ਰੋਟਰੀ ਕਲੱਬ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ 8 ਸਤੰਬਰ ਨੂੰ ਬਸਤੀ ਨਾਨਕਸਰ ਬਸਤੀ ਵਿਖੇ ਲੱਗੇਗਾ: ਬਰਾੜ/ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 7 ਸਤੰਬਰ 2024-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ 8 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਨਾਨਕਸਰ ਬਸਤੀ, ਫ਼ਿਰੋਜ਼ਪੁਰ ਰੋਡ, ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਫ਼ਰੀਦਕੋਟ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਨੇ ਜਾਣਕਾਰੀ ਦਿੱਤੀ ਕੈਂਪ ਦੌਰਾਨ ਗੁਣਵੰਤੀ ਮੈਮੋਰੀਅਲ ਕੈਂਸਰ ਜਾਂਚ ਵੈਨ ਨਾਲ ਮੈਮੋਗ੍ਰਾਫ਼ੀ ਟੈਸਟ, ਬੱਚੇਦਾਨੀ ਦੀ ਜਾਂਚ ਪੈਪ ਸਮੀਅਰ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐਸ.ਏ.ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਅੱਖਾਂ, ਮੈਡੀਸਨ, ਕੰਨ, ਨੱਕ, ਗਲੇ, ਹੱਡੀਆਂ, ਬੱਚਿਆਂ, ਚਮੜੀ, ਸਰਜਰੀ ਅਤੇ ਕੈਂਸਰ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਜਿੰਦਲ ਹੈਲਥ ਕੇਅਰ ਫ਼ਰੀਦਕੋਟ ਵੱਲੋਂ ਸ਼ੂਗਰ, ਸੀ.ਬੀ.ਸੀ.ਟੈਸਟ ਮੁਫ਼ਤ ਕੀਤੇ ਜਾਣਗੇ। ਰੋਟਰੀ ਕਲੱਬ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਸਮੂਹ ਲੋੜਵੰਦ ਮਰੀਜ਼ਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਹੈ।