ਦੀਨ ਦੁਖੀਆਂ ਦੇ ਦਰਦਾਂ ਦੀ ਦਾਰੂ ਬਣਿਆ ਬਠਿੰਡੇ ਦਾ ਨਰੇਸ਼ ਪਠਾਣੀਆ
- ਵਿਸ਼ਵ ਫਸਟ ਏਡ ਦਿਵਸ ਤੇ ਵਿਸ਼ੇਸ਼
ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ 2024: ਜਿਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਲੈਕਚਰਾਰ ਨਰੇਸ਼ ਪਠਾਣੀਆ ਨੇ ਆਪਣੇ ਨਾਲ ਵਾਪਰੀ ਇੱਕ ਦੁਖਦਾਇਕ ਘਟਨਾ ਤੋਂ ਬਾਅਦ ਆਪਣੀ ਜਿੰਦਗੀ ਲੋਕ ਸੇਵਾ ਦੇ ਅਜਿਹੀ ਲੇਖੇ ਲਾਈ ਜੋ ਹੁਣ ਇੱਕ ਮਿਸ਼ਨ ਬਣ ਗਈ ਹੈ। ਨਰੇਸ਼ ਪਠਾਣੀਆ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਹੈ, ਉਸ ’ਤੇ ਕਿਸੇ ਸਾਧਾਰਨ ਬੰਦੇ ਵੱਲੋਂ ਪੈਰ ਧਰਨ ਦੀ ਹਿੰਮਤ ਨਹੀਂ ਪੈਂਦੀ ਹੈ। ਪਤਾ ਨਹੀਂ ਉਹ ਕਿਸ ਮਿੱਟੀ ਦਾ ਬਣਿਆ ਹੈ ਕਿ ਲੋਕਾਂ ਦੇ ਦਰਦਾਂ ਦੀ ਦਾਰੂ ਬਣੇ ਬਗੈਰ ਨੀਂਦ ਹੀ ਨਹੀਂ ਆਉਂਦੀ ਹੈ। ਅੱਜ ਕੱਲ੍ਹ ਤਾਂ ਫਸਟ ਏਡ ਬਾਰੇ ਜਾਣਕਾਰੀ ਦੇਣਾ ਉਸ ਦਾ ਜਨੂੰਨ ਬਣ ਗਿਆ ਹੈ। ਨਰੇਸ਼ ਪਠਾਣੀਆ ਅੱਜ ਕੱਲ੍ਹ ਰੋਜਾਨਾ ਹੀ ਕਿਸੇ ਨਾ ਕਿਸੇ ਸਕੂਲ, ਕਾਲਜ ਜਾਂ ਫਿਰ ਰੈਡ ਕਰਾਸ ਭਵਨ ’ਚ ਪੀੜਤਾਂ ਨੂੰ ਮੁਢਲੀ ਸਹਾਇਤਾ ਮਹੱਈਆ ਕਰਵਾਉਣ ਦੇ ਨੁਕਤੇ ਦੱਸਦਾ ਨਜ਼ਰ ਆਉਂਦਾ ਹੈ।
ਕੋਈ ਸਮਾਂ ਸੀ ਜਦੋਂ ਪਠਾਣੀਆ ਆਮ ਨੌਜਵਾਨਾਂ ਵਰਗਾ ਗੱਭਰੂ ਸੀ ਜਿਸ ਦੀ ਜਿੰਦਗੀ ਪਿਤਾ ਨਾਲ ਅਚਾਨਕ ਵਾਪਰੇ ਇੱਕ ਹਾਦਸੇ ਨੇ ਬਦਲ ਕੇ ਰੱਖ ਦਿੱਤੀ। ਦਰਅਸਲ ਕਈ ਸਾਲ ਪਹਿਲਾਂ ਨਰੇਸ਼ ਪਠਾਣੀਆਂ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ੍ਹ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਜਿੰਨ੍ਹਾਂ ਨੂੰ ਗੰਭੀਰ ਅਵਸਥਾ ‘ਚ ਹਸਪਤਾਲ ਲਿਜਾਇਆ ਗਿਆ ਹੈ। ਜਦੋਂ ਉਹ ਹਸਪਤਾਲ ਪੁੱਜਾ ਤਾਂ ਉਸ ਨੇ ਦੇਖਿਆ ਕਿ ਡਾਕਟਰਾਂ ਵੱਲੋਂ ਉਸ ਦੇ ਪਿਤਾ ਨੂੰ ਬਨਾਉਟੀ ਸਾਹ ਦਿੱਤਾ ਜਾ ਰਿਹਾ ਹੈ ਜਿਸ ਨਾਲ ਦਿਲ ਦੀ ਧੜਕਣ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਵੀ ਨਰੇਸ਼ ਦੇ ਪਿਤਾ ਨੂੰ ਬਚਾਇਆ ਨਾਂ ਜਾ ਸਕਿਆ। ਡਾਕਟਰਾਂ ਨੇ ਦੱਸਿਆ ਕਿ ਜੇਕਰ ਵਕਤ ਰਹਿੰਦਿਆਂ ਇਹ ਜੀਵਨ ਰੱਖਿਅਕ ਵਿਧੀ (ਸੀ.ਪੀ.ਆਰ) ਦਿੱਤੀ ਹੁੰਦੀ ਤਾਂ ਉਸ ਦੇ ਪਿਤਾ ਦੀ ਜਿੰਦਗੀ ਬਚ ਸਕਦੀ ਸੀ।
ਨਰੇਸ਼ ਪਠਾਣੀਆਂ ਨੇ ਉਸ ਵਕਤ ਇਹ ਤਹੱਈਆ ਕਰ ਲਿਆ ਕਿ ਜੇਕਰ ਮੁਢਲੀ ਸਹਾਇਤਾ (ਫਸਟ ਏਡ) ਨਾਲ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਤਾਂ ਉਹ ਇਸ ਰਾਹ ਤੇ ਹੀ ਤੁਰੇਗਾ । ਆਪਣੇ ਪ੍ਰੀਵਾਰ ਨਾਲ ਵਾਪਰੇ ਇਸ ਭਾਣੇ ਦੇ ਬਾਵਜੂਦ ਉਸ ਨੇ ਖੁਦ ਨੂੰ ਸੰਭਾਲਿਆ ਅਤੇ ਇਸ ਸਬੰਧ ’ਚ ਪੂਰੀ ਪੜਚੋਲ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਵਕਤ ਰਹਿੰਦਿਆਂ ਮੁਢਲੀ ਸਹਾਇਤਾ ਨਾਂ ਮਿਲਣ ਕਾਰਨ ਨਿੱਤ ਦਿਨ ਵੱਡੀ ਪੱਧਰ ਤੇ ਜਿੰਦਗੀ ਰਾਹਾਂ ਵਿੱਚ ਹੀ ਬਿਰਖ ਹੋ ਰਹੀ ਹੈ। ਆਪਣਾ ਮਿਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਖੁਦ ਸਿਖਲਾਈ ਹਾਸਲ ਕੀਤੀ ਜਿਸ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਮੁਹਿੰਮ ਚਲਾਈ।ਇਸ ਦੌਰਾਨ ਉਹ ਹਫਤੇ ਦੇ ਪੰਜ ਦਿਨ ਡਿਊਟੀ ਦਿੰਦਾ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਪਿੰਡਾਂ ‘ਚ ਲੋਕਾਂ ਨੂੰ ਮੁਢਲੀ ਸਹਾਇਤਾ ਦੇ ਫਾਇਦੇ ਸਬੰਧੀ ਦੱਸਦਾ।
ਸਧਾਰਨ ਰੂਪ ’ਚ ਸ਼ੁਰੂ ਕੀਤੀ ਇਹ ਮੁਹਿੰਮ ਇੱਕ ਕਾਰਵਾਂ ਦਾ ਰੂਪ ਧਾਰਨ ਕਰ ਗਈ ਜੋ ਅੱਜ ਤੱਕ ਲਗਾਤਾਰ ਜਾਰੀ ਹੈ। ਹੁਣ ਤਾਂ ਨਰੇਸ਼ ਪਠਾਣੀਆ ਦਾ ਮੋਬਾਇਲ ਨੰਬਰ ਇੱਕ ਤਰਾਂ ਨਾਲ ਹੈਲਪਲਾਈਨ ਬਣ ਗਿਆ ਹੈ ਜਿਸ ਰਾਹੀਂ ਲੋਕ ਸਹਾਇਤਾ ਮੰਗਦੇ ਰਹਿੰਦੇ ਹਨ। ਖੁਦ ਨਰੇਸ਼ ਪਠਾਣੀਆ ਵੀ ਇਸ ਗੱਲੋਂ ਅਣਜਾਣ ਸੀ ਕਿ ਪੇਂਡੂ ਲੋਕਾਂ ਨੂੰ ਫਸਟ ਏਡ ਸਿਖਾਉਣ ਦੀ ਮੁਹਿੰਮ ਇੱਕ ਸਮਾਜਿਕ ਤਬਦੀਲੀ ਦੀ ਤਰਾਂ ਸਾਹਮਣੇ ਆਏਗੀ। ਹੁਣ ਤਾਂ ਉਸ ਨੂੰ ਖੁਦ ਵੀ ਯਾਦ ਨਹੀਂ ਕਿ ਉਹ ਕਿੰਨੇ ਲੋਕਾਂ ਨੂੰ ਮੁਢਲੀ ਸਹਾਇਤਾ ਦੀ ਸਿਖਲਾਈ ਦੇ ਚੁੱਕਿਆ ਹੈ। ਨਰੇਸ਼ ਪਠਾਣੀਆ ਨੇ ‘ਫਸਟ ਏਡ ਫਸਟ’ ਨਾ ਦੀ ਕਿਤਾਬ ਵੀ ਲਿਖੀ ਹੈ। ਭਾਰਤ ਸਰਕਾਰ ਦੇ ਕੁਦਰਤੀ ਗੈਸ ਅਤੇ ਪੈਟਰੋਲੀਅਮ ਮੰਤਰਾਲੇ ਵੱਲੋਂ ਪਠਾਣੀਆਂ ਨੂੰ ਕੌਮੀ ਪੱਧਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਾਨ ਬਚਾਕੇ ਦੱਸਦੇ ਨੇ ਲੋਕ
ਨਰੇਸ਼ ਪਠਾਣੀਆ ਨੇ ਦੱਸਿਆ ਕਿ ਪਹਿਲਾਂ ਸੜਕ ਹਾਦਸਾ ਵਾਪਰਨ ਦੀ ਸੂਰਤ ‘ਚ ਲੋਕ ਪੁਲਿਸ ਦੇ ਝਮੇਲੇ ’ਚ ਫਸਣ ਦੇ ਡਰੋਂ ਜਖਮੀ ਨੂੰ ਹਸਪਤਾਲ ਲਿਜਾਉਣ ਤੋਂ ਝਿਜਕਦੇ ਸਨ ਪਰ ਹੁਣ ਚੇਤਨਾ ਮੁਹਿੰਮ ਕਾਰਨ ਅਜਿਹਾ ਨਹੀਂ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਤਾਂ ਲੋਕ ਮੁਢਲੀ ਸਹਾਇਤਾ ਦੇਣ ਮਗਰੋਂ ਪੀੜਤ ਨੂੰ ਹਸਪਤਾਲ ਲਿਜਾਕੇ ਉਸ ਨੂੰ ਫੋਨ ਕਰਕੇ ਇਸ ਬਾਰੇ ਬੜੇ ਮਾਣ ਨਾਲ ਦੱਸਦੇ ਵੀ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਕਈ ਮਾਮਲੇ ਏਦਾਂ ਦੇ ਆਉਂਦੇ ਹਨ ਜਿੰਨ੍ਹਾਂ ’ਚ ਲੋਕ ਕਿਸੇ ਦੀ ਜਾਨ ਬਚਾਉਣ ਦੀ ਖੁਸ਼ੀ ਸਾਂਝੀ ਕਰਦੇ ਹਨ। ਨਰੇਸ਼ ਪਠਾਣੀਆ ਆਖਦਾ ਹੈ ਕਿ ਜੇਕਰ ਹਰ ਵਿਅਕਤੀ ਫਸਟ ਏਡ ਦੀ ਸਿਖਲਾਈ ਹਾਸਲ ਕਰਕੇ ਇਸ ਦੀ ਵਰਤੋਂ ਢੁੱਕਵੀਂ ਸਹਾਇਤਾ ਲਈ ਕੀਤੀ ਜਾਏ ਤਾਂ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਜੀਵਨਦਾਨ ਦਿੱਤਾ ਜਾ ਸਕਦਾ ਹੈ।
ਮੁਹਿੰਮ ਰਹੇਗੀ ਜੰਗ-ਨਰੇਸ਼ ਪਠਾਣੀਆ
ਫਸਟ ਏਡ ਟਰੇਨਰ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਉਸ ਨੇ ਆਖਰੀ ਸਾਹਾਂ ਤੱਕ ਇਹ ਮੁਹਿੰਮ ਜਾਰੀ ਰੱਖਣ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਇੱਛਾ ਹੈ ਕਿ ਇਸ ਜੰਗ ਨੂੰ ਸਾਂਭਣ ਵਾਲਿਆਂ ਦੀ ਫੌਜ ਖੜ੍ਹੀ ਹੋਵੇ ਤਾਂ ਜੋ ਮੁਢਲਾ ਸਹਾਇਤਾ ਬਾਝੋਂ ਕਿਸੇ ਨੂੰ ਇਹ ਰੰਗਲੀ ਦੁਨੀਆਂ ਛੱਡਣੀ ਨਾਂ ਪਵੇ।
ਫਸਟ ਏਡ ਦਾ ਸਿਰਨਾਵਾਂ ‘ਪਠਾਣੀਆ’
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਮੁਢਲੀ ਸਹਾਇਤਾ ਦੀ ਸਿਖਲਾਈ ਨਰੇਸ਼ ਪਠਾਣੀਆਂ ਸਿਰਨਾਵਾਂ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦੇ ਸੜਕਾਂ ਤੇ ਹਾਲਾਤ ਹਨ ਉਨ੍ਹਾਂ ਖਿਲਾਫ ਸਿਰਫ ਪਠਾਣੀਆਂ ਨੂੰ ਹੀ ਨਹੀਂ ਬਲਕਿ ਹਰ ਕਿਸੇ ਨੂੰ ਇਸ ਮੁਹਿੰਮ ’ਚ ਕੁੱਦਣਾ ਪਵੇਗਾ।