← ਪਿਛੇ ਪਰਤੋ
ਆਰਥਿਕ ਸੰਕਟ ’ਚ ਉਲਝੀ ਪੰਜਾਬ ਸਰਕਾਰ ਨੇ ਕੇਂਦਰ ਤੋਂ 10 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਹੱਦ ਹੋਰ ਮੰਗੀ ਚੰਡੀਗੜ੍ਹ, 9 ਸਤੰਬਰ, 2024: ਆਰਥਿਕ ਸੰਕਟ ਵਿਚ ਉਲਝੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਇਸਦੀ ਕਰਜ਼ਾ ਚੁੱਕਣ ਦੀ ਹੱਦ ਵਿਚ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਕਰਨ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਇਸਦੀ 30464.92 ਕਰੋੜ ਰੁਪਏ ਦੀ ਕਰਜ਼ਾ ਹੱਦ ਵਿਚ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇ। ਉਕਤ ਹੱਦ ਵਿਚੋਂ ਪੰਜਾਬ ਸਰਕਾਰ ਇਸ ਸਾਲ ਪਹਿਲਾਂ ਹੀ 13094.34 ਕਰੋੜ ਰੁਪਏ ਦਾ ਕਰਜ਼ਾ ਜੁਲਾਈ ਤੱਕ ਲੈ ਚੁੱਕੀ ਹੈ। ਦਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਆਪਣੇ ਪੱਤਰ ਵਿਚ ਪੰਜਾਬ ਸਰਕਾਰ ਨੇ ਆਖਿਆ ਹੈ ਕਿ ਉਸਨੂੰ ਕਰਜ਼ਾ ਵਿਰਸੇ ਵਿਚ ਮਿਲਿਆ ਹੈ ਜਿਸ ਕਾਰਣ ਉਸਨੂੰ ਇਸ ਸਾਲ 69867 ਕਰੋੜ ਰੁਪਏ ਇਸ ਸਾਲ ਦੇਣੇ ਪੈਣਗੇ। ਇਸ ਵਿਚੋਂ 23900 ਕਰੋੜ ਰੁਪਏ ਤਾਂ ਇਕੱਲਾ ਵਿਆਜ਼ ਹੀ ਦੇਣਾ ਪਵੇਗਾ। ਕੇਂਦਰ ਨੂੰ ਪੱਤਰ ਲਿਖਣ ਦਾ ਫੈਸਲਾ ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ ਸੀ। ਕੇਂਦਰ ਪਹਿਲਾਂ ਹੀ ਪੰਜਾਬ ਦੇ ਪੇਂਡੂ ਵਿਕਾਸ ਫੰਡ (ਆਰ ਡੀ ਐਫ) ਅਤੇ ਸਿਹਤ ਵਿਭਾਗ ਦੇ ਫੰਡ ਰਿਲੀਜ਼ ਕਰਨ ਤੋਂ ਰੋਕੇ ਹੋਏ ਹਨ। ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਵੀ ਕੇਸ ਲੜ ਰਹੀ ਹੈ।
Total Responses : 42