ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ 17 ਸਤੰਬਰ ਨੂੰ
ਰੂਪਨਗਰ, 16 ਸਤੰਬਰ, 2024: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅਗਲਾ ਕੈਂਪ ਅੱਜ 17 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 3 ਕੰਪਨੀਆਂ ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਅਤੇ ਮੈਟਲੋਨਿਕਸ ਭਾਗ ਲੈਣਗੀਆਂ।
ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਐਕਸਿਸ ਬੈਂਕ ਵੱਲੋਂ ਬਿਜਨਸ ਡਿਵੈਲਪਮੈਂਟ ਐਗਜ਼ੀਕਿਊਟਿਵ (ਆਨ ਰੋਲ) ਦੀਆਂ ਅਸਾਮੀਆਂ ਲਈ ਗ੍ਰੇਜ਼ੂਏਸ਼ਨ ਅਤੇ ਪੋਸਟਗ੍ਰੈਜੂਏਸ਼ਨ ਪਾਸ 18 ਤੋਂ 28 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 2.24 ਲੱਖ ਰੁਪਏ ਸਲਾਨਾ ਪੈਕੇਜ਼ ਮਿਲੇਗਾ। ਇਸ ਅਸਾਮੀ ਲਈ ਨੌਕਰੀ ਦਾ ਸਥਾਨ ਰੂਪਨਗਰ, ਮੋਹਾਲੀ ਅਤੇ ਚੰਡੀਗੜ੍ਹ ਹੋਵੇਗਾ।
ਸਵਰਾਜ਼ ਮਾਜਦਾ ਇਸੂਜੂ ਕੰਪਨੀ ਵੱਲੋਂ ਫੀਲਡ ਇੰਸਪੈਕਟਰ-ਕਮ-ਅਸਿਸਟੈਂਟ ਸਕਿਓਰਿਟੀ ਅਫਸਰ ਦੀਆਂ ਅਸਾਮੀਆਂ ਲਈ ਬਾਰਵੀਂ ਪਾਸ ਸਾਬਕਾ ਫੌਜੀ ਅਤੇ 3 ਸਾਲ ਦਾ ਫੀਲਡ ਅਫਸਰ ਦਾ ਤਜ਼ਰਬਾ, ਉਮਰ 30 ਤੋਂ 45 ਸਾਲ ਦੀ ਮੰਗ ਕੀਤੀ ਗਈ ਹੈ, ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 22000 ਰੁਪਏ ਤਨਖਾਹ ਮਿਲੇਗੀ। ਸੁਪਰਵਾਈਜ਼ਰ (ਐਕਸ ਸਰਵਿਸਮੈਨ) ਦੀ ਅਸਾਮੀ ਲਈ 18 ਤੋਂ 45 ਸਾਲ ਦੇ ਸਾਬਕਾ ਫੌਜੀਆਂ ਦੀ ਇੰਟਰਵਿਊ ਹੋਵੇਗੀ। ਇਸ ਅਸਾਮੀ ਦੀ ਤਨਖਾਹ 12,231 ਰੁਪਏ ਮਹੀਨਾ ਹੈ। ਸੁਪਰਵਾਈਜ਼ਰ ਸਿਵਲ ਦੀ ਅਸਾਮੀ ਲਈ ਬਾਰਵੀਂ ਪਾਸ ਅਤੇ 3 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ ਅਤੇ ਫਾਇਰੈਮਨ ਦੀ ਅਸਾਮੀ ਲਈ ਡਿਪਲੋਮਾ ਫਾਇਰਮੈਨ ਅਤੇ 1 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ। ਇਸ ਅਸਾਮੀ ਤੇ 11,419/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਮੈਟਲੋਨਿਕਸ ਕੰਪਨੀ ਵੱਲੋਂ ਮਿਗ ਵੈਲਡਰ, ਫਿਟਰ, ਗਰਾਂਈਡਰ ਦੀਆਂ ਅਸਾਮੀਆਂ ਲਈ ਆਈ.ਟੀ.ਆਈ/ਡਿਪਲੋਮੇ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ 18 ਤੋਂ 35 ਸਾਲ ਹੈ ਅਤੇ ਨੌਕਰੀ ਦਾ ਸਥਾਨ ਕੁਰਾਲੀ ਹੈ। ਮਿਗ ਵੈਲਡਰ ਦੀ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 16000 ਤੋਂ 18000 ਰੁਪਏ ਪ੍ਰਤੀ ਮਹੀਨਾ, ਫਿਟਰ ਦੀ ਅਸਾਮੀ ਤੇ 15000 ਤੋਂ 18000 ਰੁਪਏ ਪ੍ਰਤੀ ਮਹੀਨਾ ਅਤੇ ਗਰਾਂਈਡਰ ਦੀ ਅਸਾਮੀ ਤੇ 11000 ਤੋਂ 13000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਬਾਇਓ ਡਾਟਾ ਸਮੇਤ ਪਹੁੰਚ ਕੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 8557010066 ’ਤੇ ਸੰਪਰਕ ਕਰ ਸਕਦੇ ਹੋ।
ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਤਹਿਤ ਸਰਕਾਰ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਜੇਕਰ ਕੋਈ ਉਮੀਦਵਾਰ ਸਰਕਾਰ ਦੀਆਂ ਮੁਫ਼ਤ ਹੁਨਰ ਵਿਕਾਸ ਟ੍ਰੇਨਿੰਗ ਸਕੀਮਾਂ ਦਾ ਲਾਭ ਲੈਣ ਦਾ ਚਾਹਵਾਨ ਹੈ ਤਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ।