ਜੇਜੋਂ ਚੋਅ ਵਿੱਚ ਹਾਦਸੇ 'ਤੇ ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਹੁਸ਼ਿਆਰਪੁਰ, 11 ਅਗਸਤ 2024 - ਅੱਜ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹੋਏ ਇੱਕ ਦਰਦਨਾਕ ਹਾਦਸੇ 'ਚ ਇੱਕ ਇਨੋਵਾ ਗੱਡੀ, ਜਿਸ ਵਿੱਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਦੁਖਦ ਮੌਤ ਹੋ ਗਈ ਹੈ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਐਨ.ਡੀ.ਆਰ.ਐੱਫ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ ਹੈ।
ਇਸ ਘਟਨਾ 'ਤੇ ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਨੇ ਐਕਸ 'ਤੇ ਟਵੀਟ ਕਰਦਿਆਂ ਕਿਹਾ ਕਿ, "ਜੇਜੋ (ਹਿਮਾਚਲ-ਪੰਜਾਬ ਬਾਰਡਰ) ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਊਨਾ ਜ਼ਿਲ੍ਹੇ ਦੇ ਪਿੰਡ ਡੇਹਲਾਨ ਦੇ ਕਰੀਬ 9 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ।
ਮੈਂ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹਿੰਮਤ ਬਖਸ਼ੇ।"