ਦਿਨ ਦਿਹਾੜੇ ਪ੍ਰਾਈਵੇਟ ਸਕੂਲ ਦੇ ਨੇੜੇ ਚੱਲੀ ਗੋਲੀ
ਰਾਜਨੀਤੀ ਆਗੂ ਦੇ ਗਨਮੈਨ ਨੇ ਪਿੱਛਾ ਕਰਕੇ ਕਾਬੂ ਕੀਤਾ ਗੋਲੀ ਚਲਾਉਣ ਵਾਲਾ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਪਾਸ਼ ਇਲਾਕੇ ਦੇ ਵਿਚ ਬੱਚਿਆਂ ਦੇ ਇੱਕ ਨਿੱਜੀ ਸਕੂਲ ਨੇੜੇ ਦਿਨ ਦਿਹਾੜੇ ਗੋਲੀ ਚਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਝਗੜੇ ਦੌਰਾਨ ਇੱਕ ਗੁੱਟ ਦੇ ਇੱਕ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ । ਗੋਲੀ ਲੱਗਣ ਨਾਲ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ।ਉੱਥੇ ਹੀ ਨੇੜੇ ਦੇ ਇੱਕ ਸਿਆਸੀ ਵਿਅਕਤੀ ਦੇ ਗਨਮੈਨ ਨੇ ਮੁਸ਼ੱਕਤ ਕਰਕੇ ਗੋਲੀ ਚਲਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਹੈ ਪਰ ਪੁਲਿਸ ਫਿਲਹਾਲ ਗੋਲੀ ਚਲਾਉਣ ਵਾਲੇ ਬੇਕਾਬੂ ਆਉਣ ਦੀ ਗੱਲ ਨੂੰ ਮੰਨ ਹੀ ਰਹੀ ਹੈ।
ਜਾਣਕਾਰੀ ਅਨੁਸਾਰ ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਹੋਰ ਨੌਜਵਾਨ ਤੇ ਗੋਲੀ ਚਲਾਈ ਗਈ ਜਦੋਂ ਗੋਲੀ ਚਲਾ ਕੇ ਇਹ ਨੌਜਵਾਨ ਫਰਾਰ ਹੋਏ ਤਾਂ ਇਹਨਾਂ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਯਸ਼ਪਾਲ ਚੌਹਾਨ ਦਾ ਗਨਮੈਨ ਉਹਨ੍ਾਂ ਦੇ ਪਿੱਛੇ ਲੱਗ ਗਿਆ ਤੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਅਤੇ ਉਸ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਪਿਸਟਲ ਸਮੇਤ ਫੜ ਲਿਆ।
ਜਿਸ ਦੇ ਗੋਲੀ ਲੱਗੀ ਹੈ ਉਸਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਹੈ ।
ਪੁਲਿਸ ਮੌਕੇ ਤੇ ਪਹੁੰਚੀ ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਦਮਨ ਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗੀ ਹੈ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਦੂਸਰੇ ਪਾਸੇ ਜਿਸ ਹੈਡ ਕਾਂਸਟੇਬਲ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਫੜਿਆ ਉਸ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਪਹੁੰਚਿਆ ਸੀ ਉਹ ਯਸ਼ਪਾਲ ਚੋਹਾਨ ਉਹਨਾਂ ਦਾ ਗਨਮੈਨ ਹੈ। ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਆਪਣੀ ਦੱਬ ਦੇ ਵਿੱਚ ਪਿਸਟਲ ਵਾੜ ਰਿਹਾ ਹੈ ਅਤੇ ਭੱਜ ਰਿਹਾ ਹੈ ਰਾਜਕੁਮਾਰ ਨੇ ਕਿਹਾ ਕਿ ਤੁਰੰਤ ਉਹ ਉਸਦਾ ਪਿੱਛਾ ਕਰਨ ਲੱਗਾ ਤਾਂ ਉਸਨੇ ਉਸਨੂੰ ਹਾਕ ਮਾਰ ਕੇ ਕਿਹਾ ਕਿ ਜੇ ਹੁਣ ਤੂੰ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਉਸਦੇ ਮਗਰ ਭੱਜਦਾ ਹੋਇਆ ਕਾਫੀ ਦੂਰ ਤੱਕ ਗਿਆ ਜਿੱਥੇ ਜਾ ਕੇ ਉਸਨੇ ਉਸ ਦੋਸ਼ੀ ਨੂੰ ਦਬੋਚ ਲਿਆ। ਉਸ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤਾ ਗਿਆ ਹੈ।
ਚਸ਼ਮਦੀਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਯਸ਼ਪਾਲ ਚੌਹਾਨ ਦਾ ਡਰਾਈਵਰ ਹਾਂ ਤੇ ਮੈਂ ਗੱਡੀ ਧੋ ਰਿਹਾ ਸੀ ਕਿ ਗੋਲੀ ਚੱਲਣ ਦੀ ਜਦੋਂ ਆਵਾਜ਼ ਆਈ ਤਾਂ ਉਸ ਮਗਰੋਂ ਮੈਂ ਆਪਣੇ ਨਾਲ ਆਪਣੇ ਸਾਥੀ ਗਨਮੈਨ ਰਾਜਕੁਮਾਰ ਨੂੰ ਦੱਸਿਆ ਤਾਂ ਤੁਰੰਤ ਰਾਜਕੁਮਾਰ ਗਨਮੈਨ ਉਸ ਦੇ ਪਿੱਛੇ ਗਿਆ ਅਤੇ ਉਸਨੂੰ ਫੜ ਲਿਆ ।