ਲਾਲ ਚੰਦ ਕਟਾਰੂਚੱਕ ਨੇ ਸਰਨਾ ਤੋਂ ਭੀਮਪੁਰ ਰੋਡ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
15.15 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ 12 ਕਿਲੋਮੀਟਰ ਰੋਡ ਦਾ ਨਿਰਮਾਣ
ਕਰੀਬ 20 ਸਾਲ ਦੇ ਇੰਤਜਾਰ ਤੋਂ ਬਾਅਦ ਕੀਤਾ ਜਾ ਰਿਹਾ ਸੜਕ ਦਾ ਨਿਰਮਾਣ, 35-40 ਪਿੰਡਾਂ ਨੂੰ ਹੋਵੇਗਾ ਇਸ ਦਾ ਲਾਭ-ਸ੍ਰੀ ਲਾਲ ਚੰਦ ਕਟਾਰੂਚੱਕ
ਪਠਾਨਕੋਟ, 16 ਸਤੰਬਰ 2024: ਵਿਧਾਨ ਸਭਾ ਹਲਕਾ ਭੋਆ ਦੇ ਸਰਨਾਂ ਤੋਂ ਵਾਇਆ ਫਰੀਦਾਨਗਰ ਭੀਮਪੁਰ ਜਾਣ ਵਾਲੇ ਮਾਰਗ ਦਾ ਅੱਜ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸ ਰੋਡ ’ਤੇ ਕਰੀਬ 15.15 ਕਰੋੜ ਰੁਪਏ ਦੀ ਲਾਗਤ ਨਾਲ ਰੋਡ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਦਾ ਸਿੱਧੇ ਤੌਰ ’ਤੇ ਕਰੀਬ 35-40 ਪਿੰਡਾਂ ਨੂੰ ਲਾਭ ਹੋਵੇਗਾ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਫਰੀਦਾਨਗਰ ਨਜ਼ਦੀਕ ਸਰਨਾ ਤੋਂ ਭੀਮਪੁਰ ਜਾਣ ਵਾਲੇ ਮਾਰਗ ਦੇ ਨਿਰਮਾਣ ਕਾਰਜ ਦਾ ਸ਼ੁਭਆਰੰਭ ਕਰਨ ਮਗਰੋਂ ਕੀਤਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਨਰੇਸ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ, ਬਲਦੇਵ ਸਿੰਘ, ਸਰਪੰਚ ਬਲਜੀਤ ਕੌਰ, ਜਗਤਾਰ ਸਿੰਘ, ਰਜਿੰਦਰ ਸਿੰਘ, ਸਤੀਸ਼ ਕੁਮਾਰ, ਕੁਲਜੀਤ ਸਿੰਘ, ਸੰਸਾਰ ਸਿੰਘ, ਜਸਵਿੰਦਰ ਸਿੰਘ ਜੱਗੀ, ਭੁਪਿੰਦਰ ਸਿੰਘ, ਅੰਕਿਤ ਚੋਧਰੀ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਕਰੋੜਾਂ ਰੁਪਏ ਦੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਵੱਲੋਂ ਕਰੀਬ 1 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਨਰੋਟ ਮਹਿਰਾ ਵਿਖੇ ਵਾਟਰ ਸਪਲਾਈ ਦੇ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਸਰਨਾ ਤੋਂ ਵਾਇਆ ਫਰੀਦਾਨਗਰ ਹੋ ਕੇ ਭੀਮਪੁਰ ਨੂੰ ਜਾਣ ਵਾਲੀ ਸੜਕ ਜੋ ਕਿ ਕਾਫੀ ਖਸਤਾ ਹਾਲਤ ਸੀ ਅਤੇ ਪਿਛਲੇ ਕਰੀਬ 20 ਸਾਲ ਪਹਿਲਾ ਬਣਾਈ ਗਈ ਸੀ, ਜੋ ਬਹੁਤ ਹੀ ਜਲਦੀ ਟੁੱਟ ਗਈ ਸੀ, ਇਸ ਮਗਰੋਂ ਹੁਣ ਇਸ ਮਾਰਗ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ 12 ਕਿਲੋਮੀਟਰ ਲੰਮੀ ਸੜਕ ਚੋਂ 2 ਕਿਲੋਮੀਟਰ ਕੰਕਰੀਟ ਅਤੇ 10 ਕਿਲੋਮੀਟਰ ਪ੍ਰੀਮਿਕਸ ਵਾਲੀ ਸੜਕ , ਜਿਸ ਦੀ ਚੋੜਾਈ ਕਰੀਬ 12.5 ਫੁੱਟ ਹੋਵੇਗੀ ਜਿਸ ਦਾ ਨਿਰਮਾਣ ਕਾਰਜ ਅੱਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਹੋਣ ਤੋਂ ਬਾਅਦ ਕਰੀਬ 35-40 ਪਿੰਡਾਂ ਨੂੰ ਇਸ ਦਾ ਲਾਭ ਹੋਵੇਗਾ।
ਇਸ ਮੌਕੇ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਫਰੀਦਾਨਗਰ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਜਲਦੀ ਹੀ ਹੱਲ ਕੀਤਾ ਜਾਵੇਗਾ।