ਬਠਿੰਡਾ ਬੰਦ ਮਾਮਲਾ: ਵਪਾਰੀਆਂ ਨੂੰ ਪਲੋਸਣ ’ਚ ਫੇਲ੍ਹ ਰਿਹਾ ਪ੍ਰਸ਼ਾਸ਼ਨ
ਅਸ਼ੋਕ ਵਰਮਾ
ਬਠਿੰਡਾ,13 ਅਗਸਤ 2024: ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਦੀਆਂ ਹਦਾਇਤਾਂ ਤੇ ਕਰਿੰਦਿਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਚੋਂ ਕਥਿਤ ਧੱਕੇ ਨਾਲ ਚੁੱਕੀਆਂ ਜਾਂਦੀਆਂ ਕਾਰਾਂ ਆਦਿ ਦੇ ਮਾਮਲੇ ’ਚ 15 ਅਗਸਤ ਨੂੰ ਸ਼ਹਿਰ ਨੂੰ ਮੁਕੰਮਲ ਬੰਦ ਰੱਖਕੇ ਦਿੱਤੇ ਜਾਣ ਵਾਲੇ ਧਰਨੇ ਦੇ ਮਾਮਲੇ ’ਚ ਬਠਿੰਡਾ ਪ੍ਰਸ਼ਾਸ਼ਨ ਵਪਾਰੀ ਆਗੂਆਂ ਨੂੰ ਪਲੋਸਣ ਵਿੱਚ ਫੇਲ੍ਹ ਰਿਹਾ ਹੈ। ਸ਼ਹਿਰ ਦੀਆਂ ਵੱਖ ਵੱਖ ਵਪਾਰਿਕ ਧਿਰਾਂ ਵੱਲੋਂ ਬਣਾਈ ਗਈ ਵਪਾਰ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਬਠਿੰਡਾ ਨੇ ਐਤਵਾਰ ਨੂੰ ਸ਼ਹਿਰੀਆਂ ਦੀ ਵੱਡੀ ਮੀਟਿੰਗ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਹੋਏ ਫੈਸਲੇ ਦੇ ਅਧਾਰ ਤੇ ਬਠਿੰਡਾ ਬੰਦ ਅਤੇ ਫਾਇਰ ਬ੍ਰਿਗੇਡ ਚੌਂਕ ’ਚ ਧਰਨਾ ਦੇਣ ਦਾ ਸੱਦਾ ਦਿੱਤਾ ਸੀ। ਵਪਾਰੀਆਂ ਦੇ ਇਸ ਫੈਸਲੇ ਤੋਂ ਮਗਰੋਂ 15 ਅਗਸਤ ਨੂੰ ਅਜਾਦੀ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਧਰਨਾ ਰੁਕਵਾਉਣ ਦੇ ਯਤਨਾਂ ’ਚ ਰੁੱਝ ਗਿਆ ਸੀ।
ਇਸ ਦੌਰਾਨ ਪਿਛਲੇ ਦੋ ਦਿਨ ਲਗਾਤਾਰ ਕੋਸ਼ਿਸ਼ ਕਰਨ ਪਿੱਛੋਂ ਜਦੋਂ ਅਧਿਕਾਰੀ ਧਰਨਾ ਲਾਉਣ ਵਾਲੀਆਂ ਧਿਰਾਂ ਨੂੰ ਰਜਾਮੰਦ ਕਰਨ ’ਚ ਅਸਫਲ ਰਹੇ ਤਾਂ ਅੱਜ ਡਿਪਟੀ ਕਮਿਸ਼ਨਰ ਨੇ ਵਪਾਰੀ ਆਗੂਆਂ ਦੀ ਮੀਟਿੰਗ ਸੱਦੀ ਸੀ। ਹਾਲਾਂਕਿ ਇਸ ਮੁੱਦੇ ਤੇ ਕਿਸੇ ਅਧਿਕਾਰੀ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਕਈ ਤਰਾਂ ਦੇ ਪੱਤੇ ਸੁੱਟਕੇ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਸਫਲ ਨਾਂ ਹੋ ਸਕੀ। ਵਪਾਰੀ ਆਗੂ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨਾਲ ਆਜ ਇਸ ਮੁੱਦੇ ਨੂੰ ਲੈਕੇ ਕਾਫੀ ਵਿਸਥਾਰਪੂਰਵਕ ਮੀਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਠੇਕਾ ਰੱਦ ਕਰਨ ਦੇ ਕਾੂਨੀ ਅਤੇ ਤਕਨੀਕੀ ਪਹਿਲੂਆਂ ਤੋਂ ਜਾਣੂੰ ਕਰਵਾਇਆ ਅਤੇ ਜਾਣਕਾਰੀ ਦਿੱਤੀ ਕਿ ਠੋਕਾ ਖਤਮ ਕਰਨ ਲਈ ਨੋਟਿਸ ਵਗੈਰਾ ਜਾਰੀ ਕਰਨ ਲਈ ਸਮਾਂ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਵਪਾਰੀ ਆਗੂਆਂ ਨੇ ਦਲੀਲ ਦਿੱਤੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਠੇਕਾਦਾਰ ਦੇ ਬੰਦਿਆਂ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਦੇ ਆ ਰਹੇ ਹਨ ਪਰ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੈ ਤਾਂ ਇਸ ਸਖਤ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਮੇਤ ਅਧਿਕਾਰੀਆਂ ਨੂੰ ਦੋ ਟੁੱਕ ਸ਼ਬਦਾਂ ’ਚ ਦੱਸ ਦਿੱਤਾ ਗਿਆ ਕਿ ਠੇਕਾ ਰੱਦ ਕਰਨ ਦਾ ਪੱਤਰ ਫੜਾਓ ਧਰਨਾ ਖਤਮ ਹੋ ਜਾਏਗਾ ਪਰ ਅਧਿਕਹਾਰੀ ਕਾਨੂੰਨੀ ਮਜਬੂਰੀਆਂ ਗਿਣਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਅੰਤ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇੱਕ ਵਾਰ 15 ਦਿਨ ਲਈ ਠੇਕੇਦਾਰ ਵੱਲੋਂ ਗੱਡੀਆਂ ਚੁੱਕਣ ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡੀਸੀ ਦੇ ਇਸ ਫੈਸਲੇ ਦੇ ਬਾਵਜੂਦ 15 ਅਗਸਤ ਨੂੰ ਬਠਿੰਡਾ ਬੰਦ ਰੱਖਕੇ ਧਰਨਾ ਦਿੱਤਾ ਜਾਏਗਾ ਜੋ ਅਗਾਮੀ 15 ਦਿਨ ਤੱਕ ਜਾਰੀ ਰਹੇਗਾ।
ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜੇਕਰ ਇਸ ਅਰਸੇ ਦੌਰਾਨ ਪ੍ਰਸ਼ਾਸ਼ਨ ਉਨ੍ਹਾਂ ਦੀਆਂ ਮੰਗਾਂ ਤੇ ਕੋਈ ਸਾਰਥਿਕ ਕਾਰਵਾਈ ਅਤੇ ਠੇਕਾ ਰੱਦ ਨਹੀਂ ਕਰਦਾ ਤਾਂ ਸੰਘਰਸ਼ ਕਮੇਟੀ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਅਗਲਾ ਫੈਸਲਾਲਿਆ ਜਾਏਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬਠਿੰਡਾ ਪੂਰਨ ਬੰਦ ਰੱਖਕੇ ਇਸ ਧੱਕੇਸ਼ਾਹੀ ਖਿਲਾਫ ਡਟਣ ਦੇ ਪਹਿਲੇ ਪੜਾਅ ਵਜੋਂ 15 ਅਗਸਤ ਨੂੰ ਫਾਇਰ ਬ੍ਰਿਗੇਡ ਚੌਂਕ ’ਚ ਪੁੱਜਣ ਦਾ ਸੱਦਾ ਵੀ ਦਿੱਤਾ। ਦੱਸਣਯੋਗ ਹੈ ਕਿ ਨਗਰ ਨਿਗਮ ਬਠਿੰਡਾ ਨੇ ਸ਼ਹਿਰ ’ਚ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਮਲਟੀ ਸਟੋਰੀ ਪਾਰਕਿੰਗ ਬਣਾਈ ਸੀ ਜਿਸ ਨੂੰ ਠੇਕੇ ਤੇ ਦਿੱਤਾ ਗਿਆ ਸੀ। ਠੇਕਾ ਹੋਣ ਤੋਂ ਬਾਅਦ ਠੇਕੇਦਾਰ ਦੇ ਬੰਦਿਆਂ ਨੇ ਬਜ਼ਾਰਾਂ ’ਚ ਖਲੋਤੀਆਂ ਗੱਡੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਅੱਧੀ ਦਰਜਨ ਬਜ਼ਾਰਾਂ ’ਚ ਰੋਜਾਨਾ ਰੌਲੇ ਰੱਪੇ ਅਤੇ ਗਾਲੀ ਗਲੋਚ ਤੋਂ ਹੁੰਦੀ ਹੋਈ ਗੱਲ ਹੱਥੋਪਾਈ ਤੱਕ ਪੁੱਜਣ ਲੱਗੀ ਸੀ।
ਇਸ ਨੂੰ ਦੇਖਦਿਆਂ ਵਪਾਰੀਆਂ ਨੇ ਐਤਵਾਰ ਨੂੰ ਮੀਟਿੰਗ ਸੱਦੀ ਸੀ ਜਿਸ ’ਚ ਇਸ ਧੱਕੇ ਖਿਲਾਫ ਸੰਘਰਸ਼ ਦਾ ਫੈਸਲਾ ਹੋਇਆ ਸੀ। ਅੱਜ ਵੀ ਵਪਾਰੀ ਭਾਈਚਾਰੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਟੋਅ ਵੈਨ ਬੰਦ ਨਾ ਕੀਤੀ ਤਾਂ ਉਹ ਸੰਘਰਸ਼ ਤੇਜ ਕਰਨਗੇ। ਉਨ੍ਹਾਂ ਆਖਿਆ ਕਿ ਹੁਣ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਬਜ਼ਾਰਾਂ ’ਚ ਤਾਂ ਠੇਕੇਦਾਰ ਦੇ ਬੰਦਿਆਂ ਕਾਰਨ ਕਾਂ ਪੈਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਹੂਲਤ ਲਈ ਬਣੀ ਪਾਰਕਿੰਗ ਜੀਅ ਦਾ ਜੰਜਾਲ ਬਣ ਗਈ ਹੈ। ਵਪਾਰੀਆਂ ਨੇ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਤੋਂ ਠੇਕੇਦਾਰ ਦਾ ਠੇਕਾ ਤੁਰੰਤ ਰੱਦ ਕਰਨ, ਧੱਕਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਤੇ ਡੁੱਬਦਾ ਵਪਾਰ ਬਚਾਉਣ ਦੀ ਮੰਗ ਕੀਤੀ। ਓਧਰ ਸ਼ਹਿਰ ਦੀਆਂ ਵੱਖ ਵੱਖ ਵਪਾਰਿਕ ਜੱਥੇਬੰਦੀਆਂ ਨੇ ਸੰਘਰਸ਼ ਨੂੰ ਹਮਾਇਤ ਦੇ ਦਿੱਤੀ ਹੈ ਜਿਸ ਨਾਲ ਸੰਘਰਸ਼ ਦਾ ਦਾਇਰਾ ਮੋਕਲਾ ਹੋ ਗਿਆ ਹੈ।