ਪੀ.ਏ.ਯੂ. ਵਿਖੇ ਹਾੜੀ ਦੀਆਂ ਫਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੇ ਭਰਵੇਂ ਇਕੱਠ ਨਾਲ ਸ਼ੁਰੂ ਹੋਇਆ
- ਪੰਜਾਬ ਦੀ ਅਮੀਰ ਵਿਰਾਸਤ ਦਾ ਪ੍ਰਤੀਕ ਹਨ ਪੀ.ਏ.ਯੂ. ਦੇ ਕਿਸਾਨ ਮੇਲੇ: ਸ. ਗੁਰਮੀਤ ਸਿੰਘ ਖੁੱਡੀਆਂ
ਲੁਧਿਆਣਾ 13 ਸਤੰਬਰ, 2024 - ਅੱਜ ਪੀ.ਏ.ਯੂ. ਦੇ ਓਪਨ ਏਅਰ ਥੀਏਟਰ ਵਿੱਚ ਹਾੜੀ ਦੀਆਂ ਫਸਲਾਂ ਲਈ ਦੋ ਰੋਜਾ ਕਿਸਾਨ ਮੇਲਾ ਸ਼ੁਰੂ ਹੋ ਗਿਆ| ਇਸ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ| ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਉਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਸ. ਹਰਦਿਆਲ ਸਿੰਘ ਗਜਨੀਪੁਰ, ਡਾ. ਅਸ਼ੋਕ ਕੁਮਾਰ, ਸ. ਅਮਨਪ੍ਰੀਤ ਸਿੰਘ ਬਰਾੜ ਅਤੇ ਡਾ. ਦਵਿੰਦਰ ਸਿੰਘ ਚੀਮਾ ਸ਼ਾਮਿਲ ਸਨ| ਨਾਲ ਹੀ ਪਨਸੀਡ ਦੇ ਚੇਅਰਮੈਨ ਡਾ. ਮਹਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਜਸਵੰਤ ਸਿੰਘ, ਫੂਡ ਕਮਿਸ਼ਨਰ ਪੰਜਾਬ ਡਾ. ਬਾਲ ਮੁਕੰਦ ਸ਼ਰਮਾ ਅਤੇ ਆਇਰਲੈਂਡ ਤੋਂ ਆਏ ਵਿਸ਼ੇਸ਼ ਮਹਿਮਾਨ ਸ੍ਰੀ ਡੇਵਿਡ ਮੂਰੇ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ|
ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨ ਮੇਲੇ ਸਿੱਖਣ-ਸਿਖਾਉਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਦੇ ਹਨ| ਕਿਸਾਨਾਂ ਅਤੇ ਯੂਨੀਵਰਸਿਟੀ ਦੀ ਪੀੜੀ ਦਰ ਪੀੜੀ ਸਾਂਝ ਦੇ ਪਵਿੱਤਰ ਰਿਸ਼ਤੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਮੇਲਾ ਪੰਜਾਬ ਦੀ ਵਿਰਾਸਤ ਦਾ ਪ੍ਰਤੀਕ ਬਣ ਚੁੱਕਾ ਹੈ| ਇਹ ਐਸਾ ਮੇਲਾ ਹੈ ਜਿੱਥੇ ਕਿਸਾਨ ਖੇਤੀ ਸਿੱਖਿਆ ਹਾਸਲ ਕਰਨ ਅਤੇ ਵਿਗਿਆਨਕ ਜਾਣਕਾਰੀ ਹਾਸਲ ਕਰਨ ਲਈ ਆਉਂਦੇ ਹਨ| ਖੇਤੀਬਾੜੀ ਮੰਤਰੀ ਨੇ ਖੇਤੀ ਨੂੰ ਮਹਾਨ ਕਿੱਤਾ ਆਖਦਿਆਂ ਗੁਰੂ ਨਾਨਕ ਸਾਹਿਬ ਵੱਲੋਂ ਇਸ ਕਿੱਤੇ ਨੂੰ ਵਰੋਸਾਏ ਹੋਣ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਨੇ ਪੀ.ਏ.ਯੂ. ਦੇ ਮਾਹਰਾਂ ਦੀ ਅਗਵਾਈ ਅਤੇ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਭਰਪੂਰ ਵਿਕਾਸ ਕੀਤਾ ਹੈ ਜਿਸ ਸਦਕਾ ਅੱਜ ਪੰਜਾਬ ਵਿੱਚ 100 ਮਣ ਝੋਨਾ ਅਤੇ 70 ਮਣ ਦੇ ਕਰੀਬ ਕਣਕ ਪ੍ਰਤੀ ਹੈਕਟੇਅਰ ਪੈਦਾ ਹੋ ਰਹੀ ਹੈ| ਸ. ਖੁੱਡੀਆਂ ਨੇ ਕਿਹਾ ਕਿ ਜ਼ਮੀਨਾਂ ਦੇ ਘਟਣ ਦਾ ਬਦਲ ਸਹਾਇਕ ਕਿੱਤਿਆਂ ਨੂੰ ਬਣਾਉਣਾ ਹੀ ਪਵੇਗਾ ਕਿਉਂ ਜੋ ਸਹਾਇਕ ਕਿੱਤਿਆਂ ਵਿੱਚ ਸਾਰੇ ਪਰਿਵਾਰ ਦੀ ਸ਼ਮੂਲੀਅਤ ਨਾ ਸਿਰਫ ਆਰਥਿਕ ਤੌਰ ਤੇ ਖੁਸਹਾਲੀ ਲਿਆਉਂਦੀ ਹੈ ਬਲਕਿ ਸਭ ਲਈ ਕੰਮ ਦੇ ਮੌਕੇ ਵੀ ਪ੍ਰਦਾਨ ਕਰਦੀ ਹੈ| ਉਨਾਂ ਨੇ ਸਰਕਾਰ ਵੱਲੋਂ ਖੇਤੀ ਦੀ ਬੇਹਤਰੀ ਲਈ ਕੀਤੀ ਜਾਂਦੀ ਵਿਉਂਤਬੰਦੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਦੀ ਖੁਸ਼ਹਾਲੀ ਲਈ ਵਚਨਵੱਧ ਹੈ ਅਤੇ ਇਸੇ ਸਿਲਸਿਲੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਨਵੀਆਂ ਨਹਿਰਾਂ ਦੀ ਉਸਾਰੀ, ਖੇਤੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਖੇਤੀ ਆਮਦਨ ਵਿਚ ਵਾਧੇ ਅਤੇ ਵਿਗਿਆਨਕ ਖੇਤੀ ਦੇ ਪ੍ਰਸਾਰ ਲਈ ਵਿਸ਼ੇਸ਼ ਹੰਭਲੇ ਮਾਰੇ ਜਾ ਰਹੇ ਹਨ| ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਝੋਨੇ ਦੀ ਸਿੱਧੀ ਬਿਜਾਈ, ਘੱਟ ਸਮਾਂ ਲੈਣ ਵਾਲੀਆਂ ਕਿਸਮਾਂ, ਬਾਸਮਤੀ ਦੀ ਕਾਸ਼ਤ ਅਤੇ ਲਾਗਤਾਂ ਵਿਚ ਕਮੀ ਵਰਗੀਆਂ ਤਕਨੀਕਾਂ ਅਪਨਾਉਣੀਆਂ ਲਾਜ਼ਮੀ ਹਨ| ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਵਾਰ ਵੀ ਮਸ਼ੀਨਰੀ ਲਈ ਮਾਲੀ ਇਮਦਾਦ ਕਿਸਾਨਾਂ ਨੂੰ ਦਿੱਤੀ ਗਈ ਹੈ| ਸ. ਖੁੱਡੀਆਂ ਨੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਬਾਇਓਗੈਸ ਅਤੇ ਹੋਰ ਤਰੀਕੇ ਅਪਨਾਉਣ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਦਾ ਸੱਦਾ ਦਿੱਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰਧਾਨਗੀ ਭਾਸ਼ਣ ਵਿਚ ਸੰਨ 1967 ਤੋਂ ਲੈ ਕੇ ਨਿਰਵਿਘਨ ਜਾਰੀ ਕਿਸਾਨ ਮੇਲਿਆਂ ਦੀ ਲੜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਸਾਨ ਮੇਲੇ ਸਮੁੱਚੇ ਭਾਰਤ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਵਿਲੱਖਣ ਮੇਲਿਆਂ ਵਿਚ ਸ਼ੁਮਾਰ ਰੱਖਦੇ ਹਨ| ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਪਾਣੀ, ਮਿੱਟੀ ਅਤੇ ਹਵਾ ਨੂੰ ਬਚਾਉਣਾ ਪ੍ਰਮੁੱਖ ਚੁਣੌਤੀ ਹੈ ਇਸ ਲਈ ਕਿਸਾਨ ਮੇਲੇ ਦਾ ਉਦੇਸ਼ ‘ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ’ ਨਿਰਧਾਰਤ ਕੀਤਾ ਗਿਆ ਹੈ| ਉਹਨਾਂ ਮੇਲੇ ਵਿਚ ਆਏ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਫਸਲਾਂ ਦੀ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਖੇਤੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਅਜੋਕੇ ਸਮੇਂ ਦੀ ਮੰਗ ਅਨੁਸਾਰ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਵੀ ਨਵੀਨ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ| ਇਸ ਲਈ ਕਿਸਾਨਾਂ ਨੂੰ ਪੀ.ਏ.ਯੂ. ਫੇਸਬੁੱਕ ਲਾਈਵ, ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਅਤੇ ਵਟਸਐੱਪ ਗਰੁੱਪਾਂ ਵਿਚ ਸ਼ਾਮਿਲ ਹੋਣ ਦੀ ਲੋੜ ਹੈ ਤਾਂ ਜੋ ਵਿਗਿਆਨਕ ਖੇਤੀ ਦੀ ਹਰ ਢੁੱਕਵੀਂ ਜਾਣਕਾਰੀ ਉਹਨਾਂ ਤੱਕ ਸਮੇਂ ਸਿਰ ਪੁੱਜਦੀ ਕੀਤੀ ਜਾ ਸਕੇ| ਡਾ. ਗੋਸਲ ਨੇ ਖੇਤੀ ਆਮਦਨ ਵਧਾਉਣ ਲਈ ਖੇਤੀ ਖਰਚੇ ਘਟਾਉਣ ਅਤੇ ਨਵੀਂ ਪੀੜੀ ਨੂੰ ਖੇਤੀ ਅਤੇ ਖੇਤੀ ਸਿੱਖਿਆ ਨਾਲ ਜੁੜ ਕੇ ਪੰਜਾਬ ਦੇ ਭਵਿੱਖ ਨੂੰ ਉੱਜਲਾ ਬਨਾਉਣ ਦੀ ਗੱਲ ਕਰਦਿਆਂ ਸਾਉਣੀ ਦੀਆਂ ਫਸਲਾਂ ਦੇ ਬਿਹਤਰ ਝਾੜ ਦੀ ਕਾਮਨਾ ਕੀਤੀ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਹਾੜ੍ਹੀ ਰੁੱਤ ਲਈ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਨਾਲ ਹੀ ਉਨ੍ਹਾਂ ਪੀ.ਏ.ਯੂ. ਵਲੋਂ ਵਿਕਸਿਤ ਕੀਤੀਆਂ 900 ਤੋਂ ਵਧੇਰੇ ਕਿਸਮਾਂ ਅਤੇ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ 250 ਤੋਂ ਵਧੇਰੇ ਕਿਸਮਾਂ ਦਾ ਹਵਾਲਾ ਦਿੱਤਾ| ਉਨ੍ਹਾਂ ਨੇ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਬਾਰੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ | ਕਣਕ ਦੀ ਪਿਛਲੇ ਸਾਲ ਜਾਰੀ ਕੀਤੀ ਕਿਸਮ ਪੀ ਬੀ ਡਬਲਯੂ 826 ਨੂੰ ਉਨ੍ਹਾਂ ਨੇ ਜੰਮੂ ਤੋਂ ਕਲਕੱਤੇ ਤਕ ਕਾਸ਼ਤ ਵਿਚ ਸਫਲਤਾ ਹਾਸਿਲ ਕਰਨ ਵਾਲੀ ਕਿਸਮ ਕਿਹਾ| ਡਾ. ਢੱਟ ਨੇ ਨਵੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਣਕ ਦੀ ਬਿਸਕੁਟ ਬਣਾਉਣ ਲਈ ਲਾਭਕਾਰੀ ਕਿਸਮ ਪੀ ਬੀ ਡਬਲਯੂ ਬਿਸਕੁਟ-1 ਨੂੰ ਵਿਸਥਾਰ ਸਹਿਤ ਪੇਸ ਕੀਤਾ| ਉਨਾਂ ਕਿਹਾ ਕਿ ਇਸ ਕਿਸਮ ਨੂੰ ਬੇਕਰੀ ਉਦਯੋਗਾਂ ਨਾਲ ਕੀਤੇ ਗਏ ਸਾਂਝੇ ਤਜਰਬਿਆਂ ਤੋਂ ਬਾਅਦ ਸਿਫਾਰਿਸ਼ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ ਰਾਇਆ ਸਰੋਂ ਦੀ ਕਿਸਮ ਪੀ ਐਚ ਆਰ 127, ਗੋਭੀ ਸਰੋਂ ਦੀ ਕਿਸਮ ਪੀ ਜੀ ਐਸ ਐਚ 2155 ਅਤੇ ਜਵੀ ਦੀ ਇੱਕ ਕਟਾਈ ਦੇਣ ਵਾਲੀ ਅਤੇ ਵੱਧ ਝਾੜ ਦੇਣ ਵਾਲੀ ਕਿਸਮ ਓ ਐਲ 17 ਦੀ ਸਿਫਾਰਿਸ ਵੀ ਨਵੀਆਂ ਕਿਸਮਾਂ ਵਜੋਂ ਕੀਤੀ ਗਈ|
ਉਤਪਾਦਨ ਤਕਨੀਕਾਂ ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਪਾਣੀ ਦੀ ਬਚਤ ਲਈ ਪੀ.ਏ.ਯੂ. ਵਲੋਂ ਨਰਮਾ ਅਤੇ ਗੋਭੀ ਸਰੋਂ ਵਿਚ ਜ਼ਮੀਨ ਦੋਜ਼ ਪਾਈਪਾਂ ਨਾਲ ਤੁਪਕਾ ਸਿੰਚਾਈ ਦੀ ਸਿਫਾਰਿਸ਼ ਕਿਸਾਨਾਂ ਸਾਮ•ਣੇ ਰੱਖੀ| ਪੌਦ ਸੁਰੱਖਿਆ ਤਕਨੀਕਾਂ ਦੀਆਂ ਨਵੀਆਂ ਸਿਫਾਰਿਸਾਂ ਬਾਰੇ ਦੱਸਦਿਆਂ ਉਹਨਾਂ ਨੇ ਗਰਮ ਰੁੱਤ ਦੀ ਮੂੰਗੀ ਵਿੱਚ ਥਰਿੱਪ ਦੀ ਰੋਕਥਾਮ ਲਈ ਫੁੱਲ ਪੈਣ ਵੇਲੇ ਨੀਲੇ ਟਰੈਪ ਵਰਤਣ ਨੂੰ ਵੀ ਬਿਹਤਰ ਹੱਲ ਵਜੋਂ ਪੇਸ ਕੀਤਾ| ਜੈਵਿਕ ਖੇਤੀ ਵਿਚ ਤੇਲ ਬੀਜ ਫਸਲਾਂ ਉੱਪਰ ਚੇਪੇ ਦਾ ਹਮਲਾ ਸੁਰੂ ਹੋਣ ਤੋਂ ਬਾਅਦ ਪੀ.ਏ.ਯੂ. ਨਿੰਮ ਦੇ ਘੋਲ ਦੇ ਛਿੜਕਾਅ ਦੇ ਨਾਲ ਹੀ ਡਾ. ਢੱਟ ਨੇ ਖੇਤੀ ਮਸ਼ੀਨਰੀ ਸੰਬੰਧੀ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ|
ਨਿਰਦੇਸ਼ਕ ਖੇਤੀਬਾੜੀ, ਪੰਜਾਬ ਡਾ. ਜਸਵੰਤ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਵਿਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਨਿਰੰਤਰ ਗਿਰਾਵਟ ਬਾਰੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕੁਝ ਖੇਤਰਾਂ ਵਿਚ ਇਹ ਗਿਰਾਵਟ ਇਕ ਮੀਟਰ ਪ੍ਰਤੀ ਸਾਲ ਦੀ ਦਰ ਨਾਲ ਦਰਜ ਕੀਤੀ ਗਈ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਕੁੱਲ 42 ਲੱਖ ਹੈਕਟੇਅਰ ਕਾਸ਼ਤਯੋਗ ਰਕਬੇ ਵਿੱਚੋਂ ਝੋਨੇ ਹੇਠ 32 ਲੱਖ ਹੈਕਟੇਅਰ ਰਕਬਾ ਆਉਂਦਾ ਹੈ| ਇਸ ਨੂੰ ਘਟਾਉਣ ਅਤੇ ਖੇਤੀ ਵਿਭਿੰਨਤਾ ਹੇਠ ਲਿਆਉਣ ਦੀ ਸਖਤ ਲੋੜ ਹੈ| ਘੱਟ ਸਮੇਂ ਵਿਚ ਪੱਕਣ ਵਾਲੀਆਂ ਪੀ.ਏ.ਯੂ. ਦੀਆਂ ਪੀ ਆਰ ਕਿਸਮਾਂ ਹੇਠ ਵੱਧਦੇ ਰਕਬੇ ਬਾਰੇ ਉਹਨਾਂ ਕਿਹਾ ਕਿ 45 ਪ੍ਰਤੀਸ਼ਤ ਰਕਬਾ ਇਹਨਾਂ ਕਿਸਮਾਂ ਹੇਠ ਆਇਆ ਹੈ ਅਤੇ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ| ਇਸਦੇ ਨਾਲ ਹੀ ਉਹਨਾਂ ਨੇ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਮੁਹੱਈਆ ਕਰਾਉਣ ਦੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨ ਮੇਲੇ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਨਿੱਘਾ ਜੀ ਆਇਆ ਕਰਦਿਆਂ ਪੀ.ਏ.ਯੂ. ਵੱਲੋਂ ਸਾਲ ਵਿਚ ਦੋ ਵਾਰ ਲਾਏ ਜਾਂਦੇ ਸੱਤ ਕਿਸਾਨ ਮੇਲਿਆਂ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਤਕਨੀਕਾਂ ਵਿਚ ਵਿਸ਼ਵਾਸ ਪ੍ਰਗਟ ਕਰਨ ਸਦਕਾ ਹੀ ਲਗਾਤਾਰ ਦੂਜੇ ਸਾਲ ਪੀ.ਏ.ਯੂ. ਦੇਸ਼ ਵਿਚ ਸਿਖਰਲਾ ਸਥਾਨ ਹਾਸਲ ਕਰ ਸਕੀ ਹੈ| ਡਾ. ਭੁੱਲਰ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਖੇਤੀ ਰਸਾਲਿਆਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਮੈਂਬਰ ਬਣਨ ਅਤੇ ਹਾੜੀ ਦੀਆਂ ਫਸਲਾਂ ਦੀ ਕਿਤਾਬ ਖਰੀਦਣ ਲਈ ਪ੍ਰੇਰਿਤ ਕੀਤਾ|
ਇਸ ਮੌਕੇ ਖੇਤੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਸ. ਕਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸ. ਗੁਰਪ੍ਰੀਤ ਸਿੰਘ ਸਪੁੱਤਰ ਸ. ਬਲਵਿੰਦਰ ਸਿੰਘ ਨੂੰ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪ੍ਰਦਾਨ ਕੀਤਾ ਗਿਆ| ਸ਼੍ਰੀ ਬਾਲ ਕ੍ਰਿਸ਼ਨ ਪੁੱਤਰ ਸ਼੍ਰੀ ਜ਼ਿਲੇ ਸਿੰਘ ਨੂੰ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਅਤੇ ਸ. ਮੋਹਨਦੀਪ ਸਿੰਘ ਨੂੰ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ| ਅਗਾਂਹਵਧੂ ਕਿਸਾਨ ਬੀਬੀ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਪੁਰਸਕਾਰ ਅਤੇ ਸ. ਦਵਿੰਦਰ ਸਿੰਘ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਪ੍ਰਦਾਨ ਕੀਤੇ ਗਏ| ਭਾਈ ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਪੁਰਸਕਾਰ ਧੰਨ ਧੰਨ ਬਾਬਾ ਸੰਤ ਖਾਲਸਾ ਸੇਵਾ ਸੁਸਾਇਟੀ ਨੂੰ ਦਿੱਤਾ ਗਿਆ|
ਪੀ.ਏ.ਯੂ. ਦੇ ਕੁਝ ਮਾਹਿਰਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕੀਤੀ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਵੀ ਇਸ ਮੌਕੇ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿਚ ਭੂਮੀ ਵਿਗਿਆਨੀ ਡਾ. ਰਾਜੀਵ ਸਿੱਕਾ, ਸਹਿਯੋਗੀ ਨਿਰਦੇਸ਼ਕ ਖੋਜ ਡਾ. ਭਰਪੂਰ ਸਿੰਘ ਸੇਖੋਂ, ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਗੁਰਸਾਹਿਬ ਸਿੰਘ ਮਨੇਸ, ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਦੇ ਸਹਿਯੋਗੀ ਨਿਰਦੇਸ਼ਕ ਡਾ. ਕਰਮਜੀਤ ਸ਼ਰਮਾ ਸ਼ਾਮਿਲ ਹਨ| ਇਸ ਤੋਂ ਇਲਾਵਾ ਕੇ.ਵੀ.ਕੇ. ਸਮਰਾਲਾ ਦੇ ਫਾਰਮ ਵਰਕਰ ਸ਼੍ਰੀ ਜਸਵੀਰ ਸਿੰਘ, ਸੰਚਾਰ ਕੇਂਦਰ ਦੇ ਸ਼੍ਰੀ ਦੀਪਕ ਭਾਟੀਆ ਅਤੇ ਆਰ ਜੀ ਆਰ ਸੈੱਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਬਲਜਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਖੇਤੀ ਸਾਹਿਤ ਅਤੇ ਖੇਤੀ ਬੀਜਾਂ ਦੀ ਵਿਕਰੀ ਨੂੰ ਵਧਾਵਾ ਦੇਣ ਲਈ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਪ੍ਰਧਾਨਗੀ ਮੰਡਲ ਨੇ ਹਾੜੀ ਦੀਆਂ ਫਸਲਾਂ ਦੀ ਕਿਤਾਬ ਨੂੰ ਜਾਰੀ ਕੀਤਾ| ਸਮਾਰੋਹ ਦਾ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਨਾਲ ਜੁੜ ਕੇ ਖੇਤੀ ਸਿਖਲਾਈਆਂ ਹਾਸਲ ਕਰਨ, ਖੇਤੀ ਸਾਹਿਤ ਅਤੇ ਯੂਨੀਵਰਸਿਟੀ ਦੇ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ ਕੀਤੀ|
ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ|
ਇਸ ਕਿਸਾਨ ਮੇਲੇ ਵਿਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਨਵੀਆਂ ਕਿਸਮਾਂ, ਤਕਨੀਕਾਂ ਅਤੇ ਖੇਤੀ ਸਾਹਿਤ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਲਗਾਈਆਂ ਸਨ| ਕਿਸਾਨਾਂ ਨੇ ਹਾੜੀ ਦੀਆਂ ਫਸਲਾਂ ਦੇ ਬੀਜ, ਫਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਉਤਸ਼ਾਹ ਦਿਖਾਇਆ|