ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਹੋਈਆਂ ਦਰਬਾਰ ਸਾਹਿਬ 'ਚ ਨਤਮਸਤਕ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੇ ਲਈ ਸੁੰਦਰ ਜਲੋ ਸਾਹਿਬ ਸਜਾਏ ਗਏ
ਅੱਜ ਦੇ ਮੌਕੇ ਫੁੱਲਾਂ ਨਾਲ ਮਹਿਕ ਰਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਰਾਤ ਨੂੰ ਹੋਵੇਗੀ ਅਲੌਕਿਕ ਆਤਿਸ਼ਬਾਜ਼ੀ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 4 ਸਤੰਬਰ 2024- ਗੁਰੂ ਨਗਰੀ ਅੰਮ੍ਰਿਤਸਰ 'ਚ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਦਿਨ 1604 ਨੂੰ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਉਦੋਂ ਤੋਂ ਹਰ ਸਾਲ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਅੱਜ ਸ੍ਰੀ ਹਰਿਮੰਦਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ 'ਚ ਸੰਗਤ ਇੱਥੇ ਸਜਦਾ ਕਰਨ ਲਈ ਪਹੁੰਚਦੀ ਹੈ ਅਤੇ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ।
ਦੇਸ਼ ਵਿਦੇਸ਼ ਤੋਂ ਲਿਆਂਦੇ ਰੰਗ-ਬਿਰੰਗੇ ਫੁੱਲਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ। ਇਸ ਵਾਰ ਦੇਸ਼ ਅਤੇ ਵਿਦੇਸ਼ਾਂ ਤੋਂ ਵੱਖਰੀਆਂ ਕਿਸਮਾਂ ਦੇ 110 ਟਨ ਫੁੱਲ ਲਿਆਂਦੇ ਗਏ ਹਨ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਸਜਾਵਟ ਕੀਤੀ ਗਈ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਸੁੰਦਰ ਜਲੌਅ ਵੀ ਸਜਾਏ ਗਏ, ਜਿਸ ’ਚ ਹੀਰੇ-ਮੋਤੀ, ਜਵਾਹਰਾਤ, ਸੋਨੇ ਅਤੇ ਚਾਂਦੀ ਦਾ ਸਾਮਾਨ, ਸੋਨੇ ਦੇ ਦਰਵਾਜ਼ੇ, ਚਾਂਦੀ ਦੇ ਪੰਜ ਤਸਲੇ ਆਦਿ ਸੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ ਨੌ ਲੱਖਾ ਹਾਰ, ਨੀਲਮ ਦਾ ਮੋਰ, ਸੋਨੇ ਦੇ ਛੱਬੇ, ਚੰਦਨ ਦਾ ਚੌਰ ਸਾਹਿਬ, ਚਾਂਦੀ ਦੀਆਂ ਕਹੀਆਂ-ਬਾਟੇ ਅਤੇ ਹੋਰ ਬੇਸ਼ੁਮਾਰ ਕੀਮਤੀ ਖਜ਼ਾਨਾ ਸ਼ਾਮਲ ਹੈ ਇਸ ਪਾਵਨ ਦਿਹਾੜੇ ਮੌਕੇ ਐਸਜੀਪੀਸੀ ਵੱਲੋਂ ਵੀ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਜਿੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਉੱਥੇ ਹੀ ਉਨ੍ਹਾਂ ਅਲੌਕਿਕ ਰੌਣਕਾਂ ਦਾ ਅਨੰਦ ਮਾਣਿਆ। ਉਥੇ ਹੀ ਆਈਆਂ ਸੰਗਤਾਂ ਨੇ ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਜੋ ਗੁਰੂ ਨਗਰੀ ਵਿੱਚ ਆਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਇਹ ਨਜ਼ਾਰਾ ਵੇਖਣ ਨੂੰ ਮਿਲਿਆ, ਕਿਹਾ ਅੱਜ ਜਲੋਹ ਸਾਹਿਬ ਵੀ ਸਜਾਏ ਗਏ। ਤੇ ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ। ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਦੇ ਮੌਕੇ ਨਗਰ ਕੀਰਤਨ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਚਰਨਾਂ ਨਾਲ ਜੁੜਨਾ ਚਾਹੀਦਾ ਤੇ ਗੁਰਬਾਣੀ ਕੀਰਤਨ ਸਰਵਣ ਕਰਨਾ ਚਾਹੀਦਾ ਹੈ।