ਗਿੱਦੜਬਾਹਾ: ਅਕਾਲੀ ਬ੍ਰਿਗੇਡ ਦੀ ਨਬਜ਼ ਟੋਹਣ ਲੱਗੇ ਬੀਬਾ ਬਾਦਲ
ਅਸ਼ੋਕ ਵਰਮਾ
ਬਠਿੰਡਾ, 7 ਸਤੰਬਰ 2024: ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਗਿੱਦੜਬਾਹਾ ਹਲਕੇ ਦੀ ਚੋਣ ਇੰਚਾਰਜ ਹਰਸਿਮਰਤ ਕੌਰ ਬਾਦਲ ਨੇ ਹੁਣ ‘ਜਿਮਨੀ ਚੋਣ ਦੇ ਮੱਦੇਨਜ਼ਰ ਅਕਾਲੀ ਦਲ ਦੇ ਵਰਕਰਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜਿਮਨੀ ਚੋਣ ਦੀਆਂ ਤਰੀਕਾ ਸਬੰਧੀ ਰਸਮੀ ਐਲਾਨ ਤਾਂ ਹੋਣਾ ਬਾਕੀ ਹੈ ਪਰ ਬੀਬੀ ਬਾਦਲ ਅਗੇਤੇ ਹੀ ਸਿਆਸੀ ਰੌਂਅ ’ਚ ਆ ਗਏ ਹਨ। ਪਿੰਡ ਬਾਦਲ ’ਚ ਜੋ ਸਿਆਸੀ ਮੇਲਾ ਭਰਨ ਲੱਗਾ ਹੈ, ਉਸ ਤੋਂ ਜਾਪਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੋਈ ਵੀ ਹੋਵੇ ਬੀਬਾ ਬਾਦਲ ਨੇ ਚੋਣ ਮੁਹਿੰਮ ਵਿੱਢ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵਿਚਾਰ ਅਧੀਨ ਹੋਣ ਕਾਰਨ ਹੁਣ ਗਿੱਦੜਬਾਹਾ ਹਲਕੇ ਦਾ ਭਾਰ ਹਰਸਿਮਰਤ ਬਾਦਲ ਦੇ ਮੋਢਿਆਂ ਤੇ ਆ ਗਿਆ ਹੈ।
ਭਾਵੇਂ ਤਨਖਾਹੀਆ ਕਰਾਰ ਦੇਣ ਕਾਰਨ ਸੁਖਬੀਰ ਬਾਦਲ ਨੇ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਹੈ ਪਰ ਤਾਜਾ ਮੀਟਿੰਗਾਂ ਪਿੱਛੇ ਅਕਾਲੀ ਦਲ ਦੇ ਪ੍ਰਧਾਨ ਦੀ ਰਣਨੀਤੀ ਸਾਫ ਨਜ਼ਰ ਆ ਰਹੀ ਹੈ। ਅਕਾਲੀ ਆਗੂਆਂ ਦੀ ਸਿਆਸੀ ਬੇੜੀ ਭੰਵਰ ’ਚ ਫਸੀ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਬੇਹੱਦ ਅਹਿਮੀਅਤ ਵਾਲੀ ਹੈ। ਖਾਸ ਤੌਰ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਸੀਟ ਆਖ਼ਰੀ ਦਾਅ ਮੰਨੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਉਰਫ਼ ਡਿੰਪੀ ਢਿੱਲੋਂ ਐਨ ਆਖ਼ਰੀ ਦਿਨਾਂ ਵਿੱਚ ਪਾਰਟੀ ਛੱਡ ਗਏ ਹਨ ਜੋ ਅਕਾਲੀ ਦਲ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਗਿੱਦੜਬਾਹਾ ਅਕਾਲੀ ਦਲ ਲਈ ਵੀ ਅਗਨੀ ਪ੍ਰੀਖਿਆ ਬਣੇਗਾ। ਇਹੋ ਵੱਡਾ ਕਾਰਨ ਹੈ ਜਿਸ ਦੇ ਚੱਲਦਿਆਂ ਹਰਸਿਮਰਤ ਬਾਦਲ ਨੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ।
ਹਰਸਿਮਰਤ ਬਾਦਲ ਪਹਿਲਾਂ ਵੀ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਰਹੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਹਲਕੇ ਦੀ ਜਿੰਮੇਵਾਰੀ ਦਿੱਤੀ ਗਈ ਹੈ। ਹਰਸਿਮਰਤ ਬਾਦਲ ਨੇ ਮੁੱਢਲੇ ਪੜਾਅ ’ਤੇ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨਾਲ ਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਪਾਰਟੀ ਨੂੰ ਹੇਠਲੇ ਪੱਧਰ ਤੇ ਲਾਮਬੰਦ ਕੀਤਾ ਜਾ ਸਕੇ। ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜਿਮਨੀ ਚੋਣ ਨੂੰ ਦੇਖਦਿਆਂ ਬੀਬਾ ਬਾਦਲ ਨੇ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਕੱੁਝ ਸਮੇਂ ਦੀ ਸੁਸਤੀ ਮਗਰੋਂ ਹਲਕਾ ਗਿੱਦੜਬਾਹਾ ’ਚ ਅੱਖਾਂ ਖੋਲ੍ਹਣ ਲੱਗਾ ਹੈ। ਅੱਜ ਦੀ ਮੀਟਿੰਗ ਦੌਰਾਨ ਅਕਾਲੀ ਆਗੂ ਪਾਰਟੀ ਨੇਤਾਵਾਂ ਅਤੇ ਮੋਹਰੀ ਵਰਕਰਾਂ ਨੂੰ ਆਪਣੇ ਨਾਲ ਪਿੰਡ ਬਾਦਲ ਲੈਕੇ ਗਏ ਹਨ। ਇਸ ਮੌਕੇ ਮੁਕਤਸਰ ਵਿਧਾਨ ਸਭਾ ਹਲਕੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂ ਖੇੜਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਵੀ ਹਾਜ਼ਰ ਸਨ।
ਅੱਜ ਦੀ ਮੀਟਿੰਗ ਵਿੱਚ ਬੀਬਾ ਬਾਦਲ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਜਿਮਨੀ ਚੋਣ ਦੀ ਤਿਆਰੀ ਵਿੱਚ ਡਟਣ ਦਾ ਸੁਨੇਹਾ ਵੀ ਦਿੱਤਾ। ਮਹੱਤਵਪੂਰਨ ਤੱਥ ਹੈ ਕਿ ਬੀਬਾ ਬਾਦਲ ਵੱਲੋਂ ਪਾਰਟੀ ਵਰਕਰਾਂ ਤੋਂ ਫੀਡ ਬੈਕ ਵੀ ਨਾਲੋਂ ਨਾਲ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਰਸਿਮਰਤ ਬਾਦਲ ਨੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਪਹਿਲਾ ਗੇੜ ਮੁਕਾਇਆ ਹੈ। ਬੀਬੀ ਬਾਦਲ ਆਗੂਆਂ ਨੂੰ ਦੱਸਦੇ ਹਨ ਕਿ ਕਿਸ ਤਰਾਂ ਗਿੱਦੜਬਾਹਾ ਹਲਕਾ ਪਾਰਟੀ ਲਈ ਸਿਆਸੀ ਤੌਰ ਤੇ ਅਹਿਮ ਹੈ। ਵਰਕਰਾਂ ਨਾਲ ਮਿਲਣੀ ਦਾ ਪ੍ਰੋਗਰਾਮ ਲਗਾਤਾਰ ਚੱਲਣਾ ਹੈ ਅਤੇ ਆਉਂਦੇ ਦਿਨੀ ਹਲਕੇ ਦੇ ਪਿੰਡਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਬੀਬਾ ਬਾਦਲ ਵੱਲੋਂ ਹਲਕੇ ’ਚ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਅਤੇ ਵਰਕਰਾਂ ਨਾਲ ਵੀ ਮੀਟਿੰਗ ਕਰਨ ਦਾ ਪ੍ਰੋਗਰਾਮ ਹੈ।
ਕਦੇ ਅਕਾਲੀ ਗੜ੍ਹ ਰਿਹਾ ਗਿੱਦੜਬਾਹਾ
ਸਾਲ 1995 ਵਿੱਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਰਮਿਆਨ ਸਿਰ ਧੜ ਦੀ ਬਾਜ਼ੀ ਲੱਗੀ ਸੀ। ਇਸ ਮੌਕੇ ਬਤੌਰ ਅਕਾਲੀ ਉਮੀਦਵਾਰ ਮਨਪ੍ਰੀਤ ਬਾਦਲ ਥੋਹੜੀਆਂ ਵੋਟਾਂ ਨਾਲ ਚੋਣ ਜਿੱਤ ਗਏ ਸਨ। ਮਨਪ੍ਰੀਤ ਬਾਦਲ ਨੇ ਅਕਾਲੀ ਉਮੀਦਵਾਰ ਵਜੋਂ 1997, 2002 ਅਤੇ 2007 ਵਿੱਚ ਇੱਥੋਂ ਚੋਣ ਜਿੱਤੀ ਪਰ 2012 ਵਿੱਚ ਪੀਪਲਜ਼ ਪਾਰਟੀ ਦੇ ਉਮੀਦਵਾਰ ਵਜੋਂ ਉਹ ਤੀਜੇ ਨੰਬਰ ’ਤੇ ਰਹੇ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਤੋਂ ਪਹਿਲੀ ਚੋਣ 1969 ਵਿੱਚ ਜਿੱਤੀ ਸੀ ਅਤੇ ਉਸ ਮਗਰੋਂ ਉਨ੍ਹਾਂ ਨੇ 1985 ਤੱਕ ਇਸ ਹਲਕੇ ਤੋਂ ਜਿੱਤਾਂ ਹਾਸਲ ਕੀਤੀਆਂ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਗਾਤਾਰ ਤਿੰਨ ਵਾਰ ਚੋਣ ਜਿੱਤੀ ਸੀ ਜਿਸ ’ਚ 2022 ਦੀ ਅਕਾਲੀ ਉਮੀਦਵਾਰ ਹਰਦੀਪ ਸਿੰਘ ਢਿੱਲੋਂ ਤੋਂ ਮਹਿਜ਼ 1349 ਵੋਟਾਂ ਦੇ ਫ਼ਰਕ ਨਾਲ ਦੀ ਜਿੱਤ ਸ਼ਾਮਲ ਹੈ।
ਦਿਲਚਸਪ ਹੋਵੇਗੀ ਜਿਮਨੀ ਚੋਣ
ਤਾਜਾ ਪ੍ਰਸਥਿਤੀਆਂ ’ਚ ਕੀ ਬਣਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇਸ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਥੋਂ ਚੋਣ ਲੜਨ ਦੇ ਚਰਚੇ ਹਨ। ਜੇਕਰ ਭਾਜਪਾ ਮਨਪ੍ਰੀਤ ਬਾਦਲ ਨੂੰ ਮੈਦਾਨ ’ਚ ਉਤਾਰਦੀ ਹੈ ਤਾਂ ਚੋਣ ਦਿਲਚਸਪ ਬਣੇਗੀ। ‘ਆਪ’ ਸਰਕਾਰ ਅਤੇ ਸੰਭੀਵੀ ਉਮੀਦਵਾਰ ਡਿੰਪੀ ਢਿੱਲੋਂ ਲਈ ਤਾਂ ਗਿੱਦੜਬਾਹਾ ਵਕਾਰੀ ਹੈ ਹੀ ਬਲਕਿ ਜ਼ਿਮਨੀ ਚੋਣ ਅਕਾਲੀ ਦਲ ਤੇ ਕਾਂਗਰਸ ਦੇ ਪ੍ਰਧਾਨਾਂ ਦੀ ਸਿਆਸੀ ਪੈਂਠ ਤੈਅ ਕਰੇਗੀ।