ਮਲੇਰਕੋਟਲਾ ਪੁਲਿਸ ਦਾ ਸ਼ਲਾਘਾਯੋਗ ਉਪਰਾਲਾ, ਕਰਵਾਇਆ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ, ਸਾਡੀ ਜ਼ਿੰਮੇਵਾਰੀ ਕਿ ਦੇਸ਼ ਦੇ ਭਵਿੱਖ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਰਾਹੀਂ ਇੰਨਾਂ ਨੂੰ ਚੰਗੀ ਸੇਧ ਦਿੱਤੀ ਜਾਵੇ--ਡੀ.ਆਈ.ਜੀ ਹਰਚਰਨ ਸਿੰਘ ਭੁੱਲਰ
ਯੂਨਾਈਟਡ ਕਲੱਬ ਨੇ ਮਲੇਰਕੋਟਲਾ ਨੂੰ 2-1 ਨਾਲ ਹਰਾਇਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 07 ਸਤੰਬਰ 2024,ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੀ ਰਹਿਨੁਮਾਈ 'ਚ ਪੰਜਾਬ ਭਰ ਵਿੱਚ ਪੁਲਸ ਵੱਲੋਂ ਖੇਡਾਂ ਕਰਵਾਕੇ ਨੌਜਵਾਨਾਂ ਨੂੰ ਨਸ਼ੇ ਤਿਆਗਕੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ । ਇਸੇ ਲੜੀ ਤਹਿਤ ਜ਼ਿਲ੍ਹਾ ਪੁਲਸ ਮਲੇਰਕੋਟਲਾ ਵੱਲੋਂ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਕੇ ਸਮੁੱਚੇ ਪੰਜਾਬ 'ਚੋਂ ਮੋਹਰੀ ਭੂਮਿਕਾ ਨਿਭਾਈ ਜਿਸ ਦਾ ਸਮੁੱਚਾ ਪ੍ਰਬੰਧ ਐਸ.ਐਸ.ਪੀ. ਮਲੇਰਕੋਟਲਾ ਉਲੰਪੀਅਨ ਗਗਨ ਅਜੀਤ ਸਿੰਘ ਦੀ ਸਰਪ੍ਰਸਤੀ 'ਚ ਅਲ ਕੌਸਰ ਫੁੱਟਬਾਲ ਅਕੈਡਮੀ ਦੇ ਪ੍ਰਬੰਧਕਾਂ ਮੁਹੰਮਦ ਨਜ਼ੀਰ (ਪੰਜਾਬ ਪੁਲਸ), ਮੁਹੰਮਦ ਸ਼ਰੀਫ (ਸਾਬਕਾ ਇੰਡੀਅਨ ਏਅਰ ਫੋਰਸ ਅਧਿਕਾਰੀ), ਮੁਹੰਮਦ ਅਸ਼ਰਫ (ਮਿਲਨ ਪੈਲੇਸ), ਅਬਦੁਲ ਸ਼ਮੀਮ (ਪੰਜਾਬ ਪੁਲਸ) ਅਤੇ ਮੁਹੰਮਦ ਸ਼ਮਸ਼ਾਦ (ਖੁਸ਼ੀ ਜ਼ਿਉਲਰਜ਼) ਵੱਲੋਂ ਕੀਤਾ ਗਿਆ । ਦੋ ਦਿਨਾਂ ਫੁੱਟਬਾਲ ਟੂਰਨਾਮੈਂਟ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਖੇਡ ਪ੍ਰੇਮੀਆਂ ਨੇ ਫੁੱਟਬਾਲ ਮੈਚਾਂ ਦਾ ਆਨੰਦ ਰਾਤ 12 ਵਜੇ ਤੱਕ ਮਾਣਿਆ । ਰਾਤ ਦੇ ਸਮੇਂ ਹੋਏ ਇਸ ਫੁਟਬਾਲ ਟੂਰਨਾਮੈਂਟ ਦੌਰਾਨ ਫਲੱਡ ਲਾਈਟਾਂ ਨਾਲ ਕਿਲਾ ਰਹਿਮਤਗੜ੍ਹ ਦਾ ਮਿਨੀ ਸਟੇਡਿਅਮ ਜਗ-ਮਗ ਕਰ ਰਿਹਾ ਸੀ ।
ਇਸ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਮੁੱਖ ਮਹਿਮਾਨ ਵਜੋਂ ਡੀ.ਆਈ.ਜੀ.ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ । ਯੂਨਾਈਟਡ ਫੁੱਟਬਾਲ ਕਲੱਬ ਅਤੇ ਮਲੇਰਕੋਟਲਾ ਫੁੱਟਬਾਲ ਕਲੱਬ ਦੇ ਫਾਇਨਲ ਮੈਚ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਜ਼ਿਲ੍ਹੇ ਭਰ ਵਿੱਚੋਂ ਖੇਡ ਪ੍ਰੇਮੀਆਂ ਦੀ ਇਕੱਤਰਤਾ ਹੋਈ ਇਸ ਰੌਚਕ ਮੈਚ ਵਿੱਚ ਯੂਨਾਈਟਡ ਕਲੱਬ ਨੇ ਮਲੇਰਕੋਟਲਾ ਕਲੱਬ ਨੂੰ 2-1 ਨਾਲ ਹਰਾਇਆ । ਇਸ ਮੌਕੇ ਸ. ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ । ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਭਵਿੱਖ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਦੇ ਰਾਹੀਂ ਚੰਗੀ ਸੇਧ ਦਿੱਤੀ ਜਾਵੇ ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਸਵਸਥ ਮਨ ਦਾ ਨਿਵਾਸ ਹੁੰਦਾ ਹੈ ।
ਉਹਨਾਂ ਐਸ.ਐਸ.ਪੀ. ਮਲੇਰਕੋਟਲਾ ਗਗਨ ਅਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਲੇਰਕੋਟਲਾ ਪੁਲਸ ਦਾ ਅੱਜ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਉਣੇ ਚਾਹੀਦੇ ਹਨ । ਇਸ ਸ਼ਾਨਮੱਤੇ ਟੂਰਨਮੈਂਟ ਨੂੰ ਸਫਲ ਬਣਾਉਣ ਲਈ ਐਸ.ਪੀ ਗੁਰਸ਼ਰਨ ਕੌਰ ਕੌਮਾਂਤਰੀ ਐਥਲੀਟ, ਡੀ.ਐਸ.ਪੀ. ਮਲੇਰਕੋਟਲਾ ਕੁਲਦੀਪ ਸਿੰਘ, ਡੀ.ਐਸ.ਪੀ ਅਹਿਮਦਗੜ੍ਹ, ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ, ਐਸਐਚਓ ਮਲੇਰਕੋਟਲਾ ਸਿਟੀ 1 ਅਤੇ 2, ਐਸਐਚਓ ਅਮਰਗੜ੍ਹ, ਐਸਐਚਓ ਅਹਿਮਦਗੜ੍ਹ, ਐਸਐਚਓ ਸੰਦੌੜ ਅਤੇ ਸਮੁੱਚੀ ਪੁਲਸ ਟੀਮ ਨੇ ਪੂਰੀ ਤਨਦੇਹੀ ਨਾਲ ਸਹਿਯੋਗ ਕੀਤਾ ।