ਬਰਸਾਤੀ ਨਦੀ 'ਚ ਪਾਣੀ ਤੇਜ਼ ਵਹਾਅ 'ਚ ਕਾਰ ਸਮੇਤ ਰੁੜੇ ਨੌਜਵਾਨ ਦੀ ਮੌਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਸਤੰਬਰ 2024-ਬੀਤੀ ਰਾਤ ਬਰਸਾਤੀ ਨਦੀ ਪਾਰ ਕਰਦਿਆਂ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਨੌਜਵਾਨ ਦੀ ਕਾਰ ਸਮੇਤ ਰੁੜ੍ਹਨ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਲਖਮੀਪੁਰ ਦਾ ਕਾਰ ਸਵਾਰ ਨੌਜਵਾਨ ਸਰੂਪ ਸਿੰਘ (43) ਪੁੱਤਰ ਅਜੈਬ ਸਿੰਘ ਬੀਤੀ ਸ਼ਾਮ 7.30 ਵਜੇ ਦੇ ਕਰੀਬ ਪਿੰਡ ਸੈਫਲਪੁਰ ਅਤੇ ਪੜੀ ਦਰਮਿਆਨ ਲੰਘਦੀ ਸਗਰਾਉ ਨਦੀ ਦੇ ਵਗਦੇ ਪਾਣੀ ਵਿੱਚ ਨਦੀ ਪਾਰ ਕਰਨ ਲਈ ਐਨ ਵਿਚਕਾਰ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਬੰਦ ਹੋ ਗਈ। ਉਸ ਵੱਲੋਂ ਕਾਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਜੋਂ ਕਾਰ ਦਾ ਦਰਵਾਜਾ ਖੋਲ੍ਹਿਆ ਗਿਆ ਐਨੇ ਵਿੱਚ ਪਾਣੀ ਦਾ ਵਹਾਅ ਇੱਕ ਦਮ ਤੇਜ਼ ਹੋਣ ਕਾਰਨ ਕਾਰ ਸਮੇਤ ਨਦੀ ਵਿੱਚ ਰੁੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਕੰਮ ਦੇ ਸਿਲਸਿਲੇ ਵਿੱਚ ਪਿੰਡ ਸੈਫਲਪੁਰ ਤੋਂ ਅਪਣੇ ਪਿੰਡ ਲਈ ਵਾਪਸ ਪਰਤ ਰਿਹਾ ਸੀ ਤਾਂ ਨਦੀ ਪਾਰ ਕਰਦਿਆਂ ਉਸ ਵੱਲੋਂ ਕਾਰ ਦੇ ਬੰਦ ਹੋਣ ਅਤੇ ਪਾਣੀ ਵਿੱਚ ਫਸ ਜਾਣ ਦੀ ਸੂਚਨਾ ਫੋਨ ਰਾਹੀਂ ਨੇੜਲੇ ਸਾਥੀ ਨੂੰ ਦਿੱਤੀ ਗਈ, ਜਦੋਂ ਤੱਕ ਮਦਦ ਲਈ ਉਥੇ ਪਹੁੰਚੇ ਤਾਂ ਘਟਨਾ ਵਾਪਰ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਦੇ ਅਧਿਕਾਰੀ ਘਟਨਾ ਸਥਾਨ ਤੇ ਪਹੁੰਚ ਗਏ ਸਨ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਕਾਫੀ ਜਦੋਜਹਿਦ ਤੋਂ ਬਾਅਦ ਦੇਰ ਰਾਤ ਮਿਰਤਕ ਨੌਜਵਾਨ ਦੀ ਲਾਸ਼ ਅਤੇ ਕਾਰ ਨਦੀ ਵਿੱਚੋਂ ਬਰਾਮਦ ਕਰ ਬਾਹਰ ਕੱਢ ਲਈ ਗਈ। ਲਾਸ਼ ਸਿਵਲ ਹਸਪਤਾਲ ਰੂਪਨਗਰ ਵਿਖੇ ਮੋਰਚਰੀ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਮਿਰਤਕ ਪਿੱਛੇ ਪਤਨੀ ਸਮੇਤ ਇੱਕ ਬੇਟਾ ਤੇ ਬੇਟੀ ਛੱਡ ਗਿਆ ਹੈ। ਨੌਜਵਾਨ ਦੀ ਦਰਦਨਾਕ ਮੌਤ ਕਾਰਨ ਸਮੂਚੇ ਹਲਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।