ਫਰੀਦਕੋਟ ਜ਼ਿਲੇ ਦੇ ਇੱਕ ਪ੍ਰਿੰਸੀਪਲ ਅਤੇ ਦੋ ਹੈਡ ਟੀਚਰਾਂ ਨੂੰ ਮਿਲਿਆ ਰਾਜ ਪੁਰਸਕਾਰ ਪ੍ਰਾਪਤ
ਪ੍ਰਿੰਸੀਪਲ ਪ੍ਰਭਜੋਤ ਸਿੰਘ ਅਤੇ ਹੈੱਡ ਟੀਚਰ ਕੁਲਵਿੰਦਰ ਸਿੰਘ ਨੂੰ ਸਟੇਟ ਐਵਾਰਡ ਅਤੇ ਹੈੱਡ ਟੀਚਰ ਰਾਜਵਿੰਦਰ ਕੌਰ ਨੂੰ ਯੰਗ ਟੀਚਰ ਐਵਾਰਡ ਮਿਲਿਆ
ਸਿੱਖਿਆ ਅਧਿਕਾਰੀਆਂ ਨੇ ਤਿੰਨੇ ਅਧਿਆਪਕਾਂ ਨੂੰ ਦਿੱਤੀਆਂ ਵਧਾਈਆਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 7 ਸਤੰਬਰ 2024-ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਅੱਜ ਹੁਸ਼ਿਆਰਪੁਰ ਵਿਖੇ ਕੀਤੇ ਗਏ ਰਾਜ ਪੱਧਰੀ ਸਮਾਗਮ ਦੌਰਾਨ ਫ਼ਰੀਦਕੋਟ ਦੇ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-2 ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਬਰਾੜ ਨੂੰ ਰਾਜ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਲੰਬਾਂਵਾਲੀ ਦੀ ਮੁੱਖ ਅਧਿਆਪਕਾ ਰਾਜਵਿੰਦਰ ਕੌਰ ਨੂੰ ਯੰਗ ਅਧਿਆਪਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਪਿ੍ੰਸੀਪਲ ਪ੍ਰਭਜੋਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ੰਸੀਪਲ ਵਜੋਂ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਕੀਤੀ 2 ਕਰੋੜ ਰੁਪਏ ਦੀ ਰਾਸ਼ੀ ਦੀ ਚੰਗੀ ਵਰਤੋਂ ਕੀਤੀ ਹੈ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਵਿਦਿਆਰਥੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਆਪਣੇ ਯਤਨਾਂ ਸਦਕਾ ਲੋਕਾਂ ਤੋਂ 1 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਕੂਲ ’ਚ ਸਹੂਲਤਾਂ ਨੂੰ ਪੂਰਾ ਕੀਤਾ। ਸਕੂਲ ਅੰਦਰ ਪੜਾਈ ਦਾ ਪੱਧਰ ਉੱਚਾ ਹੋਇਆ ਹੈ ਅਤੇ ਜਿੱਥੇ ਹਰ ਸਾਲ ਸਕੂਲ ਮੈਰਿਟ ਸੂਚੀ ’ਚ ਸਥਾਨ ਹਾਸਲ ਕਰਨ ’ਚ ਸਫਲ ਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ’ਚ ਵੀ ਨਾਮਣਾ ਖੱਟਿਆ ਹੈ। ਰਾਸ਼ਟਰੀ ਪੱਧਰ ‘ਤੇ ਪਿ੍ਰੰਸੀਪਲ ਪ੍ਰਭਜੀਤ ਸਿੰਘ ਦੇ ਇਨ੍ਹਾਂ ਯਤਨਾਂ ਸਦਕਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਸਟੇਟ ਐਵਾਰਡ ਦਿੱਤਾ ਗਿਆ ਗਿਆ ਹੈ।
ਰਾਜ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੇ ਦੂਜਾ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਕੁਲਵਿੰਦਰ ਸਿੰਘ 2017 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-2 ’ਚ ਬਤੌਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਜਦੋਂ ਉਹ ਇਸ ਸਕੂਲ ਅੰਦਰ ਸੀ ਤਾਂ ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ ਅਤੇ ਮੁੱਖ ਸੜਕ ਤੋਂ ਕੁਝ ਫੁੱਟ ਡੂੰਘੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਦੀ ਕਾਇਆ ਕਲਪ ਕਰਨ ਦੀ ਜ਼ਿੰਮੇਵਾਰ ਸੰਭਾਲੀ ਅਤੇ ਆਪਣੇ ਕਾਰਜਕਾਲ ਦੌਰਾਨ 11 ਕਮਰਿਆਂ ਵਾਲੀ ਦੋ ਮੰਜ਼ਲਾਂ ਇਮਾਰਤ ਬਣਵਾਈ। ਜਿਸ ’ਚੋਂ ਸਿਰਫ ਤਿੰਨ ਕਮਰੇ ਹੀ ਸਰਕਾਰੀ ਗਰਾਂਟ ਨਾਲ ਬਣੇ ਹਨ। ਬਾਕੀ ਪੈਸੇ ਉਨ੍ਹਾਂ ਨੇ ਪੰਚਾਇਤ ਅਤੇ ਦਾਨੀ ਸੱਜਣਾਂ ਤੋਂ ਇਕੱਠੇ ਕੀਤੇ ਹਨ। ਇੰਨਾ ਹੀ ਨਹੀਂ ਇਸ ਸਕੂਲ ਅੰਦਰ ਪੰਜ ਏ.ਸੀ ਕਮਰੇ ਹਨ ਅਤੇ ਸਕੂਲ ਪ੍ਰੋਜੈਕਟਰ ਅਤੇ ਐਲ.ਈ.ਡੀ. ਵੀ ਲਗਵਾਈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ ਅੰਦਰ ਵਿਦਿਆਰਥੀਆਂ ਦੀ ਗਿਣਤੀ ’ਚ ਵੀ ਕਾਫੀ ਵਾਧਾ ਹੋਇਆ। ਜਿਸ ਕਰਕੇ ਉਸ ਨੂੰ ਰਾਜ ਪੱਧਰੀ ਪੁਰਸਕਾਰ ਦਿੱਤਾ ਗਿਆ ਹੈ।
ਯੰਗ ਟੀਚਰ ਐਵਾਰਡ ਲਈ ਚੁਣੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਲੰਭਵਾਲੀ ਦੀ ਮੁੱਖ ਅਧਿਆਪਕਾ ਰਾਜਵਿੰਦਰ ਕੌਰ ਵੀ ਪਿਛਲੇ ਪੰਜ ਸਾਲਾਂ ਤੋਂ ਇੱਥੇ ਮੁੱਖ ਅਧਿਆਪਕਾ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਅੰਦਰ ਪ੍ਰਾਪਤੀਆਂ ਕੀਤੀਆਂ, ਉੱਥੇ ਹੀ ਸਕੂਲ ਦੇ ਵਿਦਿਆਰਥੀ ਹਮੇਸ਼ਾ ਹੀ ਖੇਤਰ ਅੰਦਰ ਮੋਹਰੀ ਰਹੇ। ਸ਼੍ਰੀਮਤੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਬਲਾਕ ਅਤੇ ਸੈਂਟਰ ਪੱਧਰੀ ਖੇਡ ਮੁਕਾਬਲਿਆਂ ’ਚ ਲਗਭਗ ਹਰ ਵਾਰ ਓਵਰਆਲ ਟਰਾਫੀ ’ਤੇ ਕਬਜ਼ਾ ਕਰਦੀਆਂ ਹਨ। ਇਸ ਦੇ ਨਾਲ ਹੀ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ਲਈ ਚੁਣੇ ਗਏ ਹਨ। ਇਹੀ ਕਾਰਨ ਹੈ ਕਿ ਉਸ ਨੂੰ ਰਾਜ ਪੱਧਰੀ ਪੁਰਸਕਾਰ ਮਿਲਿਆ ਹੈ। ਇਨ੍ਹਾਂ ਅਧਿਆਪਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਮਾ, ਸਕੱਤਰ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕਮਲ ਕਿਸ਼ੋਰ ਯਾਦਵ, ਸਪੈਸ਼ਲ ਸਕੱਤਰ ਸਿੱਖਿਆ ਵਿਭਾਗ ਸ਼੍ਰੀ ਚਰਚਲ ਕੁਮਾਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਵਿਨੈ ਬੁਬਲਾਨੀ, ਡੀ.ਪੀ.ਆਈ.ਸੈਕੰਡਰੀ ਪੰਜਾਬ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਸਾਹਿਬਾਨ ਵੀ ਹਾਜ਼ਰ ਸਨ।
ਫ਼ਰੀਦਕੋਟ ਤੇ ਤਿੰਨੇ ਅਧਿਆਪਕਾਂ ਨੂੰ ਸਨਮਾਨ ਮਿਲਣ ਤੇ ਫ਼ਰੀਦਕੋਟ ਜ਼ਿਲੇ ਦੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜਲਾ ਕੌਂਸ਼ਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਬਲਾਕ ਨੋਡਲ ਅਫ਼ਸਰ ਪਿ੍ਰੰਸੀਪਲ ਅਮਰਦੀਪ ਸਿੰਘ, ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ, ਪਿ੍ਰੰਸੀਪਲ ਰਾਜਵਿੰਦਰ ਕੌਰ, ਪਿ੍ਰੰਸੀਪਲ ਤੇਜਿੰਦਰ ਸਿੰਘ, ਪਿ੍ਰੰਸੀਪਲ ਪੰਨਾ ਲਾਲ, ਫ਼ਰੀਦਕੋਟ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ, ਜਸਕਰਨ ਸਿੰਘ ਰੋਮਾਣਾ, ਸੁਸ਼ੀਲ ਆਹੂਜਾ, ਸੁਰਜੀਤ ਸਿੰਘ, ਭਰਪੂਰ ਸਿੰਘ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਜ਼ਿਲਾ ਰਿਸੋਰਸ ਪਰਸਨ ਫ਼ਰੀਦਕੋਟ ਕਰਮਜੀਤ ਸਿੰਘ ਸਰਾਂ ਨੇ ਵਧਾਈ ਦਿੱਤੀ ਹੈ।