ਹਰਿਆਣਾ: ਸੇਤੀਆ ਕਾਂਗਰਸ 'ਚ ਸ਼ਾਮਲ, ਗੋਲਡੀ ਬਰਾੜ ਨਾਲ ਤਸਵੀਰਾਂ ਵਾਇਰਲ
ਗੋਕੁਲ ਸੇਤੀਆ ਨੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ 'ਤੇ ਨਿਸ਼ਾਨਾ ਸਾਧਿਆ
ਸਿਰਸਾ, 04 ਸਤੰਬਰ 2024- ਹਰਿਆਣਾ ਦੇ ਸਿਰਸਾ ਤੋਂ ਸਾਬਕਾ ਵਿਧਾਇਕ ਲਕਸ਼ਮਣ ਦਾਸ ਅਰੋੜਾ ਦੇ ਰਿਸ਼ਤੇਦਾਰ ਗੋਕੁਲ ਸੇਤੀਆ ਦੇ ਕਾਂਗਰਸ ਵਿਚ ਸ਼ਾਮਲ ਹੁੰਦੇ ਹੀ ਗੈਂਗਸਟਰ ਗੋਲਡੀ ਬਰਾੜ ਨਾਲ ਉਸ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਹਨ। ਗੋਲਡੀ ਨਾਲ ਗੋਕੁਲ ਸੇਤੀਆ ਦੀਆਂ 5-6 ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੇਤੀਆ ਮੰਗਲਵਾਰ ਸਵੇਰੇ ਹੀ ਕਾਂਗਰਸ 'ਚ ਸ਼ਾਮਲ ਹੋ ਗਏ ਸਨ।
ਫੋਟੋਆਂ ਵਾਇਰਲ ਹੁੰਦੇ ਹੀ ਗੋਕੁਲ ਸੇਤੀਆ ਨੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਭ ਟਿਕਟ ਕੱਟਣ ਲਈ ਕੀਤਾ ਜਾ ਰਿਹਾ ਹੈ। ਉਹ ਕਾਲਜ ਵਿੱਚ ਇਕੱਠੇ ਪੜ੍ਹੇ। ਹੁਣ ਕੋਈ ਲਿੰਕ ਨਹੀਂ ਹਨ। ਸੇਤੀਆ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਗੋਲਡੀ ਬਰਾੜ ਦੀ ਫੋਟੋ ਵੀ ਦਿਖਾਈ।
ਗੋਲਡੀ ਬਰਾੜ, ਜਿਸ ਨਾਲ ਸੇਤੀਆ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮਾਸਟਰ ਮਾਈਂਡ ਹੈ। ਉਸਨੇ ਹੀ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਰਕਾਰ ਨੇ ਉਸਨੂੰ ਅੱਤਵਾਦੀ ਵੀ ਐਲਾਨਿਆ ਹੋਇਆ ਹੈ। ਗੋਕੁਲ ਸੇਤੀਆ ਨੇ ਕਿਹਾ ਕਿ ਵਿਧਾਇਕ ਕਾਂਡਾ ਇਹ ਸਭ ਕੁਝ ਘਬਰਾਹਟ ਵਿੱਚ ਕਰ ਰਹੇ ਹਨ। ਉਸਨੇ ਆਪਣਾ ਸਾਰਾ ਸਿਸਟਮ ਮੇਰੇ ਪਿੱਛੇ ਲਗਾ ਦਿੱਤਾ ਹੈ।