ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ
ਪਟਿਆਲਾ, 5 ਸਤੰਬਰ 2024 - ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਫਰਾਂਸ ਦੇ ਪੈਰਿਸ ਵਿੱਚ ਚੱਲ ਰਹੀਆਂ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪੈਰਾ-ਓਲਿੰਪਕ ਖੇਡਾਂ ਦੇ ਇਤਿਹਾਸ ਵਿੱਚ ਤੀਰਅੰਦਾਜ਼ੀ ਦੇ ਖੇਤਰ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗ਼ਮਾ ਹੈ। ਹਰਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿਖੇ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। 33 ਸਾਲਾ ਖਿਡਾਰੀ ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਹਰਵਿੰਦਰ ਸਿੰਘ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਕਾਦਮਿਕ ਖੇਤਰ ਦੇ ਨਾਲ਼-ਨਾਲ਼ ਖੇਡਾਂ ਦੇ ਖੇਤਰ ਵਿੱਚ ਵੀ ਮੋਹਰੀ ਰਹੀ ਹੈ। ਅਜਿਹੀਆਂ ਕੌਮਾਂਤਰੀ ਪ੍ਰਾਪਤੀਆਂ ਯੂਨੀਵਰਸਿਟੀ ਦੇ ਮਾਣ ਵਿੱਚ ਵਾਧਾ ਕਰਦੀਆਂ ਹਨ।
ਯੂਨੀਵਰਸਿਟੀ ਵਿਖੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਹਰਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਅਜਿਹੇ ਹੋਣਹਾਰ ਖਿਡਾਰੀਆਂ ਉੱਤੇ ਮਾਣ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਆਪਣੀਆਂ ਪ੍ਰਾਪਤੀਆਂ ਦੀ ਇਸ ਲੜੀ ਨੂੰ ਬਰਕਰਾਰ ਰੱਖੇਗਾ।
ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਖੁਸ਼ੀ ਦੇ ਪ੍ਰਗਟਾਵੇ ਸਹਿਤ ਦੱਸਿਆ ਕਿ ਹਰਵਿੰਦਰ ਸਿੰਘ ਬਹੁਤ ਹੀ ਪ੍ਰਤਿਭਾਵਾਨ ਅਤੇ ਮਿਹਨਤੀ ਖਿਡਾਰੀ ਹੈ। ਉਸ ਨੇ 2020 ਦੌਰਾਨ ਜਪਾਨ ਦੇ ਟੋਕੀਓ ਵਿੱਚ ਹੋਈਆਂ ਪੈਰਾ-ਓਲਿੰਪਕ ਖੇਡਾਂ ਦੌਰਾਨ ਉਸ ਨੇ ਕਾਂਸੀ ਤਗ਼ਮਾ ਜਿੱਤਿਆ ਸੀ। 2018 ਵਿੱਚ ਉਸ ਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।