ਸ਼ਰਧਾਲੂਆਂ ਦਾ 44ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ
115 ਸ਼ਰਧਾਲੂਆਂ ਦੇ 44ਵੇਂ ਜਥੇ ਨੇ ਕੀਤੇ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਸਤੰਬਰ 2024- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਜੀ ਦੀ ਅਗਵਾਈ ਹੇਠ ਭੇਜਿਆ ਗਿਆ 115 ਮੈਂਬਰਾਂ ਦਾ ਚੁਤਾਲੀਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
ਇਹ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਭੇਜੇ ਗਏ ਇਸ ਜੱਥੇ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਮੈਂਬਰ ਸ਼ਾਮਲ ਸਨ ਜੋ ਕਿ ਗੁਰੂ ਨਾਨਕ ਮਿਸ਼ਨ ਸੁਸਾਇਟੀ ਵਲੋਂ ਆਉਣ ਵਾਲੇ ਦਿਨਾਂ ਵਿਚ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਅਤੇ ਮਹਾਨ ਕੀਰਤਨ ਦਰਬਾਰ ਦੀ ਸਫਲਤਾਪੂਰਵਕ ਸੰਪੂਰਨਤਾ ਲਈ ਵਿਸ਼ੇਸ਼ ਤੌਰ ਤੇ ਅਰਦਾਸ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋਏ।
ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇ ਇਸ ਜੱਥੇ ਦੇ ਮੈਂਬਰਾਂ ਨੂੰ ਉਥੋਂ ਦੇ ਹਜੂਰੀ ਰਾਗੀ ਭਾਈ ਮਨਦੀਪ ਸਿੰਘ ਵਲੋਂ ਜੀ ਆਇਆਂ ਕਿਹਾ ਗਿਆ। ਉਨਾਂ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਨਿਰੰਤਰ ਜੱਥੇ ਭੇਜਣ ਲਈ ਸੁਸਾਇਟੀ ਦੀ ਸਰਾਹਨਾ ਕੀਤੀ ਗਈ । ਅਰਦਾਸ ਉਪਰੰਤ ਜੱਥੇ ਦੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਭਾਈ ਮਨਦੀਪ ਸਿੰਘ ਗ੍ਰੰਥੀ ਅਤੇ ਭਾਈ ਚਾਂਦ ਸਿੰਘ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਵੀ ਭਾਈ ਮਨਦੀਪ ਸਿੰਘ ਅਤੇ ਗ੍ਰੰਥੀ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਜੱਥੇ ਦੇ ਮੁੱਖ ਪ੍ਰਬੰਧਕ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ ਕਿ ਇਸ ਵਾਰ ਜੱਥੇ ਵਿਚ ਦੋ ਬੱਸਾਂ ਅਤੇ ਕੁਝ ਨਿਜੀ ਵਾਹਨ ਵੀ ਸ਼ਾਮਲ ਸਨ। ੳਨਾਂ ਕਿਹਾ ਕਿ ਸਮੂਹ ਸੰਗਤਾਂ ਵਿਚ ਇਸ ਯਾਤਰਾ ਸੰਬੰਧੀ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਪਹਿਲੀ ਵਾਰ ਇਸ ਅਸਥਾਨ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਜਜ਼ਬਾਤੀ ਹੁੰਦੀਆਂ ਨਜਰ ਆਈਆਂ। ਉਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਯਾਤਰਾ ਦੀ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰਹੇਗੀ। ਯਾਤਰਾ ਲਈ ਸ਼ਰਧਾਲੂਆਂ ਦਾ ਅਗਲਾ ਅਤੇ 45ਵਾਂ ਜੱਥਾ 02 ਅਕਤੂਬਰ ਨੂੰ ਭੇਜਿਆ ਜਾਵੇਗਾ।
ਕਰੀਬ 25 ਤੋਂ ਵੀ ਜਿਆਦਾ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਜੱਥੇ ਦੇ ਮੈਂਬਰਾਂ ਵਿਚ ਸੁਸਾਇਟੀ ਦੇ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਵਿੱਤ ਸਕੱਤਰ, ਹਰਦੀਪ ਸਿੰਘ ਦੁਪਾਲਪੁਰ, ਗਿਆਨ ਸਿੰਘ, ਅਰਵਿੰਦਰ ਸਿੰਘ ਹੈਪੀ ਚਾਵਲਾ, ਭਰਪੂਰ ਸਿੰਘ ਸਲੋਹ, ਪਰਮਜੀਤ ਸਿੰਘ ਮੂਸਾਪੁਰ, ਗੁਰਚਰਨ ਸਿੰਘ ਪਾਬਲਾ, ਬਖਸ਼ੀਸ਼ ਸਿੰਘ, ਤਰਲੋਚਨ ਸਿੰਘ ਗੁਰੂ ਨਾਨਕ ਜਿਊਲਰ, ਹਰਜੀਤ ਸਿੰਘ ਰਾਹੋਂ ਵੀ ਸ਼ਾਮਲ ਸਨ।