ਸਾਬਕਾ ਕੌਂਸਲਰ ਦੀ ਮਾਤਾ ਦੇ ਦੇਹਾਂਤ 'ਤੇ ਸਾਬਕਾ MLA ਸ਼ਰਮਾ ਨੇ ਕੀਤਾ ਦੁੱਖ ਸਾਂਝਾ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਅਗਸਤ 2024: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਸਲਰ ਰਘੁਵੀਰ ਜੁਨੇਜਾ ਦੀ ਮਾਤਾ ਦੇ ਪਿਛਲੇ ਦਿਨੀ ਹੋਏ ਦਿਹਾਂਤ ਉੱਤੇ ਸਾਬਕਾ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਜੁਨੇਜਾ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਦੁੱਖ ਸਾਝਾਂ ਕੀਤਾ। ਉਨ੍ਹਾਂ ਕਿਹਾ ਕਿ ਰਘੁਵੀਰ ਜੁਨੇਜਾ ਸ੍ਰੋਮਣੀ ਅਕਾਲੀ ਦਲ ਦੇ ਵਫਦਾਰ ਸਿਪਾਹੀ ਹਨ ਅਤੇ ਪਾਰਟੀ ਪ੍ਰਤੀ ਸੇਵਾਵਾਂ ਨਿਭਾ ਰਹੇ ਹਨ, ਇਹ ਗੁੜਤੀ ਸ੍ਰੀ ਜੁਨੇਜਾ ਨੂੰ ਉਨ੍ਹਾਂ ਦੀ ਮਾਤਾ ਵੱਲੋਂ ਮਿਲੀ ਹੈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਭਾਜਪਾ ਦੀ ਦੇਣ ਹੈ, ਜਿਹੜੀ ਮੁੱਢੋ ਚਲੀ ਆ ਰਹੀ ਹੈ ਅਤੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਪਹਿਲਾਂ ਆਪਣਾ ਸੁਧਾਰ ਕਰਨ, ਫਿਰ ਅਕਾਲੀ ਦਲ ਦੇ ਸੁਧਾਰ ਦੀ ਗੱਲ ਕਰਨ।
ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਪਰਿਵਾਰਵਾਦ ਦਾ ਇਲਜਾਮ ਲਾਉਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਵਿੱਚ ਜਿਥੇ ਦੋ ਵਾਰੀ ਸਾਂਸਦ ਰਹਿ ਚੁੱਕੇ ਹਨ, ਉਥੇ ਹੀ ਉਨ੍ਹਾਂ ਦਾ ਪੁੱਤਰ ਵੀ ਵਿਧਾਇਕ ਰਹਿ ਚੁੱਕਾ ਹੈ, ਉਸ ਸਮੇਂ ਅਕਾਲੀ ਦਲ ਉਸ ਨੂੰ ਚੰਗਾ ਲਗਦਾ ਸੀ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦਾ ਇਕੋ-ਇੱਕ ਮਕਸਦ ਅਕਾਲੀ ਦਲ ਨੂੰ ਕਮਜੋਰ ਕਰਨਾ ਹੈ, ਜਿਸ ਨੂੰ ਪੰਜਾਬੀ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਰਹੀ ਹੈ, ਜੋ ਹਮੇਸਾਂ ਪੰਜਾਬ ਦੇ ਹਿੱਤਾ ਲਈ ਕੇਂਦਰ ਸਰਕਾਰ ਨਾਲ ਲੜਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰੋ. ਚੰਦੂਮਾਜਰਾ ਦੀਆਂ ਪਾਰਟੀ ਪ੍ਰਤੀ ਦਿਖਾਈ ਜਾ ਰਹੀ ਨਫਤਰ ਨੂੰ ਜਾਣ ਚੁੱਕੇ ਹਨ ਅਤੇ ਉਹ ਅਕਾਲੀ ਦਲ ਵਿਰੁੱਧ ਚਲਾਈ ਲਹਿਰ ਦਾ ਕਿਸੇ ਵੀ ਕੀਮਤ ਉੱਤੇ ਹਿੱਸਾ ਨਹੀਂ ਬਣਨਗੇ।