Vinesh Phogat: ਵਿਨੇਸ਼ ਫੋਗਾਟ ਮਾਮਲੇ 'ਚ ਵੱਡਾ ਅਪਡੇਟ, ਹੁਣ 16 ਅਗਸਤ ਨੂੰ ਸੁਣਾਇਆ ਜਾਵੇਗਾ ਫ਼ੈਸਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਅਗਸਤ 2024- ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਵਿੱਚ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਫਾਈਨਲ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸਪੋਰਟਸ ਟ੍ਰਿਬਿਊਨਲ ਨੂੰ ਅਪੀਲ ਕੀਤੀ ਕਿ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਜਾਵੇ।
ਇਸ ਮਾਮਲੇ 'ਤੇ ਵੱਡਾ ਅਪਡੇਟ ਆਵੇਗਾ। ਹੁਣ ਵਿਨੇਸ਼ ਫੋਗਾਟ ਦੇ ਮਾਮਲੇ ਦਾ ਫੈਸਲਾ 16 ਅਗਸਤ ਨੂੰ ਰਾਤ 9:30 ਵਜੇ ਸੁਣਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਤਰੀਕ ਬਦਲੀ ਗਈ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਫੈਸਲਾ ਅੱਜ (13 ਅਗਸਤ) ਆ ਸਕਦਾ ਹੈ।
ਵਿਨੇਸ਼ ਫੋਗਾਟ ਦੇ ਮਾਮਲੇ 'ਤੇ 9 ਅਗਸਤ ਨੂੰ ਕਰੀਬ ਤਿੰਨ ਘੰਟੇ ਬਹਿਸ ਹੋਈ। ਵਿਨੇਸ਼ ਦੇ ਕੇਸ ਦੀ ਸੁਣਵਾਈ ਨਾਮਵਰ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ ਵਿੱਚ ਵਿਨੇਸ਼ ਫੋਗਾਟ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਉਸਨੇ ਪਹਿਲੇ ਮੈਚ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਟੋਕੀਓ 2020 ਦੀ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾਇਆ ਸੀ।
ਇਸ ਤੋਂ ਬਾਅਦ ਉਸ ਨੇ ਸਾਬਕਾ ਯੂਰਪੀਅਨ ਚੈਂਪੀਅਨ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਸੈਮੀਫਾਈਨਲ 'ਚ ਉਸ ਨੇ ਕਿਊਬਾ ਦੀ ਮੌਜੂਦਾ ਪੈਨ ਅਮਰੀਕਨ ਗੇਮਜ਼ ਚੈਂਪੀਅਨ ਯੂਸਨੇਲਿਸ ਗੁਜ਼ਮੈਨ ਨੂੰ ਹਰਾਇਆ।
ਹਰਿਆਣਾ ਦੀਆਂ ਕਈ ਖਾਪ ਪੰਚਾਇਤਾਂ ਐਤਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਨ 'ਚ ਸਾਹਮਣੇ ਆਈਆਂ ਹਨ। ਉਨ੍ਹਾਂ ਵਿਨੇਸ਼ ਲਈ ਇਨਸਾਫ਼ ਦੀ ਮੰਗ ਕਰਦਿਆਂ ਉਸ ਨੂੰ ਭਾਰਤ ਰਤਨ ਦੇਣ ਦੀ ਮੰਗ ਉਠਾਈ।