ਡੇਰਾ ਪ੍ਰੇਮੀ ਅਧਿਆਪਕ ਨੇ ਡੇਰੇ ਦੀ ਵਰਦੀ ’ਚ ਲਿਆ ਰਾਸ਼ਟਰਪਤੀ ਤੋਂ ਕੌਮੀ ਪੁਰਸਕਾਰ
ਅਸ਼ੋਕ ਵਰਮਾ
ਬਠਿੰਡਾ,5 ਸਤੰਬਰ 2024: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਜਿੰਦਰ ਸਿੰਘ ਇੰਸਾਂ ਨੇ ਅੱਜ ਡੇਰਾ ਸਿਰਸਾ ਵੱਲੋਂ ਸਮਾਜਿਕ ਕਾਰਜਾਂ ਨੂੰ ਅੰਜਾਮ ਦੇਣ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਕੌਮੀ ਅਧਿਆਪਕ ਪੁਰਸਕਾਰ ਹਾਸਲ ਕੀਤਾ ਹੈ। ਹਾਲਾਂਕਿ ਡੇਰਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਡੇਰੇ ’ਚ ਕੀਤੀਆਂ ਜਾਂਦੀਆਂ ਸ਼ਾਦੀਆਂ ਦੌਰਾਨ ਤਾਂ ਇਹ ਡਰੈਸ ਅਕਸਰ ਪਹਿਨੀ ਜਾਂਦੀ ਹੈ ਪਰ ਕੌਮੀ ਪੱਧਰ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਇਸ ਤਰਾਂ ਦੀ ਪਹਿਲਕਦਮੀ ਕੀਤੀ ਹੈ। ਡੇਰ ਪੈਰੋਕਾਰ ਅਧਿਆਪਕ ਰਜਿੰਦਰ ਸਿੰਘ ਨੇ ਆਪਣਾ ਪੁਰਸਕਾਰ ਆਪਣੇ ਗੁਰੂ ਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਮਰਪਿਤ ਕੀਤਾ ਹੈ। ਰਾਜਿੰਦਰ ਸਿੰਘ ਇੰਸਾਂ ਨੇ ਆਪਣੇ 20 ਸਾਲਾਂ ਦੇ ਕਾਰਜਕਾਲ ਦੌਰਾਨ ਚਾਰ ਖਸਤਾਹਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਜਿੰਦਰ ਸਿੰਘ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਹੈ। ਰਾਜਿੰਦਰ ਸਿੰਘ ਗੋਨਿਆਣਾ ਮੰਡੀ ਜਿਲ੍ਹਾ ਬਠਿੰਡਾ, ਪੰਜਾਬ ਦਾ ਵਸਨੀਕ ਅਤੇ ਪ੍ਰਾਇਮਰੀ ਅਧਿਆਪਕ ਹੈ। ਇਸ ਸਮੇਂ ਉਹ ਕੋਠੇ ਇੰਦਰÇ ਸੰਘ ਵਾਲਾ ਦੇ ਸਰਕਾਰੀ ਸਮਾਰਟ ਪ੍ਰਾਈਮਰੀ ਸਕੂਲ ਵਿੱਚ ਸੇਵਾ ਨਿਭਾਅ ਰਿਹਾ ਹੈ। ਰਜਿੰਦਰ ਸਿੰਘ ਦੀ ਸਾਲ 2015 ਵਿੱਚ ਇਸ ਸਕੂਲ ਵਿੱਚ ਬਦਲੀ ਹੋਈ ਸੀ ਤਾਂ ਉਸ ਸਮੇਂ ਸਕੂਲ ਦੀ ਹਾਲਤ ਬਹੁਤ ਮਾੜੀ ਸੀ ਅਤੇ ਬੱਚਿਆਂ ਦੀ ਗਿਣਤੀ ਵੀ ਬਹੁਤ ਘੱਟ ਸੀ। ਸਕੂਲ ਦੀਆਂ ਖਸਤਾਹਾਲ ਕੰਧਾਂ, ਕਮਰਿਆਂ ਦੀਆਂ ਟੁੱਟੀ ਹੋਈ ਛੱਤ, ਕੱਚਾ ਵਿਹੜਾ ਸੀ। ਸਕੂਲ ’ਚ ਸਿਰਫ 33 ਵਿਦਿਆਰਥੀ ਸਨ ਜਿੰਨ੍ਹਾਂ ਨੂੰ ਪੜ੍ਹਾਉਣ ਲਈ ਉਹ ਇਕੱਲਾ ਅਧਿਆਪਕ ਸੀ ਅਤੇ ਸਕੂਲ ਬੰਦ ਹੋਣ ਦੇ ਕੰਢੇ ’ਤੇ ਸੀ।
ਸਕੂਲ ਵਿਚਲਾ ਉਸਾਰੀ , ਬਿਜਲੀ, ਪਲੰਬਰ, ਪੇਂਟਰ ਤੇ ਲੱਕੜੀ ਆਦਿ ਨਾਲ ਸਬੰਧਤ ਕੰਮ ਵੀ ਉਸ ਨੇ ਆਪਣੇ ਹੱਥੀਂ ਕੀਤੇ ਹਨ ਅਤੇ ਸਹਿਯੋਗ ਦਾਨੀ ਸੱਜਣਾਂ ਦਾ ਰਿਹਾ ਹੈ। ਸਕੂਲ ’ਚ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਵਾਲੀਆਂ ਪੇਟਿੰਗਾਂ ਹਨ। ਬੱਚਿਆਂ ਦੀ ਆਧੁਨਿਕ ਸਿੱਖਿਆ ਨਾਲ ਸਬੰਧਿਤ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ,ਈ-ਲਾਇਬ੍ਰੇਰੀ,ਖੇਡ੍ਹ ਦਾ ਮੈਦਾਨ, ਖੁੱਲ੍ਹਾ ਡੁੱਲ੍ਹਾ ਵਾਤਾਵਰਣ ,ਬੱਚਿਆਂ ਲਈ ਪਾਰਕ ਤੇ ਝੂਲੇ ਅਤੇ ਸਕਾਊਟਿੰਗ ਸਿੱਖਿਆ ਦੀ ਸਹੂਲਤ ਹੈ। ਰਾਜਿੰਦਰ ਸਿੰਘ ਨੇ ਲਗਾਤਾਰ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਕਰਕੇ ਆਪਣੇ ਸਕੂਲ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਖੜਾ ਕਰ ਦਿੱਤਾ । ਹੁਣ ਤਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਆਪਣੇ ਸਕੂਲ ਛੱਡ ਕੇ ਕੋਠੇ ਇੰਦਰ ਸਿੰਘ ਦੇ ਛੋਟੇ ਜਿਹੇ ਪਿੰਡ ਵਿੱਚ ਪੜ੍ਹਨ ਲਈ ਆਉਣ ਲੱਗੇ ਹਨ। ਨਰਸਰੀ ਵਿੱਚ ਦਾਖਲਾ ਲੈਣ ਲਈ ਤਾਂ ਸਕੂਲ ’ਚ ਅਗੇਤੀ ਬੁਕਿੰਗ ਚੱਲਦੀ ਹੈ।
ਗੁਰੂ ਨੂੰ ਸਮਰਪਿਤ ਪੁਰਸਕਾਰ: ਰਾਜਿੰਦਰ ਸਿੰਘ
ਅਧਿਆਪਨ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਬਠਿੰਡਾ ਦੇ ਰਾਸ਼ਟਰੀ ਪੁਰਸਕਾਰ ਵਿਜੇਤਾ ਅਧਿਆਪਕ ਰਾਜਿੰਦਰ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਸਮਰਪਿਤ ਕੀਤਾ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਵੱਲੋਂ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਸਬੰਧੀ ਦਿੱਤੀ ਦੀ ਸਿੱਖਿਆ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਕੌਮੀਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪਤੀਆਂ ਅਤੇ ਪੁਰਸਕਾਰਾਂ ਦੀ ਲੜੀ
ਅਧਿਆਪਕ ਰਾਜਿੰਦਰ ਸਿੰਘ ਨੂੰ ਹੁਣ ਤੱਕ ਰਾਜ ਪੱਧਰ ’ਤੇ 9 ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਹ ਸਨਮਾਨ ਸਰਕਾਰੀ ਗਰਾਂਟ ਤੋਂ ਬਿਨ੍ਹਾਂ ਖਸਤਾਹਾਲ ਸਕੂਲ ਨੂੰ ਸਮਾਰਟ ਬਣਾਉਣ, ਪੰਜਾਬ ਪੱਧਰ ’ਤੇ ਦੋ ਵਾਰ ਦਾਖ਼ਲੇ ਦਾ ਰਿਕਾਰਡ ਕਾਇਮ ਕਰਨ, ਕੋਵਿਡ ਦੌਰਾਨ ਆਨਲਾਈਨ ਸਿੱਖਿਆ ਦੇ ਪ੍ਰਸਾਰ ਲਈ ਦੂਰਦਰਸ਼ਨ ਵਾਸਤੇ ਟੀਵੀ ਪ੍ਰੋਗਰਾਮ ਤਿਆਰ ਕਰਨ, ਨੰਨੇ ਉਸਤਾਦ ਬਾਲ ਪ੍ਰੋਗਰਾਮ ਦੀ ਐਂਕਰਿੰਗ ਲਈ ਦਿੱਤਾ ਗਿਆ। ਸਕੂਲਾਂ ਵਿੱਚ ਪੜ੍ਹਾਉਣ, ਵਿਦਿਆਰਥੀਆਂ ਲਈ ਸਮਾਰਟ ਸਿੱਖਿਆ ਸ਼ੁਰੂ ਕਰਨ, ਪ੍ਰਾਇਮਰੀ ਪੱਧਰ ’ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ ਦੀਆਂ ਸਹੂਲਤਾਂ ਦੇਣ, ਛੁੱਟੀਆਂ ਦੌਰਾਨ ਸਮਰ ਕੈਂਪ ਲਾਉਣ, ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈਣ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ। ਸਾਲ 2020 ਵਿੱਚ ਅਧਿਆਪਕ ਰਾਜਿੰਦਰ ਸਿੰਘ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।