← ਪਿਛੇ ਪਰਤੋ
ਸਾਕਸ਼ੀ ਸਾਹਨੀ ਅੰਮ੍ਰਿਤਸਰ ਦੇ ਪਹਿਲੇ ਵੁਮੈਨ ਡਿਪਟੀ ਕਮਿਸ਼ਨਰ ਬਣੇ ਅੰਮ੍ਰਿਤਸਰ, 13 ਸਤੰਬਰ, 2024: 2014 ਬੈਚ ਦੀ ਵੁਮੈਨ ਆਈ ਏ ਐਸ ਅਫਸਰ ਸਾਕਸ਼ੀ ਸਾਹਨੀ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ ਬਣ ਗਏ ਹਨ। ਇਸ ਤੋਂ ਪਹਿਲਾਂ ਸਾਕਸ਼ੀ ਸਾਹਨੀ ਨੂੰ ਪਟਿਆਲਾ ਦੀ ਪਹਿਲੀ ਵੁਮੈਨ ਡਿਪਟੀ ਕਮਿਸ਼ਨਰ ਬਣਨ ਦਾ ਮਾਣ ਹਾਸਲ ਹੋਇਆ ਸੀ। ਪਟਿਆਲਾ ਵਿਚ ਸਾਲ 2023 ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸਾਰੀ ਸਾਰੀ ਰਾਤ ਫੀਲਡ ਵਿਚ ਕੰਮ ਕਰ ਕੇ ਉਹਨਾਂ ਨੇ ਆਪਣੀ ਨਿਵੇਕਲੀ ਤੇ ਵਿਲੱਖਣ ਪਛਾਣ ਬਣਾਈ ਸੀ ਜਿਸਦੀ ਹਰ ਪਾਸੋਂ ਸ਼ਲਾਘਾ ਹੋਈ ਸੀ। ਅੰਮ੍ਰਿਤਸਰ ਤਬਾਦਲੇ ਤੋਂ ਪਹਿਲਾਂ ਉਹ ਲੁਧਿਆਣਾ ਵਿਚ ਬਤੌਰ ਡੀ ਸੀ ਤਾਇਨਾਤ ਸਨ। ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਵੁਮੈਨ ਆਈ ਏ ਐਸ ਅਤੇ ਆਈ ਪੀ ਐਸ ਅਫਸਰ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਦੇ ਅਹੁਦੇ ’ਤੇ ਨਿਯੁਕਤ ਹੋਈਆਂ ਹਨ। ਸਾਕਸ਼ੀ ਸਾਹਨੀ ਨੇ ਬੀ ਏ ਮਗਰੋਂ ਐਲ ਐਲ ਬੀ ਦੀ ਪੜ੍ਹਾਈ ਕੀਤੀ। ਆਈ ਏ ਐਸ ਪ੍ਰੀਖਿਆ ਵਿਚ ਉਹ 6ਵੇਂ ਸਥਾਨ ’ਤੇ ਰਹੇ ਹਨ। ਉਹਨਾਂ ਦੇ ਪਿਤਾ ਵੀ ਆਈ ਆਰ ਐਸ ਅਧਿਕਾਰੀ ਰਹਿ ਚੁੱਕੇ ਹਨ ਜਦੋਂ ਕਿ ਮਾਤਾ ਜੀ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀ ਛੋਟੀ ਭੈਣ ਬੈਂਕ ਵਿਚ ਸੇਵਾਵਾ ਦੇ ਰਹੇ ਹਨ।
Total Responses : 106