ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੁਠਭੇੜ ਉਪਰੰਤ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਗਿਰਫ਼ਤਾਰ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਪੁਲਿਸ ਟੀਮਾਂ ਨੇ ਗਿਰਫ਼ਤਾਰ ਕੀਤੇ ਗੈਂਗਸਟਰ ਕੰਨੂ ਗੁੱਜਰ ਕੋਲੋਂ ਅੱਠ ਪਿਸਤੌਲਾਂ ਸਮੇਤ 55 ਜਿੰਦਾ ਕਾਰਤੂਸ ਅਤੇ ਅੱਠ ਮੈਗਜ਼ੀਨ ਕੀਤੇ ਬਰਾਮਦ : ਡੀਜੀਪੀ ਗੌਰਵ ਯਾਦਵ
- ਹੁਣ ਤੱਕ ਇਸ ਗਿਰੋਹ ਦੇ 10 ਕਾਰਕੁੰਨ 16 ਹਥਿਆਰਾਂ ਸਮੇਤ ਕੀਤੇ ਜਾ ਚੁੱਕੇ ਹਨ ਗਿਰਫ਼ਤਾਰ : ਸੀਪੀ ਜਲੰਧਰ ਸਵਪਨ ਸ਼ਰਮਾ
ਚੰਡੀਗੜ੍ਹ/ਜਲੰਧਰ, 3 ਸਤੰਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਲੜਾਈ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਦੌਰਾਨ, ਹੈਮਿਲਟਨ ਟਾਵਰ ਜਲੰਧਰ ਨੇੜੇ ਪੁਲਿਸ ਹਿਰਾਸਤ ਚੋਂ ਭੱਜਣ ਦੀ ਅਸਫਲ ਕੋਸ਼ਿਸ਼ ਕਰਦਿਆਂ ਕਥਿਤ ਗੈਂਗਸਟਰ ਜਸਕਰਨ ਗੁੱਜਰ ਉਰਫ਼ ਕੰਨੂ ਲੱਤ ’ਤੇ ਗੋਲੀ ਵੱਜਣ ਨਾਲ ਫੱਟੜ ਹੋ ਗਿਆ। ਪੁਲਿਸ ਨੇ ਉਕਤ ਦੇ ਕਬਜ਼ੇ ਚੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਗਿਰਫ਼ਤਾਰ ਮੁਲਜ਼ਮ ਕੰਨੂੰ ਗੁੱਜਰ, ਜੋ ਕਿ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਅਹਿਮ ਕਾਰਕੁੰਨ ਹੈ, ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਨੂੰ ਗੜ੍ਹਸ਼ੰਕਰ ਦੇ ਰਾਮਪੁਰ ਬਿਲਰਾਂ ਤੋਂ ਗਿਰਫ਼ਤਾਰ ਕੀਤਾ ਹੈ।
ਇਹ ਕਾਰਵਾਈ, ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਹੋਰ ਮੈਂਬਰ ਨਵੀਨ ਉਰਫ ਕਾਕਾ ਦੀੰ ਲਾਜਪਤ ਨਗਰ ਵਿਖੇ, 27 ਅਗਸਤ ਨੂੰ , ਸੰਖੇਪ ਮੁੱਠਭੇੜ ਉਪਰੰਤ ਹੋਈ ਗ੍ਰਿਫਤਾਰੀ ਤੋਂ ਥੋੜ੍ਹਾ ਸਮੇਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਗੌਰਤਲਬ ਹੈ ਕਿ ਗਿਰਫ਼ਤਾਰੀ ਦੌਰਾਨ ਕਾਕਾ ਦੇ ਕਬਜ਼ੇ ਚੋਂ ਇੱਕ ਪਿਸਤੌਲ ਅਤੇ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਕੰਨੂੰ ਗੁੱਜਰ ਦੇ ਖੁਲਾਸੇ ਤੋਂ ਬਾਅਦ, ਜਲੰਧਰ ਕਮਿਸ਼ਨਰੇਟ ਦੀ ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਜਲੰਧਰ ਦੇ ਹੈਮਿਲਟਨ ਟਾਵਰ ਦੇ ਪਿਛਲੇ ਪਾਸੇ ਸਥਿਤ ਉਸ ਸੁੰਨਸਾਨ ਜਗ੍ਹਾ ’ਤੇ ਲਿਜਾਇਆ ਗਿਆ, ਜਿੱਥੇ ਉਸ ਨੇ ਹਥਿਆਰ ਅਤੇ ਗੋਲੀ -ਸਿੱਕਾ ਲੁਕਾਉਣ ਦਾ ਦਾਅਵਾ ਕੀਤਾ ਸੀ।
ਉਹਨਾਂ ਨੇ ਦੱਸਿਆ, ‘‘ ਦੱਸੇ ਸਥਾਨ ’ਤੇ ਪੁੱਜਣ ’ਤੇ, ਗੈਂਗਸਟਰ ਨੇ ਪਿਸਤੌਲ, ਜੋ ਕਿ ਮੌਕੇ ਤੋਂ ਬਰਾਮਦ ਹੋਈ ਹੈ, ਦੀ ਵਰਤੋਂ ਕਰਦਿਆਂ ਗੋਲੀ ਚਲਾ ਕੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਟੀਮ ਨੇ ਉਸ ਨੂੰ ਰੋਕਣ ਲਈ ਜਵਾਬੀ ਗੋਲੀਬਾਰੀ ਕੀਤੀ।’’ ਇਸ ਮੁਠਭੇੜ ’ਚ ਦੋਸ਼ੀ ਦੇ ਗੋਲੀ ਵੱਜੀ ਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਫਿਲਹਾਲ ਉਕਤ ਮੁਲਜ਼ਮ ਜ਼ੇਰੇ-ਇਲਾਜ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੌਕੇ ਤੋ ਕੁੱਲ ਅੱਠ ਪਿਸਤੌਲ ਜਿੰਨ੍ਹਾਂ ਵਿੱਚ ਸੱਤ .32 ਬੋਰ ਅਤੇ ਇੱਕ .30 ਬੋਰ ਸ਼ਾਮਲ ਹਨ ਸਮੇਤ 55 ਜਿੰਦਾ ਕਾਰਤੂਸ ਅਤੇ 8 ਮੈਗਜ਼ੀਨ ਬਰਾਮਦ ਕੀਤੇ ਹਨ।
ਉਨ੍ਹਾਂ ਕਿਹਾ ਕਿ ਗਿਰਫਤਾਰ ਕੀਤੇ ਗਏ ਦੋਸ਼ੀ ਘਿਨਾਉਣੇ ਅਪਰਾਧ ਨਾਲ ਸਬੰਧਤ ਲਗਭਗ ਅੱਠ ਐਫਆਈਆਰਜ਼ ਦਾ ਸਾਹਮਣਾ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਘਟਨਾ ਦੀ ਫੋਰੈਂਸਿਕ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ।
- ਇਸ ਸਬੰਧੀ ਐਫਆਈਆਰ ਨੰਬਰ 128 ਮਿਤੀ 12.08.2024 ਅਧੀਨ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਪਹਿਲਾਂ ਹੀ ਦਰਜ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ’ਚ ਜੱਗੂ ਭਗਵਾਨਪੁਰੀਆ ਗੈਂਗ ਦੇ ਕੁੱਲ 10 ਸਾਥੀਆਂ ਨੂੰ 16 ਹਥਿਆਰਾਂ ਸਮੇਤ ਗਿਰਫਤਾਰ ਕੀਤਾ ਗਿਆ ਹੈ।