ਹੁਣ ਗੁਰਦਾਸਪੁਰ ਦੇ ਪਿੰਡ ਭੱਟੀਆਂ 'ਚ ਚੀਤੇ ਜਿਹਾ ਜਾਨਵਰ ਦਿਖਣ ਕਾਰਨ ਫੈਲੀ ਦਹਿਸ਼ਤ
ਵਨ ਵਿਭਾਗ ਅਧਿਕਾਰੀ ਕਹਿੰਦੇ ਚੀਤਾ ਨਹੀਂ ਜੰਗਲੀ ਬਿੱਲਾ ਹੈ
ਰੋਹਿਤ ਗੁਪਤਾ
ਗੁਰਦਾਸਪੁਰ 14 ਸਤੰਬਰ 2024- ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਭੱਟੀਆਂ ਦੇ ਲੋਕਾਂ ਵਿੱਚ ਇਸ ਵੇਲੇ ਦਹਿਸ਼ਤ ਫੈਲੀ ਹੋਈ ਹੈ। ਇੱਕ ਕਿਸਾਨ ਵੱਲੋਂ ਚੀਤੇ ਜਿਹਾ ਜਾਨਵਰ ਦੇਖੇ ਜਾਣ ਦੀ ਖਬਰ ਜਿਵੇਂ ਹੀ ਇਲਾਕੇ ਅੰਦਰ ਫੈਲੀ , ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਅਫਵਾਵਾਂ ਵੀ ਫੈਲਣ ਲੱਗ ਪਈਆਂ। ਹਾਲਾਂਕਿ ਮੌਕੇ ਤੇ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਨੇ ਇਸ ਜਾਨਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਇਸ ਦੀ ਇੱਕ ਵੀਡੀਓ ਵੀ ਬਣੀ ਹੈ ਪਰ ਵੀਡੀਓ ਦੇ ਅਧਾਰ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਕੀਤਾ ਹੈ ਕਿ ਇਹ ਚੀਤਾ ਨਹੀਂ ਜੰਗਲੀ ਬਿੱਲਾ ਹੈ।
ਪਿੰਡ ਭਟੀਆਂ ਵਾਸੀ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ। ਉਸਨੇ ਦੇਖਿਆ ਕਿ ਕੋਈ ਜਾਨਵਰ ਉਸਦੇ ਪਾਣੀ ਲੱਗੇ ਖੇਤ ਵਿੱਚ ਬੈਠਾ ਹੋਇਆ ਸੀ ।ਉਸ ਨੂੰ ਪਹਿਲੀ ਨਜ਼ਰੇ ਇਹ ਸਮਝਿਆ ਕਿ ਸ਼ਾਇਦ ਕੋਈ ਅਵਾਰਾ ਕੁੱਤਾ ਉਸ ਦੇ ਖੇਤਾਂ ਵਿੱਚ ਬੈਠਾ ਹੋਇਆ ਹੈ। ਉਸ ਨੇ ਕੁੱਤੇ ਨੂੰ ਭਜਾਉਣ ਲਈ ਜਦੋਂ ਦੋਵਾਂ ਹੱਥਾਂ ਨਾਲ ਤਾੜੀਆਂ ਮਾਰੀਆਂ ਤਾਂ ਇਸੇ ਦੌਰਾਨ ਜਾਨਵਰ ਨੇ ਸਿਰ ਘੁਮਾ ਕੇ ਉਸ ਵੱਲ ਦੇਖਿਆ ਤਾਂ ਕਿਸਾਨ ਘਬਰਾ ਗਿਆ ਕਿਉਂਕਿ ਇਹ ੀਰਾ ਬੰਨੀ ਦੀ ਆਈ ਚੀਤਾ ਸੀ।
ਮਨਜੀਤ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਪਿੰਡ ਪਰਤਿਆ ਤੇ ਇਸਦੀ ਸੂਚਨਾ ਪਿੰਡ ਦੀ ਪੰਚਾਇਤ ਨੂੰ ਦਿੱਤੀ ।ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਪਿੰਡ ਵਿੱਚ ਅਨਾਉਂਸਮੈਂਟ ਕਰਵਾ ਕੇ ਸਾਰਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ। ਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਇਸ ਸਬੰਧੀ ਸੰਬੰਧਿਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਸ਼ੇਰ ਦੇ ਪੈਰਾਂ ਦਾ ਸੁਰਾਗ ਅਤੇ ਹੋਰ ਜਾਣਕਾਰੀ ਹਾਸਲ ਕੀਤੀ। ਪਤਾ ਲੱਗਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਖੇਤਾਂ ਵਿੱਚ ਸ਼ੇਰ ਦੇ ਪੈਰਾਂ ਵਰਗੇ ਪੈਰ ਦੇ ਨਿਸ਼ਾਨ ਵੀ ਮਿਲੇ ਹਨ। ਪਰ ਵਨ ਵਿਭਾਗ ਦੇ ਅਧਿਕਾਰੀ ਸਚਿਨ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਇਹ ਜਾਪਦਾ ਹੈ ਜਿਵੇਂ ਇਹ ਕੋਈ ਜੰਗਲੀ ਬਿੱਲਾ ਹੈ।