ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਦੌਰਾਨ ਹੰਗਾਮਾ ਭਰਪੂਰ ਕੌਡੀ ਕੌਡੀ
ਅਸ਼ੋਕ ਵਰਮਾ
ਬਠਿੰਡਾ, 9 ਸਤੰਬਰ 2024: ਬਠਿੰਡਾ ਦੇ ਇੱਕ ਨਿੱਜੀ ਮੈਰਿਜ ਪੈਲਿਸ ’ਚ ਕਰਵਾਈ ਜਾਣ ਵਾਲੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਚੋਣ ਹੰਗਾਮੇਂ ਦੀ ਭੇਂਟ ਚੜ੍ਹ ਗਈ। ਇਸ ਮੌਕੇ ਇੱਕ ਡੀਐਸਪੀ ਦੀ ਅਗਵਾਈ ਹੇਠ ਹਾਜ਼ਰ ਪੁਲਿਸ ਦੀ ਵੱਡੀ ਨਫਰੀ ਦੀ ਮੌਜੂਦਗੀ ਦੌਰਾਨ ਚੋਣ ਤੋਂ ਪਹਿਲਾਂ ਹੀ ਸਟੇਜ ਤੇ ਜਾ ਕੇ ਦੋ ਵਿਅਕਤੀਆਂ ਨੇ ਭਰੇ ਹੋਏ ਕਾਗਜ਼ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕਾਫੀ ਰੌਲਾ ਰੱਪਾ ਪੈਣ ਲੱਗ ਪਿਆ। ਇਸ ਹੰਗਾਮੇ ਦੌਰਾਨ ਸਟੇਜ਼ ਤੋਂ ਫਾਰਮ ਖੋਹਣ ਵਾਲਿਆਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵਿਚਕਾਰ ਹੱਥੋਪਾਈ ਵੀ ਹੋਈ। ਐਸੋਸੀਏਸ਼ਨ ਮੈਂਬਰਾਂ ਨੇ ਸਰਕਾਰ ਤੇ ਧੱਕੇਸ਼ਾਹੀ ਅਤੇ ਦਖਲਅੰਦਾਜੀ ਕਰਨ ਦੇ ਦੋਸ਼ ਵੀ ਲਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਪੰਜ ਬਾਅਦ ਅੱਜ ਮੁੜ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਸੀ ।
ਇਸ ਚੋਣ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਕੁੱਲ 46 ਮੈਂਬਰ ਭਾਗ ਲੈਣ ਲਈ ਪੁੱਜੇ ਸਨ। ਇਸ ਚੋਣ ਦੌਰਾਨ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਪ੍ਰਧਾਨ ਬਣਦੇ ਆ ਰਹੇ ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਮੌਜੂਦ ਸਨ। ਅੱਜ ਰਿਟਰਨਿੰਗ ਅਧਿਕਾਰੀ ਸੇਵਾਮੁਕਤ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਅਗਵਾਈ ਹੇਠ ਚੋਣ ਕੀਤੀ ਜਾਣੀ ਸੀ। ਕਬੱਡੀ ਐਸੋਸੀਏਸ਼ਨ ਦੇ 23 ਜਿਲਿ੍ਹਆ ਤੋਂ ਕੁੱਲ 46 ਮੈਂਬਰ ਵੋਟ ਪਾਉਣ ਦਾ ਅਧਿਕਾਰ ਰੱਖਦੇ ਹਨ ਜਿਨ੍ਹਾਂ ਨੇ ਪ੍ਰਧਾਨ ਅਤੇ ਜਰਨਲ ਸਕੱਤਰ ਤੋਂ ਇਲਾਵਾ 2 ਸੀਨੀਅਰ ਮੀਤ ਪ੍ਰਧਾਨ, 4 ਮੀਤ ਪ੍ਰਧਾਨ, 4 ਜੋਇੰਟ ਸਕੱਤਰ ਅਤੇ ਖਜਾਨਚੀ ਦੀ ਚੋਣ ਕਰਨੀ ਸੀ । ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਦੀ ਲਈ ਤਜਿੰਦਰ ਸਿੰਘ ਮਿਢੂਖੇੜਾ ਅਤੇ ਜਰਨਲ ਸਕੱਤਰ ਦੇ ਅਹੁਦੇ ਲਈ ਗੁਰਪ੍ਰੀਤ ਸਿੰਘ ਮਲੂਕਾ ਉਮੀਦਵਾਰ ਸਨ।
ਮੌਜੂਦਾ ਵਿਧਾਇਕ ਗੁਰਲਾਲ ਸਿੰਘ ਘਨੌਰ ਮੈਂਬਰ ਹੋਣ ਕਾਰਨ ਤੇ ਪ੍ਰਧਾਨ ਬਣਨ ਦੀ ਇੱਛਾ ਰੱਖਦੇ ਸਨ। ਮੌਕੇ ਤੇ ਹਾਜ਼ਰ ਮੈਂਬਰਾਂ ’ਚ ਚੱਲ ਰਹੀ ਚਰਚਾ ਮੁਤਾਬਕ ਸਾਬਕਾ ਮੰਤਰੀ ਅਤੇ ਬਾਗੀ ਅਕਾਲੀ ਧੜੇ ਨਾਲ ਸਬੰਧਤ ਸਿਕੰਦਰ ਸਿੰਘ ਮਲੂਕਾ ਆਪਣੇ ਭਾਜਪਾਈ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਬਨਾਉਣ ਦੇ ਚਾਹਵਾਨ ਸਨ। ਇਸੇ ਤਰਾਂ ਹੀ ਬਾਦਲ ਪ੍ਰੀਵਾਰ ਦੇ ਖਾਸਮਖਾਸ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਾਮਵਰ ਕਬੱਡੀ ਖਿਡਾਰੀ ਗੁਰਲਾਲ ਸਿੰਘ ਵੱਲੋਂ ਵੀ ਦਾਅਵਾਦਾਰੀ ਠੋਕੀ ਜਾ ਰਹੀ ਸੀ। ਇਸ ਦੌਰਾਨ ਅਜੇ ਚੋਣ ਅਮਲ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਪੁਲਿਸ ਦੀ ਹਾਜ਼ਰੀ ਵਿੱਚ ਦੋ ਨੌਜਵਾਨਾਂ ਨੇ ਚੋਣ ਅਬਜ਼ਰਵਰਾਂ ਤੋਂ ਕਾਗਜ਼ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਇਸ ਮੌਕੇ ਭਾਰੀ ਹੰਗਾਮਾ ਹੋ ਗਿਆ।
ਇਸ ਹੰਗਾਮੇ ਦੌਰਾਨ ਕਾਗਜ਼ ਖੋਹਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ । ਇਸ ਮੈਕੇ ਹਾਜ਼ਰ ਡੀਐਸਪੀ ਸਿਟੀ ਸਰਵਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਇੱਕ ਨਿੱਜੀ ਸਮਾਗਮ ਸੀ ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲਈ ਜਾਣੀ ਚਾਹੀਦੀ ਸੀ। ਹਾਲਾਂਕਿ ਇਸ ਮੌਕੇ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਪੁਲਿਸ ਅਧਿਕਾਰੀਆਂ ਨੂੰ ਕਈ ਦਲੀਲਾਂ ਦਿੱਤੀਆਂ ਜਿੰਨ੍ਹਾਂ ਨੂੰ ਅਣਸੁਣੀਆਂ ਕਰਦਿਆਂ ਅਫਸਰਾਂ ਨੇ ਸਪਸ਼ਟ ਕੀਤਾ ਕਿ ਉਹ ਪ੍ਰਵਾਨਗੀ ਲਿਆਉਣ ਬਾਕੀ ਸਭ ਬਾਅਦ ਦੀ ਗੱਲ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਦੋਸ਼ ਲਾਏ ਕਿ ਇਹ ਗੁੰਡਾਗਰਦੀ ਸਿਆਸੀ ਸ਼ਹਿ ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਾਗਜ਼ ਚੁੱਕਣ ਵਾਲਿਆਂ ਨੂੰ ਨਾ ਤਾਂ ਰੋਕਣ ਤੇ ਨਾ ਹੀ ਫੜਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਸ਼ੱਕ ਜਤਾਇਆ ਕਿ ਕਾਗਜ਼ ਖੋਹਣ ਵਾਲਾ ਵਿਅਕਤੀ ਮਾਨਸਾ ਪੁਲਿਸ ਦਾ ਮੁਲਾਜਮ ਹੈ । ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਚਾਰ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕੇ ਹਨ ਪਰ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਸਰਕਾਰ ਦੇ ਕੋਲ ਮੈਂਬਰ ਹੀ ਹਨ ਤਾਂ ਕਿਉਂ ਦਖਲ ਅੰਦਾਜੀ ਕਰ ਰਹੀ ਹੈ। ਉਨ੍ਹ ਕਿਹਾ ਕਿ ਹਾਕਮ ਧਿਰ ਦੇ ਬੰਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਐਸੋਸੀਏਸ਼ਨ ਤੇ ਕਬਜਾ ਕਰਨਾ ਚਾਹੁੰਦੇ ਸਨ ਜੋ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਚੋਣ ਰੱਦ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਆਖਰੀ ਖਬਰਾਂ ਲਿਖੇ ਜਾਣ ਤੱਕ ਪਤਾ ਲੱਗਿਆ ਹੈ ਕਿ ਇਹ ਚੋਣ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮਲੂਕਾ ਧਿਰ ਵੱਲੋਂ ਕਾਨੂੰਨੀ ਰਾਏ ਵੀ ਲਈ ਜਾ ਰਹੀ ਹੈ ਤਾਂ ਜੋ ਇਸ ਮਸਲੇ ਤੇ ਸਰਕਾਰ ਨੂੰ ਕਾਨੂੰਨ ਮੁਤਾਬਕ ਘੇਰਿਆ ਜਾ ਸਕੇ।