ਜੇਕਰ ਇਹ ਲੰਮੀ ਦਾਹੜੀ ਅਤੇ ਪੱਗ ਨਾ ਹੁੰਦੀ, ਤਾਂ 1947 ਵਿੱਚ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਤੱਕ ਨਾ ਹੁੰਦੀ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
- ਸਿੱਖਾਂ ਨਾਲ ਹੁੰਦੇ ਵਿਤਕਰੇ ਬਾਰੇ ਅਸਿੱਧੇ ਢੰਗ ਨਾਲ ਬੀ ਜੇ ਪੀ ਤੇ ਕੀਤੇ ਤਿੱਖੇ ਵਾਰ
ਕਰਨਾਲ, 08 ਸਤੰਬਰ, 2024: "ਸਿੱਖਾਂ ਦੀ ਲੰਮੀ ਦਾਹੜੀ ਅਤੇ ਦਸਤਾਰ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਮੀ ਦਾਹੜੀ ਅਤੇ ਪੱਗ ਨਾ ਹੁੰਦੀ, ਤਾਂ 1947 ਵਿੱਚ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਤੱਕ ਨਹੀਂ ਸੀ ਰਹਿੰਦੀ, ਬਲਕਿ ਦਿੱਲੀ ਤੱਕ ਹੁੰਦੀ। ਮੇਰਠ ਅਤੇ ਸਹਾਰਨਪੁਰ ਦਾ ਖੇਤਰ ਵੀ ਅੱਜ ਭਾਰਤ ਵਿੱਚ ਨਾ ਹੁੰਦਾ, ਬਲਕਿ ਪਾਕਿਸਤਾਨ ਵਿੱਚ ਹੁੰਦਾ। ਇਹ ਵਿਚਾਰ ਅੱਜ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਿੱਖ ਸੰਮੇਲਨ ਵਿੱਚ ਪ੍ਰਗਟ ਕੀਤੇ।
ਹਰਿਆਣਾ ਸਿੱਖ ਏਕਤਾ ਦਲ ਵੱਲੋਂ ਕਰਵਾਏ ਇਸ ਸਿੱਖ ਸੰਮੇਲਨ ਵਿੱਚ ਬੋਲਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਸਿੱਖਾਂ ਦੀਆਂ ਵੋਟਾਂ ਅਤੇ ਪੈਸੇ ਦਾ ਸਦਮਾਲ ਕਰਦੀਆਂ ਹਨ, ਪਰ ਜਦੋਂ ਸਿੱਖਾਂ ਨੂੰ ਹੱਕ ਦੇਣ ਦੀ ਗੱਲ ਆਉਂਦੀ ਹੈ, ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਉਨ੍ਹਾਂ ਨੇ ਗੁਰਦੁਆਰਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਸਰਕਾਰਾਂ ਦੀ ਗਹਿਰੀ ਸਾਜ਼ਿਸ਼ ਦੱਸਿਆ ਤਾਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਜਾਣ। ਉਨ੍ਹਾਂ ਨੇ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਸੂਬੇ ਦੇ ਸਿੱਖਾਂ ਨੂੰ ਇਕੱਠਾ ਕਰਨ ਦੇ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਇਸਨੂੰ ਹੋਰ ਸੂਬਿਆਂ ਦੇ ਸਿੱਖਾਂ ਲਈ ਇੱਕ ਉਦਾਹਰਨ ਦੱਸਿਆ। ਉਨ੍ਹਾਂ ਹਰਿਆਣਾ ਸਰਕਾਰ ਦੇ ਦੇ ਦਫਤਰਾਂ ਅਤੇ ਹੋਰ ਥਾਵਾਂ ਤੇ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮੁੱਦਾ ਵੀ ਉਠਾਇਆ । ਕੰਗਨਾ ਦੀ ਫਿਲਮ ਵਲਮ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਾਂ ਦਾ ਅਕਸ ਵਿਗਾੜਨ ਲਈ ਸਾਜਿਸ਼ ਹੇਠ ਅਜਿਹੀਆਂ ਫਿਲਮਾਂ ਬਣਾਈਆਂ ਜਾਂ ਰਹੀਆਂ ਹਨ।