ਪੰਜਾਬ ਸਰਕਾਰ ਨੇ ਡੱਲਾ ਪਿੰਡ 'ਚ ਖੋਲ੍ਹਿਆ ਪਹਿਲਾ 'ਨਸ਼ਾ ਭਜਾਉ ਕੇਂਦਰ'
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ।ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਡੱਲਾ ਵਿਖੇ ਪਹਿਲਾ ਨਸ਼ਾ ਭਜਾਉ ਕੇਂਦਰ ਖੋਲਿਆ ਗਿਆ । ਦੱਸ ਦਈਏ ਕਿ ਇਹ ਨਸ਼ਾ ਭਜਾਉ ਕੇਂਦਰ ਨੂੰ ਖੇਡ ਮੈਦਾਨ ਦਾ ਰੂਪ ਦਿੱਤਾ ਗਿਆ ਹੈ । ਪਿੰਡ ਡੱਲਾ ਵਿਖੇ ਮੰਡੀ ਦੇ ਸੈਡ ਦੇ ਨੀਚੇ ਡੇਢ ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ । ਜਿਸ ਵਿੱਚ ਅੱਜ ਬਾਸਕਟਬਾਲ ਅਤੇ ਟੈਨਿਸ ਦੇ ਮੁਕਾਬਲੇ ਕਰਵਾਏ ਗਏ ।
ਇਸ ਮੌਕੇ ਪਹਿਲੇ ਨਸ਼ਾ ਭੁਜਾਉ ਕੇਂਦਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਕੀਤਾ ਗਿਆ । ਉਹਨਾਂ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਪਹਿਲ ਕਦਮੀ ਲਈ ਉਹਨਾਂ ਦੀ ਸ਼ਲਾਘਾ ਕੀਤੀ ।ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਇੱਕ ਖਿਡਾਰੀ ਹੀ ਕਰ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਇਸ ਨਾਲ ਸਾਡੀ ਮੰਡੀ ਵੀ ਸੁਚਾਰੂ ਢੰਗ ਨਾਲ ਚੱਲੇਗੀ ਅਤੇ ਇਹ ਖੇਡ ਮੈਦਾਨ ਵੀ ਨੌਜਵਾਨਾਂ ਦੇ ਕੰਮ ਆਵੇਗਾ ਅਤੇ ਇਸ ਨਾਲ ਦੋਹਰਾ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਸਾਡੇ ਵੱਲੋਂ ਪੰਜਾਬ ਦੀਆਂ ਹੋਰ ਮੰਡੀਆਂ ਚ ਵੀ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਸੌਂਪੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਸੁਲਤਾਨਪੁਰ ਲੋਧੀ ਪਹੁੰਚਣ ਦੇ ਧੰਨਵਾਦ ਵੀ ਕੀਤਾ । ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਹਲਕੇ ਚ ਹੋਰ ਵੀ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਤਾਂ ਜੋ ਕਿ ਨੌਜਵਾਨ ਪੀੜੀ ਖੇਡਾਂ ਵੱਲ ਆਪਣਾ ਰੁਝਾਨ ਵਧਾਵੇ । ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇ। ਉਹਨਾਂ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਗਰਾਊਂਡਾਂ ਵਿੱਚੋਂ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਪੰਜਾਬ ਪੁਲਿਸ ਅਤੇ ਲੁਧਿਆਣਾ ਅਕੈਡਮੀ ਦੇ ਦਰਮਿਆਨ ਬਾਸਕਿਟਬਾਲ ਦਾ ਰੋਮਾਂਚਕ ਮੁਕਾਬਲਾ ਹੋਇਆ ਜਿਸ ਵਿੱਚ ਲੁਧਿਆਣਾ ਅਕੈਡਮੀ ਵਿਜੇਤਾ ਰਹੀ।