ਮਹਾਰਾਸ਼ਟਰ 'ਚ ਗੈਸ ਲੀਕ, ਹਫੜਾ-ਦਫੜੀ ਦਾ ਮਾਹੌਲ
ਮਹਾਰਾਸ਼ਟਰ : ਮਹਾਰਾਸ਼ਟਰ ਦੇ ਅੰਬਰਨਾਥ ਸ਼ਹਿਰ 'ਚ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ ਹੈ। ਪੂਰੇ ਸ਼ਹਿਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਖਬਰਾਂ ਮੁਤਾਬਕ ਇਹ ਗੈਸ ਲੀਕ ਇਕ ਕੈਮੀਕਲ ਕੰਪਨੀ ਦੀ ਫੈਕਟਰੀ ਤੋਂ ਹੋ ਰਹੀ ਹੈ। ਕੈਮੀਕਲ ਦਾ ਧੂੰਆਂ ਪੂਰੇ ਸ਼ਹਿਰ ਵਿੱਚ ਫੈਲ ਗਿਆ ਹੈ। ਧੂੰਏਂ ਕਾਰਨ ਨਾ ਸਿਰਫ ਲੋਕਾਂ ਦੀ ਨਜ਼ਰ ਘੱਟ ਰਹੀ ਹੈ ਸਗੋਂ ਉਨ੍ਹਾਂ ਨੂੰ ਅੱਖਾਂ 'ਚ ਖੁਜਲੀ ਅਤੇ ਗਲੇ 'ਚ ਖਰਾਸ਼ ਵੀ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ 39 ਸਾਲ ਪਹਿਲਾਂ ਵਾਪਰੇ ਭੋਪਾਲ ਗੈਸ ਕਾਂਡ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਅੰਬਰਨਾਥ ਸ਼ਹਿਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਪੂਰੇ ਸ਼ਹਿਰ ਦੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਕੈਮੀਕਲ ਦੇ ਧੂੰਏਂ ਕਾਰਨ ਸੜਕਾਂ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਹੀਆਂ ਹਨ। ਲੋਕ ਨੱਕ-ਮੂੰਹ ਬੰਨ੍ਹ ਕੇ ਘਰਾਂ ਤੋਂ ਬਾਹਰ ਆ ਰਹੇ ਹਨ। ਜਿੱਥੋਂ ਤੱਕ ਅੱਖਾਂ ਨਜ਼ਰ ਆਉਂਦੀਆਂ ਹਨ, ਦੂਰ-ਦੂਰ ਤੱਕ ਧੂੰਆਂ ਹੀ ਦਿਖਾਈ ਦਿੰਦਾ ਹੈ।