22 ਸਾਲ ਦੀ ਪੰਜਾਬੀ ਕੁੜੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
- ਬਰਨਾਲਾ ਦੀ ਭਦੌੜ ਦੀ ਰਹਿਣ ਵਾਲੀ 22 ਸਾਲ ਦੀ ਲੜਕੀ ਗੁਰਮੀਤ ਕੌਰ ਦੀ ਕਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
- ਰੋਜੀ ਰੋਟੀ ਦੀ ਭਾਲ ਲਈ ਆਪਣੇ ਮਾਪਿਆਂ ਦੇ ਸੁਪਨੇ ਸਕਾਰ ਕਰਨ ਲਈ ਇੱਕ ਸਾਲ ਪਹਿਲਾਂ ਗਈ ਸੀ ਕਨੇਡਾ
- ਪਰਿਵਾਰਿਕ ਮੈਂਬਰਾਂ ਨੇ ਲੜਕੀ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਸਰਕਾਰ ਤੋਂ ਕੀੱਤੀ ਮੰਗ
ਬਰਨਾਲਾ, 4 ਸਤੰਬਰ 2024 - ਜ਼ਿਲ੍ਹਾ ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਅਬਾਦ ਭਦੌੜ ਦੀ ਸਰੀ (ਕੈਨੇਡਾ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿ੍ਤਕ ਗੁਰਮੀਤ ਕੌਰ ਦੇ ਨਾਨਾ ਸੁਦਾਗਰ ਸਿੰਘ ਬੁੱਟਰ ਤੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਧੀ ਗੁਰਮੀਤ ਕੌਰ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲਾ (ਬਠਿੰਡਾ) ਨਾਲ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਰੋਜੀ ਰੋਟੀ ਕਮਾਉਣ ਦੀ ਖਾਤਿਰ ਮਿਤੀ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਪੜ੍ਹਾਈ ਕਰਨ ਦੇ ਲਈ ਭੇਜਿਆ ਸੀ ਅਤੇ ਹੁਣ ਉਸ ਦਾ ਇੱਕ ਸਮੈਸਟਰ ਪੁਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜਾਰ ਡਾਲਰ ਅਸੀ ਭਰ ਦਿੱਤੇ ਸਨ ਪਰੰਤੂ ਪੜ੍ਹਾਈ ਦੇ ਨਾਲ ਨਾਲ ਕੰਮਕਾਰ ਨਾ ਮਿਲਣ ਕਾਰਨ ਦਿਮਾਗ ਤੇ ਟੈਨਸ਼ਨ ਰੱਖਦੀ ਸੀ।
ਸਾਨੂੰ ਮਿਤੀ 1 ਸਤੰਬਰ ਨੂੰ ਗੁਰਮੀਤ ਕੌਰ ਦੇ ਨਾਲ ਰਹਿੰਦੀਆਂ ਲੜਕੀਆਂ ਦਾ ਫੋਨ ਆਇਆ ਕਿ ਬੀਤੀ ਰਾਤ ਗੁਰਮੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਦੀ ਮ੍ਰਿਤਕ ਦੇਹ ਕਸਬਾ ਭਦੌੜ ਵਿਖੇ ਲਿਆਉਣ ਦੇ ਲਈ ਸਾਡੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਕਿ ਅਸੀ ਆਪਣੀ ਲੜਕੀ ਨੂੰ ਆਖਰੀ ਵਾਰ ਤਾਂ ਦੇਖ ਲਈਏ।