ਰਾਮ ਰਹੀਮ ਫਰਲ੍ਹੋ: ਸਿਆਸੀ ਹਲਕਿਆਂ ’ਚ ਚੁੰਝ ਚਰਚਾ ਛਿੜੀ
ਅਸ਼ੋਕ ਵਰਮਾ
ਚੰਡੀਗੜ੍ਹ,13 ਅਗਸਤ 2024: ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ 21 ਦਿਨਾਂ ਦੀ ਫਰਲ੍ਹੋ ਛੁੱਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮਾਹੌਲ ਕਾਰਨ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਹਾਲਾਂਕਿ ਪੈਰੋਲ ਜਾਂ ਫਰਲ੍ਹੋ ਮਿਲਣਾ ਕਾਨੂੰਨੀ ਵਰਤਾਰਾ ਹੈ ਪਰ ਸਿਆਸੀ ਹਲਕੇ ਡੇਰਾ ਮੁਖੀ ਨੂੰ ਲੈਕੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਇਸ ਫੈਸਲੇ ਨੂੰ ਕੁੱਝ ਮਹੀਨੇ ਬਾਅਦ ਹਰਿਆਣੇ ’ਚ ਹੋਣ ਵਾਲੀਆਂ ਐਸੰਬਲੀ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਮੁਖੀ ਨੂੰ ਫਰਲ੍ਹੋ ਜਾਂ ਪੈਰੋਲ ਨਾ ਦੇਣ ਸਬੰਧੀ ਦਾਇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਲੰਘੇ ਸ਼ੁੱਕਰਵਾਰ ਨੂੰ ਆਦੇਸ਼ ਦਿੱਤੇ ਸਨ ਕਿ ਹਰਿਆਣਾ ਸਰਕਾਰ ਇਸ ਮਾਮਲੇ ’ਚ ਕਾਇਦੇ ਕਾਨੂੰਨਾਂ ਅਨੁਸਾਰ ਫੈਸਲਾ ਕਰੇ।
ਮੰਗਲਵਾਰ ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਫਰਲ੍ਹੋ ਦੇ ਦਿੱਤੀ ਹੈ ਜਿਸ ਤਹਿਤ ਡੇਰਾ ਸਿਰਸਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਦੇ ਬਰਨਾਵਾ ਸਥਿਤ ਡੇਰੇ ਪੁੱਜ ਵੀ ਗਏ ਹਨ । ਅਗਾਮੀ 15 ਅਗਸਤ ਨੂੰ ਡੇਰਾ ਮੁਖੀ ਦਾ ਜਨਮ ਦਿਨ ਹੈ ਜਿਸ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਪੂਰੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਸਮਾਗਮ ਲਈ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੇਸ਼ੱਕ ਇਸ ਮੁੱਦੇ ਤੇ ਡੇਰਾ ਪ੍ਰਬੰਧਕ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ ਪਰ ਸਿਆਸੀ ਹਲਕਿਆਂ ’ਚ ਚੁੰਝ ਚਰਚਾ ਛਿੜੀ ਹੋਈ ਹੈ ਕਿ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਇਹ ਫਰਲੋ ਉਦੋਂ ਦਿੱਤੀ ਹੈ ਜਦੋਂ ਭਾਜਪਾ ਕੁੱਝ ਮਹੀਨੇ ਪਿੱਛੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਤਰਾਂ ਨਾਲ ਮਾਹੌਲ ਭਖਾਉਣ ’ਚ ਜੁਟੀ ਹੋਈ ਹੈ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਦਿੱਲੀ ਜਾਣ ਲਈ ਸ਼ੰਭੂ ਬਾਰਡਰ ਤੇ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਹਰਿਆਣਾ ਸਰਕਾਰ ਦੀ ਰਹੀ ਭੂਮਿਕਾ ਅਤੇ ਇੱਕ ਕਿਸਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ ਕਰਕੇ ਹਰਿਆਣਾ ਦੀ ਕਿਸਾਨੀ ’ਚ ਬਣੀ ਨਰਾਜ਼ਗੀ ਨੂੰ ਦੇਖਦਿਆਂ ਭਾਜਪਾ ਲਈ ਇਹ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਸੂਤਰ ਦੱਸਦੇ ਹਨ ਕਿ ਹਰਿਆਣਾ ’ਚ ਲਗਾਤਰ ਦੋ ਵਾਰ ਸਰਕਾਰ ਬਣਾ ਚੁੱਕੀ ਬੀਜੇਪੀ ਹੈਟ੍ਰਿਕ ਬਨਾਉਣ ਲਈ ਕੋਈ ਵੀ ਅੱਕ ਚੱਬਣ ਨੂੰ ਤਿਆਰ ਹੈ। ਇਸੇ ਕਾਰਨ ਹਰਿਆਣਾ ਦੀ ਰਾਜਨੀਤੀ ਦੇ ਜਾਣਕਾਰਾਂ ਨੂੰ ਡੇਰਾ ਮੁਖੀ ਦੀ ਫਰਲੋ ਦੇ ਤਾਰ ਭਾਜਪਾ ਦੀ ਇਸ ਸਿਆਸੀ ਸੋਚ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਇੰਨ੍ਹਾਂ ਮਾਹਿਰਾਂ ਨੂੰ ਜਾਪਦਾ ਹੈ ਕਿ ਭਾਜਪਾ ਰਾਮ ਰਹੀਮ ਰਾਹੀਂ ਹੁਣ ਡੇਰਾ ਪੈਰੋਕਾਰਾਂ ਵਰਗੇ ਮਹੱਤਵਪੂਰਨ ਵੋਟ ਬੈਂਕ ਨੂੰ ਇੱਕ ਤਰਾਂ ਨਾਲ ਸਿਆਸੀ ਸੁਨੇਹਾ ਦੇਣਾ ਚਾਹੁੰਦੀ ਹੈ।
ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ ਅਤੇ ਤਿੰਨ ਦਰਜਨ ਤੋਂ ਜਿਆਦਾ ਹਲਕਿਆਂ ਵਿੱਚ ਡੇਰਾ ਸਿਰਸਾ ਦੀ ਮਜਬੂਤ ਤਾਕਤ ਮੰਨੀ ਜਾਂਦੀ ਹੈ। ਜਾਣਕਾਰੀ ਅਨੁਸਾਰ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਨੇ ਭਾਜਪਾ ਨੂੰ ਹਮਾਇਤ ਦਿੱਤੀ ਸੀ ਤਾਂ ਪਾਰਟੀ ਨੇ 90 ਵਿੱਚੋਂ 47 ਸੀਟਾਂ ਜਿੱਤ ਕੇ ਪੂਰਨ ਬਹੁਮੱਤ ਨਾਲ ਸਰਕਾਰ ਬਣਾਈ ਸੀ। ਸਾਲ 2017 ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਣ ਕਾਰਨ ਡੇਰਾ ਪੈਰੋਕਾਰ ਨਰਾਜ਼ ਹੋ ਗਏ ਜਿਸ ਕਾਰਨ ਭਾਜਪਾ 40 ਹਲਕਿਆਂ ’ਚ ਜਿੱਤ ਸਕੀ ਅਤੇ ਸਰਕਾਰ ਬਨਾਉਣ ਲਈ ਚੌਟਾਲਿਆਂ ਅੱਗੇ ਗੋਡੇ ਟੇਕਣੇ ਪਏ ਸਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਗੋਡਣੀਆਂ ਵਾਲਾ ਜੋਰ ਲਾਉਣ ਦੇ ਬਾਵਜੂਦ ਡੇਰਾ ਪ੍ਰੇਮੀਆਂ ਦੇ ਗੜ੍ਹ ਸਿਰਸਾ ’ਚ ਭਾਜਪਾ ਇੱਕ ਵੀ ਸੀਟ ਤੇ ਨਾਂ ਜਿੱਤ ਸਕੀ ਜਦੋਂਕਿ ਫਤਿਹਾਬਾਦ ਜਿਲ੍ਹੇ ’ਚ ਦੋ ਸੀਟਾਂ ਹੀ ਮਿਲ ਸਕੀਆਂ ਸਨ।
ਵੱਡੀ ਗੱਲ ਇਹ ਵੀ ਹੈ ਕਿ 2024 ਦੀਆਂ ਸੰਸਦੀ ਚੋਣਾਂ ਮੌਕੇ ਬੀਜੇਪੀ ਹਰਿਆਣਾ ਦ 10 ਵਿੱਚੋਂ ਮਸਾਂ ਪੰਜ ਹਲਕਿਆਂ ’ਚ ਜਿੱਤ ਸਕੀ ਸੀ । ਇੰਨ੍ਹਾਂ ਵਿੱਚ ਵੀ ਤਿੰਨ ਹਲਕੇ ਉਹ ਹਨ ਜਿੰਨ੍ਹਾਂ ’ਚ ਡੇਰਾ ਸਿਰਸਾ ਦਾ ਮਜਬੂਤ ਅਧਾਰ ਹੈ ਜਦੋਂਕਿ 2019 ਵਿੱਚ ਡੇਰੇ ਦੇ ਆਸ਼ੀਰਵਾਦ ਨਾਲ ਸਮੂਹ 10 ਹਲਕਿਆਂ ’ਚ ਹੂੰਝਾ ਫੇਰਿਆ ਸੀ । ਸੂਤਰ ਆਖਦੇ ਹਨ ਕਿ ਭਾਜਪਾ ਨੇ ਕੁੱਝ ਸਮਾਂ ਪਹਿਲਾਂ ਇੱਕ ਗੁਪਤ ਸਰਵੇਖਣ ਕਰਵਾਇਆ ਸੀ ਜਿਸ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਹਲਕਿਆਂ ’ਚ ਡੇਰਾ ਪੈਰੋਕਾਰਾਂ ਦੀ 15 ਤੋਂ 20 ਹਜ਼ਾਰ ਵੋਟ ਹੈ ਜਦੋਂਕਿ ਕਈਆਂ ’ਚ 10 ਤੋਂ 15 ਹਜ਼ਾਰ ਵੋਟਾਂ ਹਨ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਬੀਜੇਪੀ ਲੀਡਰਸ਼ਿਪ ਵੀ ਜਾਣ ਗਈ ਹੈ ਕਿ ਡੇਰਾ ਸਿਰਸਾ ਦੇ ਥਾਪੜੇ ਤੋਂ ਬਿਨਾਂ ਤੀਸਰੀ ਵਾਰ ਸਰਕਾਰ ਬਨਾਉਣਾ ਸੰਭਵ ਨਹੀਂ ਹੈ।
ਅਹਿਮ ਸਿਆਸੀ ਸੂਤਰਾਂ ਮੁਤਾਬਕ ਤਾਂਹੀਓ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਸਹਾਰੇ ਸਿਆਸੀ ਬੇੜੀ ਪਾਰ ਲਾਉਣ ਦੇ ਰੌਂਅ ’ਚ ਆਈ ਭਾਜਪਾ ਨੇ ਹੁਣ ਰਾਮ ਰਹੀਮ ਨੂੰ ਫਰਲ੍ਹੋ ਦੇਣ ਵਾਲਾ ਪੱਤਾ ਚੱਲਿਆ ਹੈ। ਇੰਨ੍ਹਾਂ ਸੂਤਰਾਂ ਨੇ ਦੱਸਿਆ ਹੈ ਕਿ ਭਾਜਪਾ ਲੀਡਰਸ਼ਿਪ ਇਸ ਮਾਮਲੇ ’ਚ ਕਿਸੇ ਵੀ ਕਿਸਮ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਹੈ। ਇਸੇ ਕਾਰਨ ਹੀ ਸਿਆਸੀ ਹਲਕਿਆਂ ਵਿੱਚ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦੀ ਫਰਲ੍ਹੋ ਨੂੰ ਸਹਿਜ ਨਹੀਂ ਮੰਨਿਆ ਜਾ ਰਿਹਾ ਹੈ। ਫਰਲੋ ਮਿਲਣ ਤੋਂ ਬਾਅਦ ਡੇਰਾ ਪੈਰੋਕਾਰਾਂ ’ਚ ਬਣੇ ਉਤਸ਼ਾਹ ਨੂੰ ਦੇਖਦਿਆਂ ਹੌਂਸਲੇ ’ਚ ਆਈ ਭਾਜਪਾ ਨੂੰ ਈਵੀਐਮ ਤੇ ‘ਕਮਲ’ ਵਾਲਾ ਬਟਨ ਦੱਬੀਦਾ ਨਜ਼ਰ ਆਉਣ ਲੱਗਿਆ ਹੈ। ਹਰਿਆਣਾ ਦੇ ਇੱਕ ਭਾਜਪਾ ਆਗੂ ਨੇ ਨਾਮ ਗੁਪਤ ਰੱਖਦਿਆਂ ਮੰਨਿਆ ਕਿ ਹਰਿਆਣਾ ਵਿੱਚ ਵੱਡਾ ਵੋਟ ਬੈਂਕ ਹੋਣ ਕਰਕੇ ਸਿਆਸੀ ਧਿਰਾਂ ਡੇਰਾ ਸਿਰਸਾ ਤੋਂ ਝਾਕ ਰੱਖਦੀਆਂ ਹਨ।