ਵੱਡਾ ਖੁਲਾਸਾ: ਸਿੱਖਿਆ ਵਿਭਾਗ 'ਚ ਤਰਸ ਦੇ ਆਧਾਰ 'ਤੇ ਨਿਯੁਕਤ ਕੀਤੇ ਗਏ 92 ਫ਼ੀਸਦੀ ਕਲਰਕ ਟਾਈਪਿੰਗ ਟੈਸਟ ਚੋਂ ਹੋਏ ਫ਼ੇਲ੍ਹ
ਰੋਹਿਤ ਗੁਪਤਾ
ਗੁਰਦਾਸਪੁਰ 4 ਸਤੰਬਰ 2024- ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ ਸਾਰੇ ਜਿਲਾ ਸਿੱਖਿਆ ਅਫਸਰਾਂ ਸਕੈਂਡਰੀ,ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ,ਸਮੂਹ ਪ੍ਰਿੰਸੀਪਲ ਡਾਇਟ ਅਤੇ ਸਮੂਹ ਬੀਪੀਓਜ ਨੂੰ ਦੋ ਅਗਸਤ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜੋ ਪੰਜਾਬ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਕਲਰਕਾਂ ਦੇ ਜੁਲਾਈ 2024 ਵਿੱਚ ਲਏ ਟਾਈਪ ਟੈਸਟ ਦੇ ਨਤੀਜੇ ਸਬੰਧੀ ਹੈ।
ਪੱਤਰ ਅਨੁਸਾਰ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ,ਸੰਸਥਾਵਾਂ ਅਤੇ ਸਕੂਲਾਂ ਵਿੱਚ ਤਰਸ ਦੇ ਆਧਾਰ ਤੇ ਨਿਯੁਕਤ ਹੋਏ ਕਲਰਕਾਂ ਦਾ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਜੁਲਾਈ 2024 ਵਿੱਚ ਦਫਤਰ ਭਾਸ਼ਾ ਵਿਭਾਗ, ਪੰਜਾਬ, ਦੇ ਵੱਖ ਵੱਖ ਕੋਆਰਡੀਨੇਟਰ ਜਿਲ੍ਹਿਆਂ ਵੱਲੋਂ ਲਿਆ ਗਿਆ ਸੀ ਜਿਸ ਦਾ ਨਤੀਜਾ ਹੁਣ ਘੋਸ਼ਿਤ ਕੀਤਾ ਜਾਂਦਾ ਹੈ। ਇਹ ਨਤੀਜਾ ਵਿਭਾਗ ਦੀ ਵੈਬਸਾਈਟ http://www.ssapunjab.org ਤੇ ਅਪਲੋਡ ਕੀਤਾ ਜਾ ਰਿਹਾ ਹੈ। ਪਰ ਨਤੀਜੇ ਵੇਖੇ ਗਏ ਤਾਂ ਹੈਰਾਨ ਕਰਨ ਵਾਲੇ ਸਨ ਕਿਉਂਕਿ ਨੌਕਰੀ ਕਰ ਰਹੇ ਪ੍ਰੀਖਿਆ ਦੇਣ ਵਾਲੇ ਕਲਰਕਾਂ ਵਿੱਚੋਂ ਸਿਰਫ ਪੰਜਾਬੀ ਵਿੱਚੋਂ ਸੱਤ ਪ੍ਰਤੀਸ਼ਤ ਅਤੇ ਅੰਗਰੇਜ਼ੀ ਵਿੱਚੋਂ ਅੱਠ ਪ੍ਰਤੀਸ਼ਤ ਕਲਰਕ ਹੀ ਪ੍ਰੀਖਿਆ ਪਾਸ ਕਰ ਪਾਏ ਹਨ।
ਸੂਬੇ ਦੇ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ ਅਤੇ 37 ਗੈਰ ਹਾਜ਼ਰ ਰਹੇ ਜਿਨਾਂ ਵਿੱਚੋਂ ਸਿਰਫ ਛੇ ਕਲਰਕ ਹੀ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 80 ਫੇਲ ਰਹੇ। ਇਨਾਂ 123 ਵਿੱਚੋਂ ਕਲਰਕਾਂ ਵਿੱਚੋਂ 79 ਨੇ ਅੰਗਰੇਜੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਸੀ ਅਤੇ 44 ਕਲਰਕ ਗੈਰ ਹਾਜਰ ਰਹੇ ਪਰ ਇਨਾ ਹਾਜ਼ਰ ਕਲਰਕਾਂ ਵਿੱਚੋਂ ਸਿਰਫ 7 ਕਲਰਕ ਹੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 72 ਫੇਲ ਰਹੇ।
ਗੱਲ ਗੁਰਦਾਸਪੁਰ ਜਿਲੇ ਦੀ ਕਰੀਏ ਤਾਂ ਗੁਰਦਾਸਪੁਰ ਦੇ ਚਾਰ ਕਲਰਕਾਂ ਨੇ ਤਰਸ ਦੇ ਅਧਾਰ ਤੇ ਨੌਕਰੀ ਲਈ ਹੈ ਜਿਨਾਂ ਵਿੱਚੋਂ ਤਿੰਨ ਨੇ ਟੈਸਟ ਦਿੱਤੇ ਹੀ ਨਹੀਂ ਅਤੇ ਇੱਕ ਜਿੰਨੇ ਟੈਸਟ ਦਿੱਤੇ ਉਹ ਅੰਗਰੇਜ਼ੀ ਵਿੱਚੋਂ ਫੇਲ ਦੇ ਪੰਜਾਬੀ ਵਿੱਚ ਪਾਸ ਕਰ ਗਿਆ।
ਹਾਲਾਂਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਗੈਰ ਹਾਜ਼ਰ ਰਹੇ ਅਤੇ ਫੇਲ ਹੋਏ ਕਲਰਕਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਹੈ ਤੇ ਅਕਤੂਬਰ ਮਹੀਨੇ ਵਿੱਚ ਇਹਨਾਂ ਦੀ ਫਿਰ ਤੋਂ ਇੱਕ ਵਾਰ ਪ੍ਰੀਖਿਆ ਲਈ ਜਾਵੇਗੀ ਅਤੇ ਨਵੇਂ ਕਰਮਚਾਰੀ ਵੀ ਅਕਤੂਬਰ ਵਿੱਚ ਇਹ ਪ੍ਰੀਖਿਆ ਦੇਣਗੇ ਜਿਸ ਦੇ ਲਈ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਵੀ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲੇ ਦਸ ਫੀਸਦੀ ਵੀ ਟਾਈਪਿੰਗ ਦੀ ਪ੍ਰੀਖਿਆ ਪਾਸ ਨਹੀਂ ਕਰ ਪਾਏ ਹਨ ਜਦਕਿ ਕਲਰਕ ਦੀ ਅਸਾਮੀ ਲਈ ਟਾਈਪਿੰਗ ਬੇਹਦ ਜਰੂਰੀ ਹੈ। ਵੱਡਾ ਸਵਾਲ ਉੱਠਦਾ ਹੈ ਕਿ ਜਿਹੜੇ ਕਲਰਕ ਟਾਈਪਿੰਗ ਹੀ ਨਹੀਂ ਜਾਣਦੇ ਉਹ ਕੰਮ ਕੀ ਕਰਦੇ ਹੋਣਗੇ? ਕੀ ਨਿਯੁਕਤੀ ਦੇਣ ਤੋਂ ਪਹਿਲਾਂ ਯੋਗਤਾ ਦੇ ਮਾਪਦੰਡ ਦਾ ਨਿਯਮ ਨਹੀਂ ਹੋਣਾ ਚਾਹੀਦਾ ?