ਸਾਬਕਾ ਅਕਾਲੀ ਮੰਤਰੀਆਂ ਨੂੰ ਮੁਆਫ਼ੀ ਕਿਸ ਚੀਜ਼ ਦੀ? ਜਨਤਕ ਹੋਵੇ ਇਹ ਗੱਲ- ਅੰਮ੍ਰਿਤਪਾਲ ਦੇ ਪਿਤਾ ਨੇ ਫੇਰ ਦਿੱਤਾ ਵੱਡਾ ਬਿਆਨ
ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ, ਕਿਹਾ- ਹੁਣ ਅਕਾਲੀ ਦਲ ਨੂੰ ਬਚਾਉਣ ਦਾ ਵੇਲਾ
ਕੰਗਣਾ ਦੀ ਫਿਲਮ ਐਮਰਜੰਸੀ 'ਤੇ ਰੋਕ ਲਗਾਉਣ ਦਾ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ, 7 ਸਤੰਬਰ 2024- ਐਸਜੀਪੀਸੀ ਦੀਆਂ ਚੋਣਾਂ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਅੱਜ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਗੁਰਦਾਸਪੁਰ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਨੂੰ ਲੈਕੇ ਹਰ ਸਿੱਖ ਆਪਣੀ ਵੋਟ ਜਰੂਰ ਬਣਾਵੇ ਅਤੇ ਸੈਂਸਰ ਬੋਰਡ ਵੱਲੋਂ ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ, ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੇ ਪੰਜਾਬ ਦਾ ਮਾਹੌਲ ਖਰਾਬ ਹੋਣ ਤੇ ਰੋਕ ਲਗਾਈ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਬਕਾ ਅਕਾਲੀ ਮੰਤਰੀਆਂ ਨੂੰ ਤਲਬ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਬਹੁਤ ਲੇਟ ਲਿਆ ਹੈ ਪਰ ਲੋਕਾਂ ਸਾਹਮਣੇ ਇਹ ਵੀ ਗੱਲ ਰੱਖੀ ਜਾਵੇ ਕਿ ਇਹ ਮਾਫੀ ਕਿਸ ਚੀਜ਼ ਦੀ ਮੰਗ ਰਹੇ ਹਨ। ਇਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਹਨ, ਇਹ ਗੱਲ ਵੀ ਲੋਕਾਂ ਸਾਹਮਣੇ ਲਿਆਂਦੀ ਜਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਹਰ ਇਕ ਵਿਅਕਤੀ ਨੂੰ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਇਹੀ ਇੱਕ ਖੇਤਰੀ ਪਾਰਟੀ ਹੈ ਜੋ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਬਾਰੇ ਸੋਚਦੀ ਹੈ ਪਰ ਇਸ ਪਾਰਟੀ ਉੱਪਰ ਬਾਦਲ ਦਲ ਦਾ ਕਬਜ਼ਾ ਹੋ ਚੁੱਕਿਆ ਹੈ।