ਇਕ ਹੋਰ ਰੇਲ ਹਾਦਸਾ, ਮੱਧ ਪ੍ਰਦੇਸ਼ 'ਚ ਸੋਮਨਾਥ ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰੇ (Video)
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੱਜ ਸਵੇਰੇ ਰੇਲ ਹਾਦਸਾ ਵਾਪਰਿਆ। ਸੋਮਨਾਥ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਯਾਤਰੀਆਂ ਵਿੱਚ ਰੌਲਾ ਪੈ ਗਿਆ। ਹਾਲਾਂਕਿ ਯਾਤਰੀ ਸੁਰੱਖਿਅਤ ਹਨ ਪਰ ਉਨ੍ਹਾਂ 'ਚ ਦਹਿਸ਼ਤ ਦਾ ਮਾਹੌਲ ਹੈ। ਅਚਾਨਕ ਰੇਲਗੱਡੀ ਪਟੜੀ ਤੋਂ ਉਤਰ ਜਾਣ ਕਾਰਨ ਯਾਤਰੀ ਵੀ ਗੁੱਸੇ ਵਿਚ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਰੇਲ ਹਾਦਸੇ ਲਗਾਤਾਰ ਵਾਪਰ ਰਹੇ ਹਨ।
ਦੱਸ ਦੇਈਏ ਕਿ ਅੱਜ ਸਵੇਰੇ ਵਾਪਰਿਆ ਇਹ ਰੇਲ ਹਾਦਸਾ ਸਵੇਰੇ ਪੌਣੇ ਛੇ ਵਜੇ ਦੇ ਕਰੀਬ ਵਾਪਰਿਆ। ਜਬਲਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਕਰੀਬ 150 ਮੀਟਰ ਦੀ ਦੂਰੀ 'ਤੇ ਡੱਬੇ ਪਟੜੀ ਤੋਂ ਉਤਰ ਗਏ। ਪੱਛਮੀ ਮੱਧ ਰੇਲਵੇ ਦੇ ਸੀਆਰਪੀਓ ਹਰਸ਼ਿਤ ਸ੍ਰੀਵਾਸਤਵ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੇਲਗੱਡੀ ਇੰਦੌਰ ਤੋਂ ਆ ਰਹੀ ਸੀ ਪਰ ਜਬਲਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਵੱਲ ਵਧਦੇ ਸਮੇਂ ਇਸ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਇਹ ਪਟੜੀ ਤੋਂ ਉਤਰ ਗਈ। ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।