ਧੱਕੇ ਨਾਲ ਕਾਰਾਂ ਚੁੱਕਣ ਦਾ ਪੰਗਾ ਹੁਣ ਸੜਕਾਂ 'ਤੇ ਹੋਵੇਗਾ ਦੰਗਾ: ਮਾਮਲਾ ਟੋਅ ਵੈਨ ਰਾਹੀਂ ਕਾਰਾਂ ਟੋਅ ਕਰਨ ਦਾ
ਅਸ਼ੋਕ ਵਰਮਾ
ਬਠਿੰਡਾ,11 ਅਗਸਤ 2024: ਬਠਿੰਡਾ ਦੇ ਵਪਾਰੀਆਂ ਨੇ ਅੱਜ ਸ਼ਹਿਰ ਵਿੱਚ ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਖ ਵੱਖ ਬਜ਼ਾਰਾਂ ’ਚ ਖਲੋਤੀਆਂ ਕਾਰਾਂ ਧੱਕੇਸ਼ਾਹੀ ਨਾਲ ਚੁੱਕਣ ਦੇ ਮਾਮਲੇ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਤਾੜਨਾ ਕਰ ਦਿੱਤੀ ਹੈ। ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਬਠਿੰਡਾ ਦੇ ਵਪਾਰੀ ਵਰਗ ਨੇ ਅੱਜ ਇਕੱਤਰ ਹੋਕੇ ਵਪਾਰ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਬਠਿੰਡਾ ਬਣਾਈ ਹੈ ਜਿਸ ਨੇ ਮੁਢਲੇ ਪੜਾਅ ਤੇ ਤਿੰਨ ਸਫਿਆਂ ਦਾ ਪੱਤਰ ਲਿਖਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸਥਿਤੀ ਦੀ ਗੰਭੀਰਤਾ ਤੋਂ ਜਾਣੂੰ ਕਰਵਾਇਆ ਹੈ ਕਿ ਕਿਸ ਤਰਾਂ ਸ਼ਹਿਰ ਵਿੱਚ ਧੱਕਾ ਹੋ ਰਿਹਾ ਹੈ ਪਰ ਸੁਣਵਾਈ ਨਹੀਂ ਹੋ ਰਹੀ ਹੈ। ਸੰਘਰਸ਼ ਕਮੇਟੀ ਨੇ 15 ਅਗਸਤ ਅਜਾਦੀ ਦਿਵਸ ਵਾਲੇ ਦਿਨ ਬਠਿੰਡਾ ਬੰਦ ਰੱਖਣ ਦਾ ਸੱਦਾ ਦੇਕੇ ਫਾਇਰ ਬ੍ਰਿਗੇਡ ਚੌਂਕ ’ਚ ਸੰਕੇਤਕ ਧਰਨਾ ਲਾਉਣ ਦਾ ਵੀ ਐਲਾਨ ਕੀਤਾ ਹੈ।
ਨਗਰ ਨਿਗਮ ਤੇ ਕਾਂਗਰਸ ਕਾਬਜ ਹੈ ਜਿਸ ਵੱਲੋਂ ਮਲਟੀਸਟੋਰੀ ਪਾਰਕਿੰਗ ਠੇਕੇ ਤੇ ਚੜ੍ਹਾਈ ਗਈ ਹੈ। ਅੱਜ ਕਰੀਬ ਅੱਧੀ ਦਰਜਨ ਕਾਂਗਰਸੀ ਕੌਂਸਲਰਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠਕੇ ਵਪਾਰੀਆਂ ਨਾਲ ਡਟਣ ਦੀ ਗੱਲ ਆਖੀ ਹੈ। ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਸ਼ਹਿਰ ਦੇ ਵਪਾਰੀਆਂ ਦੇ ਤਲਖੀ ਭਰੇ ਤੇਵਰਾਂ ਨੂੰ ਦੇਖਦਿਆਂ ਸਿਆਸੀ ਨਫਾ ਨੁਕਸਾਨ ਦੇ ਡਰੋਂ ਅੱਜ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਵੀ ਮਟਿੰਗ ’ਚ ਹਾਜਰੀ ਭਰੀ ਅਤੇ ਵਪਾਰੀਆਂ ਤੇ ਠੰਢਾ ਛਿੜਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੇ ਬਾਵਜੂਦ ਅੱਜ ਮੀਟਿੰਗ ਵਿੱਚ ਵਪਾਰੀ ਨਗਰ ਨਿਗਮ ਦੇ ਵਤੀਰੇ ਅਤੇ ਕਾਰਗੁਜ਼ਾਰੀ ਤੋਂ ਕਾਫੀ ਖਫਾ ਦਿਖੇ। ਵਪਾਰੀ ਆਗੂਆਂ ਨੇ ਆਖਿਆ ਕਿ ਹੁਣ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਸ਼ਹਿਰ ਵਿੱਚ ਨਿੱਤ ਦਿਨ ਟੋਅ ਵੈਨ ਕਾਰਨ ਗਾਲੀ ਗਲੋਚ ਦੇ ਮਾਮਲੇ ਵਧ ਰਹੇ ਹਨ।
ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਜਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਹੁਣ ਵੀ ਸੁਣਵਾਈ ਨਾਂ ਕੀਤੀ ਤਾਂ ਮਜਬੂਰਨ ਵੱਡਾ ਸੰਘਰਸ਼ ਵਿੱਢਣਾ ਪਵੇਗਾ। ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵਪਾਰੀਆਂ ਨੇ ਅੱਜ ਪੁਲੀਸ ਨੂੰ ਨਿਸ਼ਾਨਾ ਬਣਾਇਆ ਅਤੇ ਬਜ਼ਾਰਾਂ ਵਿੱਚ ਵਧ ਰਹੀਆਂ ਧੱਕੇਸ਼ਾਹੀਆਂ ਦੇ ਮਾਮਲਿਆਂ ’ਤੇ ਫਿਕਰ ਵੀ ਜ਼ਾਹਰ ਕੀਤੇ। ਇਸ ਮੌਕੇ ਸਮੂਹ ਭਾਈਚਾਰੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅੱਜ ਚਿਤਾਵਨੀ ਦਿੱਤੀ ਹੈ ਕਿ ਜੇ ਆਉਂਦੇ ਦਿਨਾਂ ਵਿੱਚ ਸ਼ਹਿਰ ਵਿੱਚ ਨਿਯਮਾਂ ਦੇ ਉਲਟ ਚਲਾਈ ਜਾ ਰਹੀ ਟੋਅ ਵੈਨ ਦੀ ਸਮੱਸਿਆ ਕੰਟਰੋਲ ਅਤੇ ਧੱਕੇਸ਼ਾਹੀ ਰੋਕਣ ਲਈ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਉਹ ਸੜਕਾਂ ’ਤੇ ਉਤਰਨਗੇ। ਉਨ੍ਹਾਂ ਆਖਿਆ ਕਿ ਸ਼ਹਿਰ ਵਿੱਚ ਹੁਣ ਵਪਾਰੀ ਸੁਰੱਖਿਅਤ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਦੁਕਾਨਾਂ ਤੇ ਆਉਣ ਵਾਲੇ ਗਾਹਕ ਸੁਰੱਖਿਅਤ ਹਨ। ਉਨ੍ਹਾਂ ਨੇ ਇਸ ਨੂੰ ਪੁਲੀਸ ਦੀ ਨਲਾਇਕੀ ਦੱਸਿਆ।
ਇੱਕ ਵਪਾਰੀ ਆਗੂ ਨੇ ਆਖਿਆ ਕਿ ਪੁਲੀਸ ਤਾਂ ਸਿਆਸੀ ਲੋਕਾਂ ਦੇ ਚਹੇਤਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਜਦੋਂ ਕਿ ਆਮ ਨਾਗਰਿਕ ਦੀ ਸੁਰੱਖਿਆ ਰੱਬ ਭਰੋਸੇ ਹੈ। ਉਨ੍ਹਾਂ ਆਖਿਆ ਕਿ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਕੋਈ ਇੱਕ ਮਿੰਟ ਲਈ ਵੀ ਆਪਣੀ ਕਾਰ ਚੋਂ ਸੜਕ ’ਤੇ ਨਿਕਲ ਨਹੀਂ ਸਕਦਾ ਹੈ ਕਿਉਂਕਿ ਦਿਨ ਚੜ੍ਹਦਿਆਂ ਹੀ ਬਜ਼ਾਰਾਂ ’ਚ ਤਾਇਨਾਤ ਹੋ ਜਾਂਦੀ ਠੇਕੇਦਾਰ ਦੇ ਬੰਦਿਆਂ ਦੀ ਫੌਜ ਅੱਖ ਦੇ ਫੇਰੇ ’ਚ ਟਾਇਰਾਂ ਨੂੰ ਲਾਕ ਕਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪਹਿਲਾਂ ਵੀ ਲਿਖਤੀ ਸ਼ਕਾਇਤਾਂ ਕੀਤੀਆਂ ਗਈਆਂ ਹਨ ਜਿੰਨ੍ਹਾਂ ਦੀ ਜਾਂਚ ਕਰਨ ਬਾਰੇ ਕਿਹਾ ਜਾ ਰਿਹਾ ਹੈ ਫਿਰ ਵੀ ਦਿਨ ਬਦਿਨ ਧੱਕੇਸ਼ਾਹੀ ਨਾਲ ਕਾਰਾਂ ਟੋਅ ਕਰਨ ਕਾਰਨ ਝਗੜੇ ਅਤੇ ਗਾਲੀ ਗਲੋਚ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਮੀਟਿੰਗ ਦੌਰਾਨ ਵਪਾਰੀਆਂ ਨੇ ਚਿੰਤਾ ਜਤਾਈ ਕਿ ਕਿਸੇ ਰੌਲੇ ਰੱਪੇ ਦੀ ਸੂਰਤ ’ਚ ਟਰੈਫਿਕ ਪੁਲੀਸ ਦੇ ਸਿਪਾਹੀ ਮਾਮਲਾ ਸੁਲਾਝਾਉਣ ਤੋਂ ਜ਼ਿਆਦਾ ਜ਼ੋਰ ਠੇਕੇਦਾਰਾਂ ਦਾ ਪੱਖ ਪੂਰਨ ਅਤੇ ਪੀੜਤ ਨੂੰ ਡਰਾਉਣ ਧਮਕਾਉਣ ’ਤੇ ਦਿੰਦੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਜਿੰਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਵਪਾਰੀਆਂ ਨਾਲ ਹੁੰਦੀ ਧੱਕੇਸ਼ਾਹੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਨੇ ਆਖਿਆ ਕਿ ਵਪਾਰ ਅਤੇ ਵਪਾਰੀ ਵੀ ਹੁਣ ਸੁਰੱਖਿਅਤ ਨਹੀਂ ਰਹੇ ਹਨ ਅਤੇ ਠੇਕੇਦਾਰ ਬਜ਼ਾਰਾਂ ’ਚੋਂ ਲਗਾਤਾਰ ਵਾਹਨ ਟੋਅ ਕਰ ਰਹੇ ਹਨ ਜਿਸ ਕਰਕੇ ਵਪਾਰੀਆਂ ਨੂੰ ਹੁਣ ਖੁਦ ਆਪਣੇ ਕਾਰੋਬਾਰ ਦੀ ਰਾਖੀ ਕਰਨ ਲਈ ਨਿੱਤਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਪ੍ਰਜੈਕਟ ਤੋਂ ਪਹਿਲਾਂ ਅਮਨ ਚੈਨ ਨਾਲ ਧੰਦਾ ਚਲਾ ਰਹੇ ਵਪਾਰੀਆਂ ਨੂੰ ਹੁਣ ਅਣਸੁਖਾਵੀ ਘਟਨਾਂ ਵਾਪਰਨ ਦੇ ਡਰ ਅਤੇ ਦਹਿਸ਼ਤ ਦੇ ਮਹੌਲ ’ਚ ਕੰਮ ਕਰਨਾ ਪੈ ਰਿਹਾ ਹੈ।
ਇੱਕ ਵਪਾਰੀ ਆਗੂ ਦਾ ਕਹਿਣਾ ਸੀ ਕਿ ਅਕਸਰ ਜੁਰਮਾਨਾ ਵਸੂਲਣ ਮਗਰੋਂ ਸਬੰਧਤ ਕਾਰ ਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਟਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਠੇਕੇਦਾਰਾਂ ਦਾ ਮਕਸਦ ਪੈਸਾ ਇਕੱਤਰ ਕਰਨਾ ਰਹਿ ਗਿਆ ਹੈ । ਕੁੱਝ ਆਗੂਆਂ ਨੇ ਸੁਝਾਓ ਦਿੱਤਾ ਕਿ ਜੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਨੇ ਗੱਲ ਨਾ ਸੁਣੀ ਤਾਂ ਸੰਘਰਸ਼ ਕਮੇਟੀ ਨੂੰ ਫੌਰੀ ਮੀਟਿੰਗ ਕਰਕੇ ਪ੍ਰਸ਼ਾਸ਼ਨ ਖਿਲਾਫ ਸ਼ਹਿਰ ਵਿੱਚ ਵੱਡੀ ਪੱਧਰ ਧਰਨੇ ਮੁਜ਼ਾਹਰੇ ਕਰਨ ਦੀ ਰਣਨੀਤੀ ਉਲੀਕਣੀ ਚਾਹੀਦੀ ਹੈ। ਆਗੂਆਂ ਨੇ ਪ੍ਰਸ਼ਾਸ਼ਨ ਨੂੰ ਨਸੀਹਤ ਦਿੱਤੀ ਕਿ ਉਹ ਟਰੈਫਿਕ ਕੰਟਰੋਲ ਵਾਸਤੇ ਢੁੱਕਵੀਂ ਯੋਜਨਾਬੰਦੀ ਕਰੇ ਨਾਂਕਿ ਨਗਰ ਨਿਗਮ ਬਠਿੰਡਾ ਅਤੇ ਪੰਜਾਬ ਸਰਕਾਰ ਦਾ ਟੈਕਸਾਂ ਦੇ ਰੂਪ ’ਚ ਖਜਾਨਾ ਭਰਨ ਵਾਲਿਆਂ ਦਾ ਗਲਾ ਘੁੱਟਣ ਦੀਆਂ ਸਕੀਮਾਂ ਬਣਾਉਂਦਾ ਰਹੇ।