ਗੈਂਗਸਟਰ ਗੋਪੀ ਲਹੌਰੀਆ ਦੇ ਨਾਂ ਮੰਗੀ ਅੱਧਾ ਕਰੋੜ ਫਿਰੌਤੀ ਪੁਲਿਸ ਨੇ ਘੁਮਾਈ ਚਾਰ ਦੀ ਟੋਪੀ
ਅਸ਼ੋਕ ਵਰਮਾ
ਬਠਿੰਡਾ, 9 ਸਤੰਬਰ 2024: ਖੁਦ ਨੂੰ ਗੈਂਗਸਟਰ ਲਹੌਰੀਆ ਦੱਸਕੇ ਬਠਿੰਡਾ ਜਿਲ੍ਹੇ ਦੇ ਇੱਕ ਵਪਾਰੀ ਤੋਂ ਉਸਦੇ ਮੋਬਾਇਲ ਨੰਬਰ ’ਤੇ ਫੋਨ ਕਰਕੇ 50 ਲੱਖ ਰੁਪਿਆ ਫਿਰੌਤੀ ਮੰਗਣ ਦੇ ਮਾਮਲੇ ’ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਦੋ ਮੋਟਰਸਾਈਕਲ, ਦੋ ਕਾਰਤੂਸਾਂ ਸਮੇਤ ਇੱਕ ਪਿਸਤੌਲ 32 ਬੋਰ ਅਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਹਨ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਮੁਦਈ ਵਪਾਰੀ ਦੇ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਸੀ। ਮੁਲਜਮਾਂ ਦੀ ਪਛਾਣ ਸਾਹਿਲ ਸ਼ਰਮਾ ਉਰਫ ਸ਼ਾਲੂ ਪੁੱਤਰ ਸੁਰਿੰਦਰ ਸ਼ਰਮਾ ਵਾਸੀ ਨਿਊ ਪਰਵਾਨਾ ਨਗਰ,ਅਸ਼ੋਕ ਕੁਮਾਰ ਉਰਫ ਕਾਟੇ ਪੁੱਤਰ ਮੱਖਣ ਸਿੰਘ ਵਾਸੀ ਕਬੀਰ ਨਗਰ, ਮਨੀਸ਼ ਕੁਮਾਰ ਉਰਫ ਮੋਹਿਤ ਪੁੱਤਰ ਪਵਨ ਕੁਮਾਰ ਅਤੇ ਕੁਲਦੀਪ ਸਿੰਘ ਉਰਵ ਖੰਡਾ ਪੁੱਤਰ ਚਰਨਜੀਤ ਸਿੰਘ ਵਾਸੀਅਨ ਮੋਗਾ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਸਟਾਫ- 2 ਬਠਿੰਡਾ ਦੀ ਟੀਮ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਇਹ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗ੍ਰਿਫਤਾਰ ਕੀਤੇ ਗਏ ਮੁਲਜਮ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਪੁੱਤਰ ਲੇਟ ਸੁਖਮੰਦਰ ਸਿੰਘ ਵਾਸੀ ਵਾਰਡ ਨੰਬਰ 32 ਲਹੌਰੀਆਂ ਵਾਲਾ ਮੁਹੱਲਾ ਬੁੱਕਣ ਵਾਲਾ ਰੋਡ ਮੋਗਾ ਲਈ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਬਠਿੰਡਾ ਵਿਖੇ ਗੋਪੀ ਲਹੌਰੀਆ ਦੇ ਦੱਸੇ ਅਨੁਸਾਰ ਮੁਦਈ ਤੋਂ ਫਿਰੌਤੀ ਦੇ ਪੈਸੇ ਹਾਸਲ ਕਰਨ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਪਿਛਲੇ ਕਰੀਬ ਦੋ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ ਜਿਥੋਂ ਇਹ ਵਿਦੇਸ਼ੀ ਨੰਬਰਾਂ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਮਵਾਰ ਵਿਅਕਤੀਆਂ ਨੂੰ ਫਿਰੌਤੀ ਹਾਸਲ ਕਰਨ ਸਬੰਧੀ ਫੋਨ ਕਰਦਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇਸ ਤੋਂ ਪਹਿਲਾਂ ਸਾਹਿਲ ਸ਼ਰਮਾ ਉਰਵ ਸ਼ਾਲੂ ਅਪ੍ਰੈਲ-ਮਈ 2023 ਦੌਰਾਨ ਗੋਪੀ ਲਹੌਰੀਆ ਦੇ ਕਹਿਣ ਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਉਰਫ ਲੱਕੀ ਪੁੱਤਰ ਅਵਤਾਰ ਸਿੰਘ ਵਾਸੀ ਲਹੌਰੀਆ ਵਾਲਾ ਮੁਹੱਲਾ ਮੋਗਾ ਨਾਲ ਮਿਲਕੇ ਪਿੰਡ ਫਿਰਮੀ ਜਿਲ੍ਹਾ ਲੁਧਿਆਣਾ ਵਿਖੇ ਇੱਕ ਘਰ ਵਿੱਚ ਫਿਰੌਤੀ ਸਬੰਧੀ ਧਮਕੀ ਭਰੀ ਚਿੱਠੀ ਸੁੱਟ ਕੇ ਆਇਆ ਸੀ। ਪੁਲਿਸ ਵੱਲੋਂ ਹੁਣ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਮੌਕੇ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸਪੀਡੀ ਅਜੇ ਗਾਂਧੀ ਅਤੇ ਡੀਐਸਪੀ ਡੀ ਰਜੇਸ਼ ਸ਼ਰਮਾ ਤੋਂ ਇਲਾਵਾ ਇਸ ਮੁਕੱਦਮੇ ਨੂੰ ਸੁਲਝਾਉਣ ਵਾਲੀ ਪੁਲਿਸ ਪਾਰਟੀ ਹਾਜਰ ਸੀ।