰਮੁੱਖ ਸਰੋਤ ਹਨ ਜੋ ਲਗਾਤਾਰ ਅਣਸੋਧਿਆ ਗੰਦਾ ਪਾਣੀ ਸਤਲੁਜ ਵਿੱਚ ਛੱਡ ਰਹੇ ਹਨ। ਸਰਵੇਖਣਾਂ ਅਨੁਸਾਰ, ਬੁੱਢਾ ਨਾਲਾ ਔਸਤਨ ਪ੍ਰਤੀ ਦਿਨ ਲਗਭਗ 16,672 ਕਿਲੋਗ੍ਰਾਮ ਜੈਵਿਕ ਆਕਸੀਜਨ ਦੀ ਮੰਗ (ਬੀਓਡੀ) ਲੋਡ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਈਸਟ ਬੇਨ ਬੀਓਡੀ ਲੋਡ ਵਿੱਚ ਪ੍ਰਤੀ ਦਿਨ ਲਗਭਗ 20,900 ਕਿਲੋਗ੍ਰਾਮ ਯੋਗਦਾਨ ਪਾਉਂਦੀ ਹੈ।
ਇਸ ਦੌਰਾਨ ਦੂਸਿ਼ਤ ਜਲ ਸਰੋਤ ਸਿੰਚਾਈ ਦੇ ਪਾਣੀ ਨੂੰ ਵੀ ਜ਼ਹਿਰੀਲਾ ਕਰ ਰਹੇ ਹਨ ਜਿਸ ਨਾਲ ਵਾਹੀਯੋਗ ਉਪਜਾਊ ਜ਼ਮੀਨਾਂ ਬੰਜਰ ਹੋਣ ਦੀ ਕਗਾਰ ਵੱਲ ਵੱਧ ਰਹੀਆਂ ਹਨ ਤੇ ਪੰਜਾਬ ਦੇ ਖੇਤੀ ਸੰਕਟ ਵਿੱਚ ਵਾਧਾ ਹੋ ਰਿਹਾ ਹੈ।
ਸੰਧੂ ਨੇ ਕਿਹਾ ਕਿ ਉਦਯੋਗਾਂ ਵੱਲੋਂ ਦਰਿਆਈ ਪਾਣੀ ਨੂੰ ਦੂਸਿ਼ਤ ਕਰਨ ਕਰ ਕੇ ਉਪਜਾਊ ਖੇਤ ਬੰਜਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਬਹੁਤ ਸਾਰੇ ਖੇਤਰਾਂ ਵਿੱਚ ਕਿਸਾਨ ਹੁਣ ਫਸਲਾਂ ਉਗਾਉਣ ਤੋਂ ਅਸਮਰੱਥ ਹੋ ਗਏ ਹਨ ਕਿਉਂਕਿ ਮੁੱਖ ਤੌਰ `ਤੇ ਟੈਕਸਟਾਈਲ ਉਦਯੋਗ ਦੇ ਅਣਸੋਧਿਆ ਉਦਯੋਗਿਕ ਰਹਿੰਦ-ਖੂੰਹਦ ਦੁਆਰਾ ਦਰਿਆਈ ਪਾਣੀ ਦੇ ਪ੍ਰਦੂਸਿ਼ਤ ਹੋਣ ਕਾਰਨ ਉਨ੍ਹਾਂ ਦੀ ਖੇਤੀਬਾੜੀ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਵੀ ਪ੍ਰਵਾਸੀ ਪੰਛੀਆਂ ਦੀ ਘਟ ਰਹੀ ਗਿਣਤੀ ਅਤੇ ਪੰਜਾਬ ਅਤੇ ਨਾਲ ਲੱਗਦੇ ਰਾਜਸਥਾਨ ਵਿੱਚ ਜਲ ਸਰੋਤ ਪ੍ਰਦੂਸਿ਼ਤ ਹੋਣ ਦਾ ਮੁੱਦਾ ਉਠਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲੀ ਜੀਵ ਰੱਖਾਂ ਦੀ ਸੰਭਾਲ ਵਾਤਾਵਰਣ ਤੇ ਪਰਵਾਸੀ ਪੰਛੀਆਂ ਦੀ ਸੰਭਾਲ ਲਈ ਬਹੁਤ ਜ਼ਰੂਰੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ, “ਪੰਜਾਬ ਸੂਬੇ ਸੱਤ ਜੰਗਲੀ ਜੀਵ ਰੱਖਾਂ ਹਨ, ਜਿਨ੍ਹਾਂ ਵਿੱਚੋਂ ਛੇ ਸੁਰੱਖਿਅਤ ਹਨ ਅਤੇ ਰਾਮਸਰ ਸਾਈਟਾਂ ਵਜੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ਦੇ ਘਟਣ ਕਾਰਨ ਸੂਬੇ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਹਰ ਸਾਲ ਕਮੀ ਆਈ ਹੈ। ਸਾਨੂੰ ਰਾਜ ਵਿੱਚ ਪ੍ਰਵਾਸੀ ਪੰਛੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਜੰਗਲੀ ਜੀਵ ਰੱਖਾ ਦੀ ਸੁਰੱਖਿਆ ਲਈ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ”
ਰਾਜ ਸਭਾ ਮੈਂਬਰ ਨੇ ਕਿਹਾ ਕਿ 2021-22 `ਚ ਪੰਜਾਬ ਦੇ ਰਾਮਸਰ ਸਾਈਟਾਂ `ਤੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ 95,928 ਸੀ, ਜੋ ਕਿ 2022-23 ਵਿੱਚ ਘਟ ਕੇ 85,882 ਰਹਿ ਗਈ ਹੈ। ਆਮ ਤੌਰ `ਤੇ ਪ੍ਰਵਾਸੀ ਪੰਛੀਆਂ ਦਾ ਸਭ ਤੋਂ ਵੱਡਾ ਹਿੱਸਾ ਹਰੀਕੇ ਜੰਗਲੀ ਜੀਵ ਰੱਖ ਵਿੱਚ ਆਉਂਦਾ ਹੈ।