ਬੇਅੰਤ ਸਿੰਘ ਕਤਲ ਕੇਸ 'ਚ ਬੰਦੀ ਸਿੰਘ ਗੁਰਮੀਤ ਸਿੰਘ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ (ਵੀਡੀਓ ਵੀ ਦੇਖੋ)
ਚੰਡੀਗੜ੍ਹ 14 ਅਗਸਤ ,2024 - ਸਾਬਕਾ ਸੀਐਮ ਬੇਅੰਤ ਸਿੰਘ ਕਤਲ ਕੇਸ ਵਿਚ ਬੁੜੈਲ ਜੇਲ੍ਹ ਚੰਡੀਗੜ੍ਹ ਦੇ ਅੰਦਰ ਬੰਦ ਗੁਰਮੀਤ ਸਿੰਘ ਨੂੰ ਜ਼ਮਾਨਤ ਤੇ ਅੱਜ ਰਿਹਾਅ ਕੀਤਾ ਗਿਆ। ਉਹ ਕਰੀਬ 31 ਸਾਲ ਤੋਂ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਉਨ੍ਹਾਂ ਨੂੰ 2007 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/859077005702813
ਦੱਸ ਦਈਏ ਕਿ, 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਸਾਬਕਾ ਮੁੱਖ ਮੰਤਰੀ ਸਮੇਤ ਕਈ ਲੋਕ ਮਾਰੇ ਗਏ ਸਨ। ਗੁਰਮੀਤ ਦੇ ਵਕੀਲ ਰਵਿੰਦਰ ਸਿੰਘ ਬਸੀ (ਜੌਲੀ) ਨੇ ਜ਼ਮਾਨਤ ਅਰਜ਼ੀ 'ਚ ਕਿਹਾ ਸੀ ਕਿ ਗੁਰਮੀਤ ਨੂੰ ਉਸ ਸਮੇਂ ਤੱਕ ਜ਼ਮਾਨਤ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਤੱਕ ਉਸ ਦੀ ਪ੍ਰੀ-ਮੈਚਿਓਰ ਧਰਮ ਪਟੀਸ਼ਨ 'ਤੇ ਫੈਸਲਾ ਨਹੀਂ ਹੋ ਜਾਂਦਾ।
ਦਾਇਰ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਨਵਰੀ 2023 ਦੇ ਇੱਕ ਮਾਣਹਾਨੀ ਦੇ ਇੱਕ ਫੈਸਲੇ 'ਤੇ ਅਧਾਰਤ ਸੀ। ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਸਾਲ 2022 ਦੇ ਇੱਕ ਕੇਸ ਵਿੱਚ ਜੂਨ 2023 ਵਿੱਚ ਦਿੱਤੇ ਫੈਸਲੇ ਨੂੰ ਪੇਸ਼ ਕਰਦਿਆਂ ਦਲੀਲਾਂ ਵੀ ਦਿੱਤੀਆਂ ਗਈਆਂ। ਵਕੀਲ ਰਵਿੰਦਰ ਸਿੰਘ ਅਨੁਸਾਰ ਮੰਗਲਵਾਰ ਨੂੰ ਜ਼ਮਾਨਤ ਬਾਂਡ ਦੀ ਕਾਰਵਾਈ ਪੂਰੀ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਅੱਜ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਗੁਰਮੀਤ ਨੂੰ ਪੈਰੋਲ ਵੀ ਮਿਲੀ ਸੀ। ਹਾਲਾਂਕਿ ਸਮੇਂ 'ਤੇ ਆਤਮ ਸਮਰਪਣ ਨਾ ਕਰਨ 'ਤੇ ਗੁਰਮੀਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਸ ਨੇ ਆਤਮ ਸਮਰਪਣ ਕਰ ਦਿੱਤਾ ਸੀ। ਸੈਕਟਰ-3 ਥਾਣੇ ਦੀ ਪੁਲੀਸ ਨੇ ਗੁਰਮੀਤ ਤੇ ਹੋਰਨਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਵਿਸਫੋਟਕ ਸਮੱਗਰੀ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਅਦਾਲਤ ਨੇ ਜੁਲਾਈ 2007 ਵਿੱਚ ਬੇਅੰਤ ਸਿੰਘ ਕਤਲ ਕੇਸ ਵਿੱਚ ਬੰਦੀ ਸਿੰਘ ਗੁਰਮੀਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 31 ਸਾਲ ਤੋਂ ਵੱਧ ਜੇਲ੍ਹ ਵਿੱਚ ਬਿਤਾ ਚੁੱਕੇ ਹਨ। ਉਸ ਨੇ ਆਪਣੀ ਪ੍ਰੀ-ਮੈਚਿਓਰ ਰਿਹਾਈ ਲਈ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸੇ ਤਰ੍ਹਾਂ ਦੀ ਅਰਜ਼ੀ ਇੱਕ ਹੋਰ ਦੋਸ਼ੀ ਸ਼ਮਸ਼ੇਰ ਸਿੰਘ ਨੇ ਵੀ ਦਾਇਰ ਕੀਤੀ ਸੀ। ਉਹ ਵੀ ਪਹਿਲਾਂ ਪੈਰੋਲ 'ਤੇ ਰਿਹਾਅ ਹੋ ਚੁੱਕਾ ਹੈ। ਇਸ ਸਮੇਂ ਉਹ ਜੇਲ੍ਹ ਵਿੱਚ ਹੈ।