'ਭਾਜਪਾ ਨੇ ਹਰਿਆਣਾ ਦੇ ਸਿਪਾਹੀਆਂ, ਪਹਿਲਵਾਨਾਂ ਅਤੇ ਕਿਸਾਨਾਂ ਦਾ ਅਪਮਾਨ ਕੀਤਾ', ਹਰਿਆਣਾ 'ਚ ਗਰਜੇ ਸੀਐੱਮ ਮਾਨ
ਚੰਡੀਗੜ੍ਹ, 12 ਅਗਸਤ 2024- ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਪਹੁੰਚੇ। ਇੱਥੇ ਉਨ੍ਹਾਂ ‘ਆਪ’ ਦੀ ਤਬਦੀਲੀ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਸੀ.ਐਮ ਮਾਨ ਨੇ ਕਿਹਾ ਕਿ ਹਰਿਆਣਾ ਦੇ ਸਿਪਾਹੀ, ਪਹਿਲਵਾਨ ਅਤੇ ਕਿਸਾਨ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਕਾਫੀ ਮਸ਼ਹੂਰ ਹਨ। ਪਰ ਭਾਜਪਾ ਸਰਕਾਰ ਨੇ ਇਨ੍ਹਾਂ ਤਿੰਨਾਂ ਵਰਗਾਂ ਦਾ ਅਪਮਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਹੋਰ ਵੀ ਕਈ ਹਮਲੇ ਕੀਤੇ ਹਨ।
ਮਾਨ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਦੇਸ਼ ਗਰੀਬੀ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੀ ਇਸ ਹਾਲਤ ਲਈ ਕਾਂਗਰਸ ਅਤੇ ਭਾਜਪਾ ਜ਼ਿੰਮੇਵਾਰ ਹਨ। ਇੱਕ ਪਾਸੇ ਅਮਰੀਕਾ ਚੰਦਰਮਾ 'ਤੇ ਪਲਾਟ ਕੱਟ ਰਿਹਾ ਹੈ, ਦੂਜੇ ਪਾਸੇ ਭਾਰਤ ਸੀਵਰੇਜ ਦੀ ਲੜਾਈ ਲੜਨ ਜਾ ਰਿਹਾ ਹੈ। ਉਨ੍ਹਾਂ ਅੱਗੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੇ ਨੌਜਵਾਨ ਦੇਸ਼ ਦੀ ਜ਼ਿੰਮੇਵਾਰੀ ਸੰਭਾਲਣ।