ਪੰਜਾਬ ਪੁਲਿਸ ਦੀਆਂ ਡਾਂਗਾਂ ਤੇ ਜੇਲ੍ਹ ਦੀਆਂ ਸਲਾਖਾਂ ਯਾਦ ਕਰਵਾ ਦਿੰਦਾ ਅਧਿਆਪਕ ਦਿਵਸ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2024: ਅਧਿਆਪਕਾਂ ਲਈ ਅਧਿਆਪਕ ਦਿਵਸ ਦੀ ਮਹੱਤਤਾ ਤੋਂ ਤਾਂ ਹਰ ਕੋਈ ਜਾਣੂੰ ਹੈ ਪਰ ਪੰਜਾਬ ’ਚ ਸੈਂਕੜੇ ਅਧਿਆਪਕ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਇਹ ਦਿਨ ਆਪਣੀਆਂ ਹੱਕੀ ਮੰਗਾਂ ਲਈ ਟੈਕੀਆਂ ਤੇ ਚੜ੍ਹਨ, ਜੇਲ੍ਹਾਂ ਕੱਟਣ ਅਤੇ ਪੁਲਿਸ ਦਾ ਧੌਲ ਧੱਫਾ ਪਿੰਡੇ ਤੇ ਹੰਢਾਉਣ ਦੀ ਯਾਦ ਦਿਵਾ ਦਿੰਦਾ ਹੈ। ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਇੰਨ੍ਹਾਂ ਕੱਚੇ ਅਧਿਆਪਕਾਂ ਨੂੰ ਆਪਣੀ 3 ਤੋਂ 5 ਹਜ਼ਾਰ ਦੀ ਨਿਗੂਣੀ ਜਿਹੀ ਤਨਖਾਹ ਅਤੇ ਨੌਕਰੀ ਦੀ ਸੁਰੱਖਿਆ ਖਾਤਰ ਦੋ ਦਹਾਕੇ ਤੋਂ ਵੱਧ ਸਰਕਾਰਾਂ ਨਾਲ ਲੜਾਈ ਲੜਨੀ ਪਈ ਹੈ। ਮਹੱਤਵਪੂਰਨ ਤੱਥ ਹੈ ਕਿ ਸਰਕਾਰਾਂ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਤਾਂ ਦੱਸਦੀਆਂ ਰਹੀਆਂ ਪਰ ਕੱਚੇ ਅਧਿਆਪਕਾਂ ਨੂੰ ਮਜਦੂਰਾਂ ਨਾਲੋਂ ਵੀ ਘੱਟ ਮਿਹਨਤਾਨਾ ਦਿੱਤਾ ਜਾਂਦਾ ਰਿਹਾ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ। ਪਿਛੇ ਜਿਹੇ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ।
ਅੱਜ ਵੀ ਇਸ ਪੱਤਰਕਾਰ ਨੇ ਕਈ ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕਾਂ ਨੇ ਮੰਨਿਆ ਕਿ ਸਰਕਾਰਾਂ ਜਸ਼ਨ ਮਨਾਉਂਦੀਆਂ ਸਨ ਪਰ ਤਕਰੀਬਨ 20 ਸਾਲ ਹਰ ਅਧਿਆਪਕ ਦਿਵਸ ਉਨ੍ਹਾਂ ਨੂੰ ਖੂਨ ਦੇ ਹੰਝੂ ਰੁਆਉਂਦਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਗਠਜੋੜ ਸਰਕਾਰ ਸੀ ਤਾਂ ਵੀ ਉਨ੍ਹਾਂ ਨੂੰ ਸਰਕਾਰੀ ਜਬਰ ਹੰਢਾਉਣਾ ਪਿਆ ਅਤੇ ਮਗਰੋਂ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਰਾਜ ਭਾਗ ਦੌਰਾਨ ਵੀ ਪੰਜ ਸਾਲ ਉਨ੍ਹਾਂ ਦੀ ਇਹੋ ਹੋਣੀ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨ ਦੇ ਵਾਅਦੇ ਦੇ ਬਾਵਜੂਦ ਸੱਤਾ ’ਚ ਆਈ ਆਪ ਸਰਕਾਰ ਨੇ ਭਾਵੇਂ ਦੋ ਸਾਲ ਲੰਘਾ ਦਿੱਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬੋਲ ਪੁਗਾਏ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਬਾਕੀ ਅਧਿਆਪਕਾਂ ਦੇ ਬਰਾਬਰ ਲਿਆ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਧਿਆਪਕ ਦਿਵਸ ਦਾ ਤੋਹਫਾ ਦੇਵੇ।
ਮਾਨਸਾ ਜਿਲ੍ਹੇ ਦੇ ਈਜੀਐਸ ਅਧਿਆਪਕ ਸਿਮਰਜੀਤ ਸਿੰਘ ਦੇ ਤਾਂ ਮੌਤ ਬਿਲੁਕਲ ਲਾਗਿਓਂ ਲੰਘ ਕੇ ਗਈ ਸੀ। ਅੰਦੋਲਨ ਦੌਰਾਨ ਉਸ ਨੇ ਖੁਦ ਨੂੰ ਅੱਗ ਲਾਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਕਾਫੀ ਸਮਾਂ ਹਸਪਤਾਲ ਰਿਹਾ ਅਤੇ ਬੈੱਡ ’ਤੇ ਵੀ। ਇਸ ਦੌਰਾਨ ਸਿਮਰਜੀਤ ਸਿੰਘ ਦੀ ਜ਼ਿੰਦਗੀ ਤਾਂ ਬਚ ਗਈ ਪ੍ਰੰਤੂ ਹੁਣ ਵੀ ਗਰਮੀ ਦੇ ਦਿਨਾਂ ਵਿੱਚ ਜਲਣ ਵਧ ਜਾਂਦੀ ਹੈ ਜੋ ਉਸ ਨੂੰ ਹਕੂਮਤੀ ਅੱਗ ਦਾ ਸੇਕ ਭੁੱਲਣ ਨਹੀਂ ਦਿੰਦੀ ਹੈ। ਬਠਿੰਡਾ ਪੁਲਿਸ ਵੱਲੋਂ ਬਿਸਤਰੇ ਖੋਹਣ ਪਿੱਛੋਂ ਠੰਢ ਲੱਗਣ ਕਾਰਨ ਬੇਵਕਤ ਜਹਾਨੋਂ ਜਾਣ ਵਾਲੀ ਮਾਸੂਮ ਬੱਚੀ ‘ਰੂਥ’ ਦੀ ਮਾਂ ਕੱਚੀ ਅਧਿਆਪਕਾ ਕਿਰਨਜੀਤ ਕੌਰ ਆਪਣੀ ਧੀ ਨੂੰ ਕਿੱਦਾਂ ਭੁੱਲ ਸਕਦੀ ਹੈ। ਅਬੋਹਰ ਦੇ ਕੁਲਬੀਰ ਸਿੰਘ ਅਤੇ ਬੀਰਬਲ ਸਿੰਘ ਮਾਨਸਾ ਨੇ 2016 ’ਚ ਕੋਈ ਜਹਿਰੀਲੀ ਚੀਜ਼ ਨਿਗਲ ਕੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ।
ਮੁਕਤਸਰ ਜਿਲ੍ਹੇ ਦੇ ਇੱਕ ਸਕੂਲ ’ਚ ਪੁਲਿਸ ਵੱਲੋਂ ਮਾਰੇ ਛਾਪੇ ਦੇ ਸਦਮੇ ਦੌਰਾਨ ਇੱਕ ਕੱਚੀ ਅਧਿਆਪਕਾ ਦਾ ਗਰਭ ਡਿੱਗ ਪਿਆ ਸੀ ਜਿਸ ਦਾ ਉਹ ਅੱਜ ਵੀ ਦਰਦ ਹੰਢਾ ਰਹੀ ਹੈ। ਅਧਿਆਪਕ ਆਗੂ ਗਗਨ ਅਬੋਹਰ ਨੇ ਬਠਿੰਡਾ ’ਚ ਕੋਈ ਜਹਿਰੀਲੀ ਪਦਾਰਥ ਨਿਗਲ ਲਿਆ ਸੀ ਪਰ ਪੁਲਿਸ ਦੀ ਚੌਕਸੀ ਕਾਰਨ ਬਚ ਗਈ। ਕੱਚੇ ਅਧਿਆਪਕ ਨਿਸ਼ਾਂਤ ਕੁਮਰ ਨੇ ਵੀ ਖੁਦ ਨੂੰ ਅਗਨ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਿੰਡ ਦੌਲਾ ’ਚ ਮੁਟਿਆਰ ਅਧਿਆਪਕਾ ਦੇ ਮਾਰਿਆ ਥੱਪੜ, ਮਾਲਵੇ ਦੇ ਜਲ ਘਰ ਅਤੇ ਕਪੂਰਥਲਾ ’ਚ ਕਿਰਨਜੀਤ ਕੌਰ ਆਤਮਦਾਹ ਅੱਜ ਵੀ ਇੰਨ੍ਹਾਂ ਅਧਿਆਪਕਾਂ ਦੇ ਜਿਹਨ ’ਚ ਹਨ। ਗੌਰਤਲਬ ਹੈ ਕਿ ਕੇਂਦਰੀ ਸਕੀਮਾਂ ਤਹਿਤ ਸਾਲ 2003 ਤੋਂ ਬੱਚਿਆਂ ਨੂੰ ਪੜ੍ਹਾ ਰਹੇ ਇੰਨ੍ਹਾਂ ਕੱਚੇ ਅਧਿਆਪਕਾਂ ਨਾਲ ਗਠਜੋੜ ਸਰਕਾਰ ਨੇ ਈਟੀਟੀ ਕੋਰਸ ਕਰਨ ਮਗਰੋਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਵਾਉਣ ਲਈ ਜੱਦੋਜਹਿਦ ਦੇ ਰਾਹ ਪੈਣਾ ਪਿਆ ਸੀ।
ਭਰਾਵਾਂ ਦਾ ਮੂੰਹ ਦੇਖਣੋ ਖੁੰਝੀ
ਕੱਚੀ ਅਧਿਆਪਕਾ ਕਰਮਜੀਤ ਕੌਰ ਪਾਤੜਾਂ ਸੰਘਰਸ਼ ਦੇ ਚੱਲਦਿਆਂ ਟੈਂਕੀ ਤੇ ਚੜ੍ਹੀ ਹੋਈ ਸੀ ਤਾਂ ਇੱਕ ਹਾਦਸੇ ਦੌਰਾਨ ਉਸ ਦੀ ਮਾਸੀ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਸੀ। ਉਸ ਨੇ ਆਪਣੇ ਭਰਾਵਾਂ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਦੀ ਥਾਂ ਸੰਘਰਸ਼ ਦਾ ਮੈਦਾਨ ’ਚ ਡਟਣ ਨੂੰ ਤਰਜੀਹ ਦਿੱਤੀ ਸੀ। ਕਰਮਜੀਤ ਨੇ ਕਿਹਾ ਕਿ ਤਾਉਮਰ ਯਾਦ ਰਹੇਗਾ ਕਿ ਉਸ ਨੂੰ ਭਰਾਵਾਂ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੋ ਸਕਿਆ ਸੀ।
ਬਠਿੰਡਾ ਨਹਿਰ ਵੀ ਗਵਾਹ
ਜਲੰਧਰ ਜਿਲ੍ਹੇ ਦੀ ਇੱਕ ਕੱਚੀ ਅਧਿਆਪਕਾ ਨੂੰ ਤਾਂ ਕੇਂਦਰੀ ਜੇਲ੍ਹ ਬਠਿੰਡਾ ਦਾ ਸੰਤਾਪ ਵੀ ਭੋਗਣਾ ਪਿਆ ਅਤੇ ਪੰਜਾਬ ਪੁਲਿਸ ਦੀਆਂ ਡਾਂਗਾਂ ਵੀ ਝੱਲਣੀਆਂ ਪਈਆਂ। ਜਦੋਂ ਇਸ ਲੜਕੀ ਤੋਂ ਪੁਲਿਸ ਦਾ ਜਬਰ ਜਰਿਆ ਨਾ ਗਿਆ ਤਾਂ ਉਸ ਨੇ ਵਿਰੋਧ ’ਚ ਆਪਣੀ ਸਾਥਣ ਨਾਲ ਨਹਿਰ ‘ਚ ਛਾਲ ਮਾਰ ਦਿੱਤੀ ਸੀ। ਇੰਨ੍ਹਾਂ ਨੂੰ ਬਚਾਉਣ ਦੀ ਖਾਤਰ ਨਹਿਰ ‘ਚ ਕੁੱਦ ਗਏ ਜਲੰਧਰ ਦੇ ਜਰਨੈਲ ਸਿੰਘ ਨੂੰ ਤਾਂ ਭਲਾਈ ਦਾ ਮੁੱਲ ਪੁਲਿਸ ਦੀ ਕੁੱਟ ਖਾਕੇ ਤਾਰਨਾ ਪਿਆ ਸੀ।
ਹਕੂਮਤਾਂ ਵੱਲੋਂ ਮਨਫੀ ਇਹ ਦਿਨ
ਈਟੀਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਦਾ ਪ੍ਰਤੀਕਰਮ ਸੀ ਕਿ ਅਧਿਆਪਕ ਦਿਵਸ ਅਧਿਆਪਕਾਂ ਦੇ ਮਾਣ ਸਨਮਾਨ, ਰੁਤਬੇ ਤੇ ਮਹੱਤਤਾ ਦੀ ਨਿਸ਼ਾਨੀ ਹੁੰਦਾ ਹੈ ਜਿਸ ਨੂੰ ਹਕੂਮਤਾਂ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਨੇ ਮਨਫੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਕਸਰ ਸਰਕਾਰਾਂ ਦੀ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਨੇ ਪੂਰੀ ਕਰ ਦਿੱਤੀ ਹੈ ਜਿਸ ਦਾ ਦਰਦ ਅਧਿਆਪਕ ਹੀ ਨਹੀਂ ਬਲਕਿ ਅੱਜ ਦੀ ਪੀੜ੍ਹੀ ਵੀ ਹੰਢਾ ਰਹੀ ਹੈ।