ਪੀ.ਏ.ਯੂ. ਇਕ ਵਾਰ ਫਿਰ ਦੇਸ਼ ਦੀ ਸਿਰਮੌਰ ਖੇਤੀ ਯੂਨੀਵਰਸਿਟੀ ਬਣੀ
ਵਾਈਸ ਚਾਂਸਲਰ ਨੇ ਪ੍ਰੈੱਸ ਮਿਲਣੀ ਦੌਰਾਨ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ
ਲੁਧਿਆਣਾ 14 ਅਗਸਤ 2024- ਬੀਤੇ ਦਿਨੀਂ ਨੈਸ਼ਨਲ ਇੰਸਟੀਚਿਊਟਸ਼ਨਲ ਰੈਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) ਵੱਲੋਂ ਜਾਰੀ ਸਾਲ 2024 ਦੀ ਦਰਜਾਬੰਦੀ ਵਿਚ ਪੀ.ਏ.ਯੂ. ਨੂੰ ਦੇਸ਼ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੇ ਸਥਾਨ ਦੀ ਰੈਂਕਿੰਗ ਹਾਸਲ ਹੋਈ ਹੈ। ਲਗਾਤਾਰ ਦੂਸਰੇ ਸਾਲ ਪੀ.ਏ.ਯੂ. ਇਸ ਸਥਾਨ ਤੇ ਰਹਿ ਕੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣੀ ਹੈ। ਖੇਤੀ ਸੰਸਥਾਵਾਂ ਦੇ ਵਿਸ਼ਾਲ ਵਰਗ ਵਿਚ ਖੇਤੀ ਦੇ ਨਾਲ-ਨਾਲ ਸੰਬੰਧਿਤ ਖੇਤਰਾਂ ਨੂੰ ਸ਼ਾਮਿਲ ਕਰਕੇ ਬਣਾਈ ਰੈਂਕਿੰਗ ਵਿਚ ਪੀ.ਏ.ਯੂ. ਆਈ ਏ ਆਰ ਆਈ ਨਵੀਂ ਦਿੱਲੀ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਤੋਂ ਬਾਅਦ ਤੀਸਰੇ ਸਥਾਨ ਦੀ ਸੰਸਥਾ ਬਣਨ ਵਿਚ ਸਫਲ ਰਹੀ।
ਇਸ ਸੰਬੰਧ ਵਿਚ ਇਕ ਪ੍ਰੈੱਸ ਵਾਰਤਾ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਮਾਣਮੱਤੇ ਇਤਿਹਾਸ ਦੀ ਝਲਕ ਪੇਸ਼ ਕੀਤੀ। ਉਹਨਾਂ ਕਿਹਾ ਕਿ 1962 ਵਿਚ ਸਥਾਪਿਤ ਹੋਣ ਤੋਂ ਬਾਅਦ ਪਿਛਲੇ 62 ਸਾਲਾਂ ਦੌਰਾਨ ਪੀ.ਏ.ਯੂ. ਦੇਸ਼ ਵਿਚ ਹੀ ਨਹੀਂ ਬਲਕਿ ਸੰਸਾਰ ਪੱਧਰ ਤੇ ਆਪਣੀ ਪਛਾਣ ਸਥਾਪਿਤ ਕਰਨ ਵਾਲੀ ਸੰਸਥਾ ਬਣੀ ਹੈ। ਪੰਜਾਬ ਤੋਂ ਇਲਾਵਾ ਉੱਤਰ ਭਾਰਤ ਵਿਚ ਖੇਤੀ ਨੂੰ ਵਿਗਿਆਨਕ ਰਾਹ ਤੇ ਤੋਰਨ ਕਾਰਨ ਪੀ.ਏ.ਯੂ. ਨੂੰ ਹਰੇ ਇਨਕਲਾਬ ਦੀ ਜਨਨੀ ਦਾ ਵਿਸ਼ੇਸ਼ਣ ਦਿੱਤਾ ਜਾਂਦਾ ਹੈ। 6 ਹੋਰ ਮਹਾਨ ਖੇਤੀ ਸੰਸਥਾਵਾਂ ਪੀ.ਏ.ਯੂ. ਵਿੱਚੋਂ ਨਿਕਲੀਆਂ ਜਿਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦੀਆਂ ਤਿੰਨ, ਹਰਿਆਣੇ ਦੀਆਂ ਦੋ ਅਤੇ ਲੁਧਿਆਣੇ ਦੀ ਇਕ ਹੋਰ ਖੇਤੀ ਸੰਸਥਾ ਸ਼ਾਮਿਲ ਹੈ।
ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਐੱਨ ਆਈ ਆਰ ਐੱਫ ਦੀ ਰੈਂਕਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਉੱਪਰ ਮਾਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਉੱਚਤਾ ਦਾ ਅਧਾਰ ਪੀ.ਏ.ਯੂ. ਦੀ ਖੇਤੀ ਖੋਜ, ਵਿੱਦਿਅਕ ਪ੍ਰਣਾਲੀ ਅਤੇ ਪਸਾਰ ਢਾਂਚੇ ਨੂੰ ਮੰਨਿਆ ਗਿਆ ਹੈ। ਅਧਿਆਪਨ, ਸਿੱਖਿਆ ਅਤੇ ਸਰੋਤ (ਟੀ ਐੱਲ ਆਰ) ਦੇ ਨਾਲ-ਨਾਲ ਖੋਜ ਅਤੇ ਪੇਸ਼ੇਵਰ ਪ੍ਰੈਕਟੈਸਿਸ (ਆਰ ਪੀ) ਗ੍ਰੈਜੂਏਸ਼ਨ ਆਊਟ ਕਮ (ਜੀ ਓ) ਪਸਾਰ ਅਤੇ ਵਿਸ਼ੇਸ਼ਤਾ (ਓ ਆਈ) ਅਤੇ ਪ੍ਰਸ਼ੈਪਸ਼ਨ (ਪੀ ਆਰ) ਜਿਹੇ ਮਾਪਦੰਡਾਂ ਨੂੰ ਅਧਾਰ ਬਣਾ ਕੇ ਸੰਸਥਾ ਦੀ ਦਰਜਾਬੰਦੀ ਨਿਰਧਾਰਤ ਕੀਤੀ ਜਾਂਦੀ ਹੈ। ਐੱਨ ਆਈ ਆਰ ਐੱਫ ਦੀ 2024 ਦੀ ਰੈਂਕਿੰਗ ਵਿਚ 6,517 ਸੰਸਥਾਨਾਂ ਤੋਂ ਪ੍ਰਤੀਨਿਧਤਾ ਸੀ ਅਤੇ ਕੁੱਲ ਮਿਲਾ ਕੇ 10,845 ਬਿਨੈਕਾਰ ਸਨ।
ਵਾਈਸ ਚਾਂਸਲਰ ਨੇ ਇਸ ਤਰ੍ਹਾਂ ਰੈਂਕਿੰਗ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਮੁੱਖ ਤੌਰ ਤੇ ਖੇਤੀ, ਖੋਜ ਅਤੇ ਪਸਾਰ ਨਾਲ ਸੰਬੰਧਿਤ ਸੰਸਥਾ ਹੈ। ਹੁਣੇ ਹੁਣੇ ਪੀ.ਏ.ਯੂ. ਨੇ ਖੇਤੀ ਕਾਰੋਬਾਰ ਨੂੰ ਵਧਾਵਾ ਦੇਣਾ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਰਵਾਇਤੀ ਵਿਗਿਆਨ ਨਾਲ ਜੁੜੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਪੀ.ਏ.ਯੂ. ਨਾਲ ਕੋਈ ਮੁਕਾਬਲਾ ਨਹੀਂ। ਇਸ ਸੰਸਥਾ ਨੇ ਖੇਤੀ ਨੂੰ ਵਿਗਿਆਨਕ ਦਿ੍ਰਸ਼ ਪ੍ਰਦਾਨ ਕਰਨ ਵਿਚ ਇਤਿਹਾਸਕ ਭੂਮਿਕਾ ਨਿਭਾਈ। ਵਾਈਸ ਚਾਂਸਲਰ ਨੇ ਪੀ.ਏ.ਯੂ. ਦੇ ਅਮਲੇ, ਕਰਮਚਾਰੀਆਂ, ਸਹਿਯੋਗ ਅਮਲੇ, ਵਿਦਿਆਰਥੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਾਬਕਾ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਅਤੇ ਸਹਿਯੋਗ ਸਦਕਾ ਇਸ ਮੁਕਾਮ ਨੂੰ ਪ੍ਰਾਪਤ ਕਰਨ ਲਈ ਵਧਾਈ ਦਿੱਤੀ।
ਭਵਿੱਖ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਯੋਜਨਾ ਸਮਾਰਟ ਖੇਤੀਬਾੜੀ ਲਈ ਡਿਜ਼ੀਟਲ ਤਕਨਾਲੋਜੀ ਪਾਰਕ ਸਥਾਪਿਤ ਕਰਨ ਦੀ ਹੈ। ਇਸ ਵਿਚ ਸੈਂਸਰ ਅਧਾਰਿਤ ਸਵੈਚਾਲਿਤ ਸਿੰਚਾਈ ਪ੍ਰਬੰਧ, ਸਵੈਚਾਲਿਤ ਮੌਸਮ ਕੇਂਦਰ, ਖੇਤੀ ਵਿਗਿਆਨਕ ਢੰਗਾਂ ਵਿਚ ਡਰੋਨ ਦੀ ਵਰਤੋਂ, ਮਸ਼ੀਨ ਸਿਖਲਾਈ ਅਧਾਰਿਤ ਸੂਖਮ ਸਹਿਯੋਗੀ ਪ੍ਰਬੰਧ ਆਦਿ ਸ਼ਾਮਿਲ ਕੀਤਾ ਜਾਵੇਗਾ। ਇਸਦੇ ਨਾਲ ਹੀ ਮਸਨੂਈ ਬੌਧਿਕਤਾ ਸੰਬੰਧੀ ਕਾਰਜ ਵੀ ਪੀ.ਏ.ਯੂ. ਵਿਚ ਹੋ ਰਿਹਾ ਹੈ। ਪੀ.ਏ.ਯੂ. ਦੀ ਖੋਜ ਦਾ ਧਿਆਨ ਵੀ ਮੌਸਮ ਅਨੁਸਾਰੀ, ਤਾਪ ਲਈ ਸਹਿਣਸ਼ੀਲ ਅਤੇ ਬਿਮਾਰੀਆਂ ਅਤੇ ਕੀੜਿਆਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਦੇ ਵਿਕਾਸ ਵੱਲ ਹੈ। ਇਹਨਾਂ ਵਿਚ ਵਿਸ਼ੇਸ਼ ਤੌਰ ਤੇ ਉਹਨਾਂ ਨੇ ਘੱਟ ਸਮੇਂ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ।
ਵਾਈਸ ਚਾਂਸਲਰ ਨੇ ਬਾਗਬਾਨੀ ਫਸਲਾਂ ਦੀ ਤੁੜਾਈ ਉਪਰੰੰਤ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਤਕਨੀਕਾਂ ਦੀ ਖੋਜ ਸੰਬੰਧੀ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਹਨਾਂ ਕਿਹਾ ਕਿ ਪ੍ਰੋਸੈਸਿੰਗ, ਮੁੱਲਵਾਧੇ ਅਤੇ ਨਿਯਮਤ ਮੰਡੀਕਰਨ ਸੰਬੰਧੀ ਕਾਰਜ ਜਾਰੀ ਹੈ। ਯੂਨੀਵਰਸਿਟੀ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਖੇਤੀ ਸਿਖਲਾਈ ਕਿਸਾਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅੰਤ ਵਿਚ ਡਾ. ਗੋਸਲ ਨੇ ਖੇਤੀ ਵਿਚ ਕਿਸਾਨੀ ਕਾਢਾਂ, ਕਿਸਾਨਾਂ ਦੀ ਭਲਾਈ, ਭੋਜਨ ਸੁਰੱਖਿਆ ਅਤੇ ਪੇਂਡੂ ਵਿਕਾਸ ਬਾਰੇ ਯੂਨੀਵਰਸਿਟੀ ਵੱਲੋਂ ਸਮਰਪਣ ਭਾਵ ਨਾਲ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ। ਉਹਨਾਂ ਨੇ ਪੰਜਾਬ ਸਰਕਾਰ ਅਤੇ ਕਿਸਾਨੀ ਸਮਾਜ ਦਾ ਦਿਲੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਪੀ.ਏ.ਯੂ. ਸਫਲਤਾ ਦੀਆਂ ਬੁਲੰਦੀਆਂ ਛੂਹਣ ਵਿਚ ਕਾਮਯਾਬ ਸੰਸਥਾ ਬਣੀ ਹੈ।