ਹੁਸ਼ਿਆਰਪੁਰ ਹੜ੍ਹ ਹਾਦਸਾ; 4 ਦਿਨਾਂ ਬਾਅਦ ਰੈਸਕਿਊ ਓਪਰੇਸ਼ਨ ਖ਼ਤਮ, ਦੋ ਲਾਪਤਾ ਲਾਸ਼ਾਂ ਬਰਾਮਦ
ਹੁਸ਼ਿਆਰਪੁਰ, 14 ਅਗਸਤ 2024 - ਹੁਸ਼ਿਆਰਪੁਰ ਦੇ ਜੇਜੋਂ ਚੋਅ ਵਿੱਚ ਹੋਏ ਹੜ੍ਹ ਹਾਦਸੇ ਵਿੱਚ ਲਾਪਤਾ ਹੋਏ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਚਾਰ ਦਿਨ ਤੋਂ ਚੱਲ ਰਿਹਾ ਰੈਸਕਿਊ ਓਪਰੇਸ਼ਨ ਮੁਕੰਮਲ ਹੋ ਗਿਆ ਹੈ। ਇਸ ਰੈਸਕਿਊ ਓਪਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਐਸ.ਡੀ.ਆਰ.ਐਫ ਅਤੇ ਸਥਾਨਕ ਪਿੰਡ ਵਾਸੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਹਾਦਸਾ 11 ਅਗਸਤ ਨੂੰ ਉਸ ਵੇਲੇ ਵਾਪਰਿਆ ਜਦੋਂ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਬਹਾਅ ਵਿੱਚ ਇਕ ਇਨੋਵਾ ਗੱਡੀ ਵਹਿ ਗਈ। ਇਸ ਗੱਡੀ ਵਿੱਚ ਕੁੱਲ 12 ਲੋਕ ਸਵਾਰ ਸਨ। ਹਾਦਸੇ ਵਿੱਚ 9 ਲੋਕਾਂ ਦੀ ਦੁੱਖਦਾਈ ਮੌਤ ਹੋ ਗਈ ਸੀ ਅਤੇ 9 ਲੋਕਾਂ ਦੀਆਂ ਲਾਸ਼ਾਂ ਉਸੇ ਦਿਨ ਮਿਲ ਗਈਆਂ ਸਨ, ਜਦਕਿ ਇੱਕ ਵਿਅਕਤੀ ਨੂੰ ਐਸ.ਡੀ.ਆਰ.ਐਫ ਅਤੇ ਸਥਾਨਕ ਨਿਵਾਸੀਆਂ ਦੀ ਬਹਾਦਰੀ ਨਾਲ ਸੁਰੱਖਿਅਤ ਬਚਾ ਲਿਆ ਗਿਆ ਸੀ। ਹਾਦਸੇ ਤੋਂ ਬਾਅਦ ਦੋ ਲੋਕ ਲਾਪਤਾ ਸਨ, ਜਿਨ੍ਹਾਂ ਨੂੰ ਲੱਭਣ ਲਈ ਐਸ.ਡੀ.ਆਰ.ਐਫ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਵਿਆਪਕ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਅੱਜ 14 ਅਗਸਤ ਨੂੰ ਬੱਦੋਵਾਲ ਖੱਡ ਵਿੱਚ ਦੋਵੇਂ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਗਈਆਂ। ਇਸ ਦੇ ਨਾਲ ਹੀ ਇਹ ਰੈਸਕਿਊ ਮੁਹਿੰਮ ਵੀ ਸਮਾਪਤ ਹੋ ਗਈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਦੁੱਖਦਾਈ ਘੜੀ ਵਿੱਚ ਸਥਾਨਕ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਐਸ.ਡੀ.ਐਮ ਗੜ੍ਹਸ਼ੰਕਰ, ਡੀ.ਐਸ.ਪੀ ਗੜ੍ਹਸ਼ੰਕਰ ਦੀ ਅਗਵਾਈ ਹੇਠ ਸਿਵਲ ਅਤੇ ਪੁਲਿਸ ਵਿਭਾਗ ਲਗਾਤਾਰ ਸਰਗਰਮ ਰਹੀ।
ਐਸ.ਡੀ.ਐਮ ਗੜ੍ਹਸ਼ੰਕਰ ਨੇ ਦੱਸਿਆ ਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਭੇਜਿਆ ਜਾ ਰਿਹਾ ਹੈ, ਜਿੱਥੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।